ਏਹੋ ਹਮਾਰਾ ਜੀਵਣਾਂ
ਮੁਨਸਫ ਅੰਨ੍ਹਾ ਹਾਕਮ ਬੋਲਾ ਕਿਥੇ ਕੋਈ ਫਰਿਆਦ ਕਰੇ, ਓਹੀਓ ਜਿੰਦ ਦੇ ਵੈਰੀ ਹੋਏ, ਜਿਹਨਾਂ ਖਾਤਿਰ ਰੋਜ਼ ਮਰੇ
ਦਿੱਲੀ ਵਿਚ ਸਿੱਖ ਅਤੇ ਬਾਲਮੀਕ ਭਾਈਚਾਰੇ ਭਿੜ ਗਏ
ਨਿੱਕੀ ਜਹੀ ਚੰਗਾਰੀ ਨੇ ਲਾਂਬੂ ਲਾ ਦਿੱਤੇ
ਸਰਕਾਰੀ ਇਨਸਾਫ ਦਾ ਤਰਾਜ਼ੂ ਫਿਰ ਡੋਲਿਆ
ਪੰਦਰਾਂ ਅਗਸਤ ਦਾ ਦਿਨ ਭਾਰਤ ਦੀ ਅਜ਼ਾਦੀ ਦੇ ਦਿਨ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਜਿਥੇ ਭਾਰਤ ਵਿਚ ਇਹ ਦਿਨ ਰਾਜਨੀਤਕ ਤੌਰ ‘ਤੇ ਜਸ਼ਨਾਂ ਦਾ ਦਿਨ ਹੁੰਦਾ ਹੈ ਉਥੇ ਭਾਰਤ ਤੋਂ ਬਾਹਰ ਵਸਦੇ ਸਿੱਖ ਇਸ ਦਿਨ ਨੂੰ ਕਾਲੇ ਦਿਨ ਵਜੋਂ ਜਾਂ ਗੁਲਾਮੀ ਦੇ ਦਿਨ ਵਜੋਂ ਮਨਾਉਂਦੇ ਹਨ। ਇਸ ਵਾਰ ਇਹ ਪੰਦਰਾਂ ਅਗਸਤ ਦਾ ਦਿਨ ਸਿੱਖ ਭਾਈਚਾਰੇ ਦੇ ਜ਼ਖਮਾਂ ਤੇ ਨਮਕ ਛਿੜਕਣ ਵਾਲਾ ਉਸ ਵੇਲੇ ਬਣ ਗਿਆ ਜਦੋਂ ਕਿ ਦਿੱਲੀ ਵਿਚ ਸਿੱਖਾਂ ਅਤੇ ਬਾਲਮੀਕੀਆਂ ਵਿਚਕਾਰ ਦੰਗਾ ਭੜਕ ਪਿਆ। ਇਸ ਖਬਰ ਨਾਲ ਸਿੱਖਾਂ ਵਿਚ ਤਹਿਲਕਾ ਮਚਣਾਂ ਕੁਦਰਤੀ ਸੀ। ਇਸ ਟਕਰਾ ਵਿਚ ਚਾਲੀ ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ ਜਿਹਨਾਂ ਵਿਚ ਬਹੁਤੇ ਸਿੱਖ ਸਨ ਅਤੇ ਅਨੇਕਾਂ ਗੱਡੀਆਂ ਸਾੜ ਕੇ ਸਵਾਹ ਕਰ ਦਿੱਤੀਆਂ ਗਈਆਂ। ਕਿਹਾ ਜਾਂਦਾ ਹੈ ਕਿ ਸੰਨ ਚੁਰਾਸੀ ਵਾਂਗ ਹੀ ਪੁਲਿਸ ਨੇ ਇਸ ਵਾਰ ਫਿਰ ਇੱਕ ਪਾਸੜ ਸਿੱਖ ਵਿਰੋਧੀ ਰਵੱਈਆ ਇਖਤਿਆਰ ਕੀਤਾ ਅਤੇ ਸਿੱਖਾਂ ਨੂੰ ਗੋਲੀਆਂ ਦਾ ਨਿਸ਼ਾਨਾਂ ਬਣਾਇਆ ਜਦ ਕਿ ਪੁਲਿਸ ਸ਼ਰੇਆਮ ਇਸ ਤੋਂ ਮੁਨਕਰ ਹੁੰਦੀ ਰਹੀ। ਕਿਹਾ ਜਾਂਦਾ ਹੈ ਕਿ ਇਸ ਦੰਗੇ ਦਾ ਕਾਰਨ ਮੋਟਰਸਾਈਕਲ ਵਾਲੇ ਮੁੰਡਿਆਂ ਜਾਂ ਪਤੰਗ ਬਾਜੀ ਕਰਨ ਵਾਲੇ ਬੱਚਿਆਂ ਤੋਂ ਬੱਝਾ। ਕੁਝ ਕੁ ਸਿੱਖ ਆਗੂਆਂ ਦਾ ਇਹ ਵੀ ਖਿਆਲ ਹੈ ਕਿ ਇਹ ਦੰਗਾ ਭੜਕਿਆ ਨਹੀਂ ਸਗੋਂ ਸਾਜਸ਼ੀ ਤਰੀਕੇ ਨਾਲ ਭੜਕਾਇਆ ਗਿਆ ਹੈ। ਇਸ ਤੱਥ ਮਗਰ ਤਰਕ ਇਹ ਹੈ ਕਿ ਇਸ ਵਾਰ ਤਿਲਕ ਵਿਹਾਰ ਦੇ ਅਮਰੀਕਾ ਰਹਿੰਦੇ ਸ: ਮੁਹਿੰਦਰ ਸਿੰਘ ਦੇ ਘਰ ਤੇ ਗਿਣ ਮਿਥ ਕੇ ਹਮਲਾ ਕੀਤਾ ਗਿਆ ਹੈ। ਇਹ ਸ: ਮੁਹਿੰਦਰ ਸਿੰਘ ਉਹ ਸਿੱਖ ਹੈ ਜਿਸ ਦਾ ਕੇਸ ਕਾਂਗਰਸੀ ਆਗੂਆਂ ਖਿਲਾਫ ਅਮਰੀਕਾ ਵਿਚ ਚੱਲ ਰਿਹਾ ਹੈ। ਇਹਨਾਂ ਦੰਗਿਆਂ ਵਿਚ ਸ: ਮੁਹਿੰਦਰ ਸਿੰਘ ਦੇ ਘਰ ਤੇ ਪਥਰਾ ਕੀਤਾ ਗਿਆ ਅਤੇ ਉਸ ਦੀਆਂ ਗੱਡੀਆਂ ਨੂੰ ਸਾੜਿਆ ਗਿਆ ਹੈ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਸ: ਕਰਨੈਲ ਸਿੰਘ ਪੀਰ ਮੁਹੰਮਦ ਅਤੇ ਦਲ ਖਾਲਸਾ ਦੇ ਆਗੂਆਂ ਦਾ ਖਿਆਲ ਹੈ ਕਿ ਇਹ ਕੋਈ ਮਜ਼ਹਬੀ ਦੰਗੇ ਨਹੀਂ ਸਨ ਸਗੋਂ ਕਾਂਗਰਸੀ ਆਗੂਆਂ ਵਲੋਂ ਸਿੱਖਾਂ ਨੂੰ ਗਿਣ ਮਿਥ ਕੇ ਨਿਸ਼ਾਨਾਂ ਬਣਾਇਆ ਗਿਆ ਹੈ। ਇਹਨਾਂ ਆਗੂਆਂ ਮੁਤਾਬਿਕ ਸਿੱਖਾਂ ਖਿਲਾਫ ਭੜਕਾਈ ਭੀੜ ਦੀ ਅਗਵਾਈ ਕਾਂਗਰਸ ਦੇ ਸੱਤਿਆ ਨਰਾਇਣ , ਪੰਕਜ ਅਤੇ ਦੀਪਕ ਟੈਂਟ ਵਾਲਾ ਕਰ ਰਹੇ ਸਨ। ਭਾਰਤ ਵਿਚ ਰਾਜਸੀ ਲੋਕਾਂ ਦੇ ਜ਼ੁਰਮਾਂ ‘ਤੇ ਪਰਦਾ ਪੋਸ਼ੀ ਕਰਨ ਲਈ ਅਕਸਰ ਹੀ ਪੁਲਿਸ ਅਤੇ ਪ੍ਰਸ਼ਾਸਨ ਇਸ ਤਰਾਂ ਦੀਆਂ ਸਾਜਸ਼ਾਂ ਨੂੰ ਫਿਰਕੂ ਰੰਗਤ ਦਿੰਦੇ ਹਨ। ਚੇਤੇ ਰਹੇ ਕਿ ਸ: ਮੁਹਿੰਦਰ ਸਿੰਘ ਨੇ ਅਮਰੀਕਾ ਵਿਖੇ ਨਿਊਯੋਰਕ ਦੀ ਫੈਡਰਲ ਕੋਰਟ ਵਿਚ ਕਾਂਗਰਸੀ ਆਗੂਆਂ ਖਿਲਾਫ ਸੰਨ ਚੁਰਾਸੀ ਦੇ ਸਿੱਖ ਕਤਲੇਆਮ ਸਬੰਧੀ ਮੁਕੱਦਮਾਂ ਕੀਤਾ ਹੋਇਆ ਹੈ। ਉਕਤ ਆਗੂਆਂ ਮੁਤਾਬਿਕ ਸ: ਮੁਹਿੰਦਰ ਸਿੰਘ ਦੇ ਮਨੋਬਲ ਨੂੰ ਤੋੜਨ ਲਈ ਹੀ ਇਹ ਸਾਜਿਸ਼ ਕਾਂਗਰਸੀ ਆਗੂਆਂ ਵਲੋਂ ਰਚੀ ਗਈ ਹੈ।
ਹਮੇਸ਼ਾਂ ਵਾਂਗ ਹੀ ਸਰਕਾਰ ਇਸ ਟਕਰਾ ਦੀ ਜਾਂਚ ਵਾਸਤੇ ਕੋਈ ਕਮਿਸ਼ਨ ਮੁਕੱਰਰ ਕਰੇਗੀ ਕੋ ਕਿ ਖਾਨਾਂ ਪੂਰੀ ਕਰਕੇ ਹੌਲੀ ਹੌਲੀ ਖਤਮ ਹੋ ਜਾਣਗੇ। ਭਾਰਤ ਵਰਗੇ ਦੇਸ਼ ਵਿਚ ਪੁਲਿਸ ਅਤੇ ਪ੍ਰਸ਼ਾਸਨ ਦੇ ਖਿਲਾਫ ਕੋਈ ਵੀ ਜਾਂਚ ਨੇਪਰੇ ਨਹੀਂ ਚੜ੍ਹਦੀ। ਇਸ ਦੀ ਤਾਜਾ ਮਿਸਾਲ ਲੁਧਿਆਣਾਂ ਜ਼ਿਲੇ ਦੇ ਪਿੰਡ ਸਿਆੜ ਦੀ ਇੱਕ ਪੰਜਾਬਣ ਬੀਬੀ ਜਗਜੀਤ ਕੌਰ ਦੀ ਹੈ ਜੋ ਕਿ ਇੱਕ ਸੀਨੀਅਰ ਪੁਲਿਸ ਅਧਿਕਾਰੀ ਐਸ ਐਸ ਪੀ ਨੌਨਿਹਾਲ ਸਿੰਘ ਦੇ ਖਿਲਾਫ 16 ਜੂਨ 2010 ਤੋਂ ਕੇਸ ਲੜ ਰਹੀ ਹੈ। ਜਗਜੀਤ ਕੌਰ ਅਨੁਸਾਰ ਜਦੋਂ ਉਹ ਐੱਸ.ਐੱਸ.ਪੀ. ਸੰਗਰੂਰ ਦੇ ਦਫਤਰ 'ਚ ਇੱਕ ਵਿਅਕਤੀ ਦੇ ਖਿਲਾਫ ਪੈਸਿਆਂ ਦੀ ਠੱਗੀ ਬਾਰੇ ਸ਼ਿਕਾਇਤ ਕਰਨ ਗਈ ਤਾਂ ਨੌਨਿਹਾਲ ਸਿੰਘ ਜੋ ਸੰਗਰੂਰ ਦਾ ਐੱਸ.ਐੱਸ.ਪੀ ਸੀ, ਉਸ ਨਾਲ ਬੁਰਾ ਵਰਤਾਓ ਕੀਤਾ ਅਤੇ ਮਾਰ-ਕੁੱਟ ਵੀ ਕੀਤੀ। ਇਸ ਬੀਬੀ ਨੂੰ ਇਸ ਪੁਲਸੀਏ ਨੇ ਕਥਿਤ ਤੌਰ ਯੌਨ ਸ਼ੋਸ਼ਣ, ਮਾਨਸਕ ਸ਼ੋਸ਼ਣ ਅਤੇ ਬਲੈਕਮੇਲਿੰਗ ਦਾ ਸ਼ਿਕਾਰ ਬਣਾਇਆ । ਪਿਛਲੇ ਤਿੰਨ ਸਾਲ ਤੋਂ ਇਸ ਬੀਬੀ ਨੇ ਪੰਜਾਬ ਹਿਊਮਨ ਰਾਈਟਸ ਕਮਿਸ਼ਨ, ਵਿਮਨ ਕਮਿਸ਼ਨ ਦੇ ਦਰ ਖੜਕਾਉਣ ਦੇ ਨਾਲ ਨਾਲ ਪੰਜਾਬ ਹਾਈਕੋਰਟ ਅਤੇ ਦਿੱਲੀ ਸੁਪਰੀਮ ਕੋਰਟ ਦੇ ਦਰ ਖੜਕਾਏ ਪਰ ਉਸ ਨੂੰ ਇਨਸਾਫ ਨਹੀਂ ਮਿਲਿਆ ਅਤੇ ਹੁਣ ਉਹ ਦਿੱਲੀ ਜੰਤਰ ਮੰਤਰ ਤੇ ਪਿਛਲੇ ਛੇ ਮਹੀਨਿਆਂ ਤੋਂ ਧਰਨੇ ਤੇ ਬੈਠੀ ਹੈ। ਇੱਕ ਵਾਰ ਤਾਂ ਉਸ ਨੇ 27 ਦਿਨ ਭੁੱਖ ਹੜਤਾਲ ਵੀ ਰੱਖੀ ਜੋ ਕਿ ਸਿੱਖ ਆਗੂਆਂ ਦੀ ਸਾਲਸੀ ਨਾਲ ਤੁੜਵਾ ਦਿੱਤੀ ਗਈ ਪਰ ਇਨਸਾਫ ਤਾਂ ਵੀ ਨਾਂ ਮਿਲਿਆ। ਪੁਲਸ ਰਾਜ ਅਤੇ ਧੱਕੇ ਅੱਗੇ ਪੰਜਾਬ ਦੀ ਬਾਦਲ ਸਰਕਾਰ ਅਤੇ ਕੇਂਦਰ ਦੀ ਮਨਮੋਹਨ ਸਿੰਘ ਦੀ ਸਰਕਾਰ ਨਿਪੁੰਸਕ ਹੋਈ ਪਈ ਹੈ। ਇਸ ਬੀਬੀ ਨੇ ਕੈਮਰੇ ਅੱਗੇ ਸ਼ਰੇਆਮ ਕਿਹਾ ਹੈ ਕਿ ਅਗਰ ਉਸ ਨੂੰ ਭਾਰਤੀ ਪ੍ਰਬੰਧ ਤੋਂ ਇਨਸਾਫ ਨਾਂ ਮਿਲਿਆ ਤਾਂ ਉਹ ਅੱਤਵਾਦੀ ਬਣੇਗੀ ਅਤੇ ਆਪਣੇ ਦੁਸ਼ਮਣਾਂ ਨੂੰ ਜਿਊਂਦਿਆਂ ਅੱਗ ਲਾ ਕੇ ਸਾੜ ਦਏਗੀ ਜਿਹਨਾਂ ਨੇ ਕਿ ਉਸ ਦੀ ਜ਼ਿੰਦਗੀ ਬਰਬਾਦ ਕੀਤੀ ਹੈ।
ਇਹ ਇੱਕੋ ਮਿਸਾਲ ਭਾਰਤ ਵਿਚ ਸਿੱਖ ਅਤੇ ਹੋਰ ਘੱਟਗਿਣਤੀਆਂ ਦੇ ਦੁਖਾਂਤ ਨੂੰ ਮੂਰਤੀਮਾਨ ਕਰਦੀ ਹੈ। ਭਾਵੇਂ ਗੱਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਹੋਵੇ, ਜਨਰਲ ਸੁਬੇਗ ਸਿੰਘ ਦੀ ਜਾਂ ਬਿਅੰਤ ਸਿੰਘ ਸਤਵੰਤ ਸਿੰਘ ਦੀ ਹੋਵੇ; ਸਮਾਜ ਦਾ ਦੁਖਾਇਆ ਮਨੁੱਖ ਬਾਗੀ ਹੁੰਦਾ ਹੋਇਆ ਖਾੜਕੂ ਬਣ ਜਾਂਦਾ ਹੈ ਅਤੇ ਉਸ ਨੂੰ ਮਾਰਨ ਲਈ ਦੁਨੀਆਂ ਦੀ ਚੌਥੀ ਵੱਡੀ ਫੌਜੀ ਤਾਕਤ ਦਾ ਤੰਤਰ ਕੁਝ ਇਸ ਤਰਾਂ ਹਰਕਤ ਵਿਚ ਆਉਂਦਾ ਹੈ ਕਿ ਉਹ ਸਿੱਖਾਂ, ਮੁਸਲਮਾਨਾਂ, ਇਸਾਈਆਂ ਜਾਂ ਦਲਿਤਾਂ ਵਰਗੀਆਂ ਘੱਟਗਿਣਤੀਆਂ ਦੀ ਨਸਲਕੁਸ਼ੀ ਕਰਨ ਦੇ ਰਾਹ ਪੈ ਜਾਂਦਾ ਹੈ। ਹੁਣ ਇਹ ਭਾਰਤ ਦੀਆਂ ਘੱਟ ਗਿਣਤੀਆਂ ਨੇ ਸੋਚਣਾਂ ਹੈ ਕਿ ਉਹਨਾਂ ਨੇ ਮੌਕਾਪ੍ਰਸਤ, ਖੁਦਗਰਜ਼ ਅਤੇ ਫਿਰਕਾਪ੍ਰਸਤ ਆਗੂਆਂ ਦੇ ਹੱਥਾਂ ਦੇ ਮੋਹਰੇ ਬਣ ਕੇ ਇਕ ਦੂਸਰੇ ਤੇ ਹਮਲਾਵਾਰ ਹੋ ਕੇ ਆਪਣਾਂ ਜਲੂਸ ਕੱਢਵਾਉਣਾਂ ਹੈ ਜਾਂ ਕਿ ਇੱਕ ਮੁੱਠ ਹੋ ਕੇ ਆਪਣੇ ਅਸਲ ਦੁਸ਼ਮਣ ਨੂੰ ਪਹਿਚਾਨਣਾਂ ਹੈ।
ਦਿੱਲੀ ਦੀ ਇਸ ਘਟਨਾਂ ਨੇ ਇੱਕ ਗੱਲ ਪ੍ਰਤੱਖ ਕੀਤੀ ਹੈ ਕਿ ਨਾਂ ਕੇਵਲ ਸਿੱਖ ਸਗੋਂ ਭਾਰਤ ਵਿਚ ਰਹਿਣ ਵਾਲੇ ਸਾਰੇ ਹੀ ਘੱਟ ਗਿਣਤੀ ਲੋਕ ਆਪਸ ਵਿਚ ਮੁਕੰਮਲ ਸਦਭਾਵਨਾਂ ਬਣਾ ਕੇ ਰੱਖਣ ਤਾਂ ਕਿ ਉਹ ਕਿਸੇ ਵੀ ਸਾਜਸ਼ ਦਾ ਸ਼ਿਕਾਰ ਨਾਂ ਹੋਵਣ। ਕਿਸੇ ਵੀ ਕਿਸਮ ਦੇ ਟਕਰਾਓ ਸਮੇਂ ਜਲਦਬਾਜੀ ਤੋਂ ਕੰਮ ਨਾਂ ਲੈ ਕੇ ਪ੍ਰਸਪਰ ਗੱਲਬਾਤ ਨਾਲ ਝਗੜੇ ਦਾ ਹੱਲ ਲੱਭਿਆ ਜਾਵੇ। ਕੇਵਲ ਇਸ ਤਰੀਕੇ ਹੀ ਉਹ ਰਾਜਸੀ ਦੈਂਤਾਂ ਦੀ ਮਾਰ ਤੋਂ ਬਚ ਸਕਣਗੇ ਜੋ ਕਿ ਆਪਣੀ ਸਵਾਰਥ ਲਈ ਖੂਨ ਦੀਆਂ ਨਦੀਆਂ ਵਹਾ ਦਿੰਦੇ ਹਨ। ਅਖੀਰ ਤੇ ਅਸੀਂ ਸ: ਮਨਜੀਤ ਸਿੰਘ ਜੀ ਕੇ ਵਰਗੇ ਉਹਨਾਂ ਸਾਰੇ ਹੀ ਸਿੱਖ ਆਗੂਆਂ ਦੇ ਉੱਦਮ ਦੀ ਤਾਰੀਫ ਕਰਾਂਗੇ ਜਿਹਨਾਂ ਨੇ ਕਿ ਭਾਈਚਾਰਿਆਂ ਵਿਚ ਸੁੱਖ ਸ਼ਾਂਤੀ ਅਤੇ ਆਪਸੀ ਨੇੜਤਾ ਵਾਪਸ ਲਿਆਉਣ ਵਿਚ ਬਣਦਾ ਰੋਲ ਅਦਾ ਕੀਤਾ ਭਾਵੇਂ ਕਿ ਇਹ ਬਹੁਤ ਸਾਰੇ ਟਕਰਾਓ ਅਤੇ ਅਗਜ਼ਨੀ ਦੀਆਂ ਘਟਨਾਵਾਂ ਤੋਂ ਬਾਅਦ ਹੀ ਸੰਭਵ ਹੋਇਆ।
ਯੇ ਸੰਗ ਦਿਲ ਲੋਕੋਂ ਕੀ ਦੁਨੀਆਂ ਹੈ, ਜ਼ਰਾ ਸੰਭਲ ਕੇ ਚਲਨਾਂ ਦੋਸਤ
ਯਹਾਂ ਪਲਕੋਂ ਪਰ ਬਿਠਾਯਾ ਜਾਤਾ ਹੈ, ਨਜ਼ਰੋਂ ਸੇ ਗਿਰਾਨੇ ਕੇ ਲੀਏ
------+++---------
ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂ ਕੇ
kulwantsinghdhesi@hotmail.com