ਭ੍ਰਿਸ਼ਟਾਚਾਰ ਰਹਿਤ ਅਤੇ ਅਸਲੀ ਅਰਥਾਂ ਵਿੱਚ ਧਰਮ ਨਿਰਪੱਖ ਰਾਜ ਸਥਾਪਤ ਕਰਨ ਲਈ ਘੱਟ ਗਿਣਤੀ ਕੌਮਾਂ ਨੂੰ ਕੋਈ ਠੋਸ ਨੀਤੀ ਅਪਨਾਉਣ ਦੀ ਲੋੜ
‘ਆਮ ਆਦਮੀ ਦੀ ਪਾਰਟੀ’ ਵੀ ਹੋ ਸਕਦੀ ਹੈ ਚੰਗੀ ਚੋਣ
ਲਿਖਤੀ ਰੂਪ ’ਚ ਬੇਸ਼ੱਕ ਭਾਰਤ ਦਾ ਸੰਵਿਧਾਨ ਧਰਮ ਨਿਰਪੱਖ ਹੈ ਅਤੇ ਬਿਨਾਂ ਕਿਸੇ ਭੇਦਭਾਵ ਦੇ ਹਰ ਸ਼ਹਿਰੀ ਨੂੰ ਬਰਾਬਰ ਦੇ ਹੱਕ ਅਤੇ ਇਨਸਾਫ ਦੇਣ ਦੀ ਹਾਮੀ ਭਰਦਾ ਹੈ ਪਰ ਅਮਲੀ ਰੂਪ ਵਿੱਚ ਇੱਥੇ ਇੱਕ ਖਾਸ ਧਾਰਮਿਕ ਬਹੁਗਿਣਤੀ ਨੂੰ ਘੱਟ ਗਿਣਤੀਆਂ ਦਾ ਆਰਥਿਕ, ਰਾਜਨੀਤਕ ਤੇ ਸਮਾਜਿਕ ਸ਼ੋਸ਼ਣ ਕਰਨ ਅਤੇ ਇੱਥੋਂ ਤੱਕ ਕਿ ਕਤਲ ਕਰਨ ਦਾ ਵੀ ਪੂਰਾ ਪੂਰਾ ਹੱਕ ਹੈ। ਹਨੇਰਗਰਦੀ ਇਹ ਹੈ ਕਿ ਮਨੁੱਖਤਾ ਦਾ ਸ਼ਰੇਆਮ ਕਤਲੇਆਮ ਕਰਨ ਵਾਲੇ ਦੋਸ਼ੀਆਂ ਨੂੰ 29 ਸਾਲ ਦਾ ਲੰਬਾ ਸਮਾਂ ਲੰਘ ਜਾਣ ਬਾਅਦ ਵੀ ਕੋਈ ਸਜਾ ਨਹੀਂ ਦਿੱਤੀ ਗਈ ਸਗੋਂ ਪੀੜਤਾਂ ਦੇ ਜਖ਼ਮਾਂ ’ਤੇ ਲੂਣ ਛਿਟਕਣ ਲਈ ਕਾਤਲਾਂ ਨੂੰ ਉਚ ਰਾਜਨੀਤਕ ਤੇ ਸਰਕਾਰੀ ਅਹੁੱਦੇ ਦੇ ਕੇ ਸਨਮਾਨਤ ਕੀਤਾ ਜਾ ਰਿਹਾ ਹੈ। ਦਿੱਲੀ ਵਿੱਚ ਸਿੱਖਾਂ ਦੇ ਕਾਤਲ ਕਮਲਨਾਥ, ਜਗਦੀਸ਼ ਟਾਈਟਲਰ, ਸੱਜਣ ਕੁਮਾਰ ਅਤੇ ਗੁਜਰਾਤ ਵਿੱਚ ਮੁਸਲਮਾਨਾਂ ਦੇ ਕਾਤਲ ਨਰਿੰਦਰ ਮੋਦੀ ਇਸ ਦੀਆਂ ਉੱਘੀਆਂ ਉਦਾਹਰਣਾਂ ਹਨ। ਨਰਿੰਦਰ ਮੋਦੀ ਨੂੰ ਭਾਜਪਾ ਵਲੋਂ 2014 ਦੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਾਉਣਾ ਇਹੀ ਸਿੱਧ ਕਰਦਾ ਹੈ ਕਿ ਬਹੁਗਿਣਤੀ ਫਿਰਕੂ ਕੱਟੜਵਾਦੀਆਂ ਦੀਆਂ ਵੋਟਾਂ ਲੈਣ ਲਈ ਘੱਟ ਗਿਣਤੀ ਦੇ ਕਾਤਲ ਹੋਣਾ ਇੱਕ ਪਲੱਸ ਪੌਇੰਟ ਗਿਣਿਆ ਜਾਂਦਾ ਹੈ। ਘੱਟ ਗਿਣਤੀਆਂ ਦੇ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਨਾ ਮਿਲਣ ਦਾ ਮੁੱਖ ਕਾਰਣ ਤਾਂ ਦੋ ਮੁੱਖ ਪਾਰਟੀਆਂ ਕਾਂਗਰਸ ਅਤੇ ਭਾਜਪਾ ਵੱਲੋਂ ਬਹੁ ਗਿਣਤੀਆਂ ਨੂੰ ਖੁਸ਼ ਕਰਨ ਦੀ ਨੀਤੀ ਤਾਂ ਹੈ ਹੀ; ਘੱਟ ਗਿਣਤੀ ਕੌਮਾਂ ਦੀਆਂ ਸਿਆਸੀਆਂ ਪਾਰਟੀਆਂ ਦੇ ਆਗੂਆਂ ਦੇ ਨਿੱਜੀ ਸੁਆਰਥਾਂ ਕਾਰਣ ਉਨ੍ਹਾਂ ਦਾ ਦੋਗਲਾ ਪਣ ਵੀ ਮੁੱਖ ਕਾਰਣ ਹੈ। ਇਸ ਵਰਤਾਰੇ ਦਾ ਵਿਸ਼ਲੇਸ਼ਣ ਮੇਰੇ ਵੱਲੋਂ 16 ਨਵੰਬਰ ਨੂੰ ਲਿਖੇ ‘ਘੱਟ ਗਿਣਤੀ ਕੌਮਾਂ ਨੂੰ ਇਨਸਾਫ਼ੳਮਪ; ਮਿਲਣ ’ਚ ਦੇਰੀ ਜਾਂ ਇਨਸਾਫ਼ੳਮਪ; ਮਿਲਣ ਤੋਂ ਵਾਂਝੇ ਹੋਣ ਦੇ ਮੁੱਖ ਦੋਸ਼ੀ ਉਨ੍ਹਾਂ ਕੌਮਾਂ ਦੇ ਸੁਆਰਥੀ ਸਿਆਸੀ ਆਗੂ’ ਲੇਖ ਵਿੱਚ ਕੀਤਾ ਹੈ ਜਿਹੜਾ ਕਿ ਹੋਰਨਾਂ ਵੈੱਬ ਸਾਈਟਾਂ ਤੋਂ ਇਲਾਵਾ ਖ਼ਾਲਸਾ ਨਿਊਜ਼ ਦੇ ਲਿੰਕ http://khalsanews.org/ newspics/2013/11%20Nov%202013/ 17%20Nov%2013/17%20Nov%2013% 20Minorities%20in%20India%20-% 20KS%20Bathinda.htm ’ਤੇ ਪੜ੍ਹਿਆ ਜਾ ਸਕਦਾ ਹੈ। ਇਸ ਲੇਖ ਵਿੱਚ ਨਤੀਜਾ ਇਹੀ ਹੀ ਕੱਢਿਆ ਗਿਆ ਹੈ ਕਿ ਸਿੱਖਾਂ ਸਮੇਤ ਸਾਰੀਆਂ ਹੀ ਘੱਟ ਗਿਣਤੀਆਂ ਨੂੰ ਕਾਂਗਰਸ ਅਤੇ ਭਾਜਪਾ ਦਾ ਪੂਰਨ ਤੌਰ ’ਤੇ ਬਾਈਕਾਟ ਕਰਕੇ (ਜਦ ਤੱਕ ਉਹ ਆਪਣੀ ਕੋਈ ਸਾਂਝੀ ਪਾਰਟੀ ਨਹੀਂ ਬਣਾ ਲੈਂਦੇ ਉਤਨੀ ਦੇਰ) ‘ਰਾਈਟ ਟੂ ਰੀਜੈਕਟ’ ਭਾਵ None Of The Above (NOTA) ਦਾ ਬਟਨ ਦਬਾਉਣ ਦਾ ਆਪਣਾ ਹੱਕ ਇਸਤੇਮਾਲ ਕਰਕੇ ਆਪਣੀ ਇੱਕਮੁਠਤਾ ਦਾ ਸਬੂਤ ਦੇਣਾ ਚਾਹੀਦਾ ਹੈ।
ਇਸ ਉਪ੍ਰੰਤ ਭਾਈ ਤਰਸੇਮ ਸਿੰਘ ਖ਼ਾਲਸਾ ਨੇ ਵੀ ਇੱਕ ਲੇਖ ‘ਸਿੱਖਾਂ ਲਈ ਕਾਂਗਰਸ ਤੇਂਦੂਆ ਅਤੇ ਭਾਜਪਾ ਮਗਰਮੱਛ ਵਰਗੀ ਹੈ’ ਸਿਰਲੇਖ ਹੇਠ ਲਿਖਿਆ ਹੈ ਜੋ ਹੋਰਨਾਂ ਸਾਈਟਾਂ ਤੋਂ ਇਲਾਵਾ ਖ਼ਾਲਸਾ ਨਿਊਜ਼ ਦੇ ਲਿੰਕ http://khalsanews.org/ newspics/2013/11%20Nov%202013/ 29%20Nov%2013/29%20Nov%2013% 20Congress%20and%20BJP%20-% 20Tarsem%20Singh.htm ’ਤੇ ਪੜ੍ਹਿਆ ਜਾ ਸਕਦਾ ਹੈ। ਇਸ ਲੇਖ ਵਿੱਚ ਭਾਈ ਤਰਸੇਮ ਸਿੰਘ ਨੇ ਸਲਾਹ ਦਿੱਤੀ ਹੈ ਕਿ ਜਿਸ ਤਰ੍ਹਾਂ ਇਨ੍ਹਾਂ ਦੋਵਾਂ ਪਾਰਟੀਆਂ ਵਿੱਚ ਬੈਠੇ ਕੱਟੜਵਾਦੀ ਸੋਚ ਵਾਲੇ ਹਿੰਦੂ, ਸਿੱਖਾਂ ਵਿਰੁੱਧ ਇਕੱਠੇ ਹੋ ਜਾਂਦੇ ਹਨ ਉਸੇ ਤਰ੍ਹਾਂ ਇਨ੍ਹਾਂ ਪਾਰਟੀਆਂ ਵਿੱਚ ਬੈਠੇ ਸਿੱਖ ਆਗੂਆਂ ਨੂੰ ਆਪਣੇ ਕੌਮ ਦੇ ਹਿੱਤਾਂ ਲਈ ਇਕੱਠੇ ਹੋ ਕੇ ਆਪਣੀ ਕੌਮ ਦੀਆਂ ਮੰਗਾਂ ਦੀ ਪੂਰਤੀ ਲਈ ਦੋਵਾਂ ਪਾਰਟੀਆਂ ’ਤੇ ਦਬਾਅ ਪਾਉਣਾ ਚਾਹੀਦਾ ਹੈ।
ਭਾਈ ਤਰਸੇਮ ਸਿੰਘ ਦੀ ਸਲਾਹ ਤਾਂ ਠੀਕ ਹੈ ਪਰ ਕੌਣ ਨਹੀਂ ਜਾਣਦਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਵਿੱਚ ਬੈਠੇ ਸਿੱਖਾਂ ਦੀ ਗੱਲ ਤਾਂ ਛੱਡੋ ਪੰਥਕ ਹਿਤਾਂ ਲਈ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਜ਼ਮੀਰ ਹੀ ਇਸ ਕਦਰ ਮਰ ਚੁੱਕੀ ਹੈ ਕਿ ਉਹ ਕੌਮੀ ਹਿੱਤਾਂ ਲਈ ਸਾਹ ਲੈਣਾ ਵੀ ਆਪਣਾ ਨਿੱਜੀ ਨੁਕਸਾਨ ਸਮਝ ਰਹੇ ਹਨ। ਅਸਲ ਵਿੱਚ ਅੱਜ ਕੱਲ੍ਹ ਕੋਈ ਵੀ ਕੌਮੀ ਜਾਂ ਦੇਸ਼ ਦੇ ਹਿੱਤਾਂ ਲਈ ਸਿਆਸਤ ਵਿੱਚ ਪ੍ਰਵੇਸ਼ ਨਹੀਂ ਕਰਦਾ ਬਲਕਿ ਉਹ ਆਪਣੇ ਨਿੱਜੀ ਹਿੱਤ ਪੂਰਨ ਲਈ ਹੀ ਆਉਂਦੇ ਹਨ। ਇਹ ਕਦੀ ਨਹੀਂ ਹੋ ਸਕਦਾ ਕਿ ਕੋਈ ਸਿਆਸੀ ਆਗੂ ਇੱਕੋ ਸਮੇਂ ਸਿੱਖੀ ਸਿਧਾਂਤ ’ਤੇ ਪਹਿਰਾ ਦਿੰਦਾ ਹੋਇਆ ਕੌਮੀ ਹਿੱਤਾਂ ਲਈ ਅਵਾਜ਼ ਵੀ ਬੁਲੰਦ ਕਰੇ ਤੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਵੀ ਕਰ ਲਵੇ। ਗੁਰੂ ਨਾਨਕ, ਗੁਰੂ ਅਰਜੁਨ, ਗੁਰੂ ਤੇਗ ਬਹਾਦੁਰ, ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਅੱਜ ਤੱਕ ਦਾ ਸਿੱਖ ਇਤਿਹਾਸ ਇਹੀ ਹੀ ਦਸਦਾ ਹੈ ਕਿ ਸਿਧਾਂਤ ’ਤੇ ਪਹਿਰਾ ਦਿੰਦੇ ਹੋਏ ਮਨੁੱਖਤਾ ਦੇ ਹੱਕ ਵਿੱਚ ਸਟੈਂਡ ਲੈਣ ਵਾਲਿਆਂ ਨੂੰ ਜਾਂ ਤਾਂ ਜੇਲ੍ਹਾਂ ਵਿੱਚ ਜਾਣਾ ਪਿਆ ਜਾਂ ਪ੍ਰਵਾਰਾਂ ਸਮੇਤ ਆਪਣੇ ਆਪ ਨੂੰ ਸ਼ਹੀਦ ਕਰਵਾਉਣਾ ਪਿਆ ਹੈ। ਇਹੋ ਕਾਰਣ ਹੈ ਕਿ ਅੱਜ ਦੇ ਸੁਆਰਥੀ ਆਗੂ ਗੁਰੂ ਸਾਹਿਬਾਨ ਜਾਂ ਪੁਰਾਤਨ ਸਿੰਘਾਂ ਵਾਲਾ ਸਟੈਂਡ ਲੈਣ ਦੀ ਥਾਂ ਇੰਦਰਾ ਗਾਂਧੀ ਤੇ ਕਾਂਗਰਸ ਨੂੰ ਤਾਂ ਪਾਣੀ ਪੀ ਪੀ ਕੋਸਦੇ ਹਨ ਪਰ ਇੰਦਰਾ ਗਾਂਧੀ ਨੂੰ ਵਾਰ ਵਾਰ ਮਿਲ ਕੇ ਅਕਾਲ ਤਖ਼ਤ ’ਤੇ ਹਮਲਾ ਕਰਵਾਉਣ ਦਾ ਇਕਬਾਲ ਕਰਨ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਦੇ ਸੋਹਿਲੇ ਗਾਉਂਦੇ ਨਹੀਂ ਥਕਦੇ ਅਤੇ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਸ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਅਸਫਲ ਕੋਸ਼ਿਸ਼ ਕੀਤੀ। ਅਕਾਲ ਤਖ਼ਤ ’ਤੇ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਨੂੰ ‘ਦੁਰਗਾ ਮਾਤਾ’ ਦਾ ਖਿਤਾਬ ਦੇਣ ਵਾਲੇ ਅਟਲ ਬੀਹਾਰੀ ਵਾਜਪਾਈ ਨੂੰ ਪ੍ਰਕਾਸ਼ ਸਿੰਘ ਬਾਦਲ ਜੀ ‘ਭਾਰਤ ਰਤਨ ਦਾ’ ਖਿਤਾਬ ਦੇਣ ਦੀ ਮੰਗ ਕਰ ਰਹੇ ਹਨ। ਸਿੱਖ ਕਤਲੇਆਮ ਨੂੰ ਚੋਣ ਮੁੱਦਾ ਬਣਾਉਣ ਲਈ ਦਿੱਲੀ ਵਿੱਚ ਕਤਲੇਆਮ ਦੀ ਯਾਦਗਰ ਬਣਾਉਣ ਲਈ ਤਾਂ ਅਕਾਲੀ-ਭਾਜਪਾ ਕਾਹਲੇ ਹਨ ਪਰ ਅੰਮ੍ਰਿਤਸਰ ਵਿੱਚ ਜੂਨ ਦੇ ਕਤਲੇਆਮ ਦੀ ਯਾਦਗਾਰ ਬਣਾਉਣ ਦੀ ਥਾਂ ਉਸ ਨੂੰ ਇੱਕ ਗੁਰਦੁਆਰੇ ਵਿੱਚ ਤਬਦੀਲ ਕਰ ਦਿੱਤਾ ਹੈ ਤੇ ਸ਼ਹੀਦਾਂ ਦੇ ਨਾਵਾਂ ਵਿੱਚੋਂ ਸੰਤ ਭਿੰਡਰਾਂਵਾਲੇ ਦਾ ਨਾਮ ਹਟਾਉਣ ਲਈ ਬਜ਼ਿਦ ਹਨ। ਕਾਂਗਰਸ ਦੀ ਕੇਂਦਰ ਸਰਕਾਰ ’ਤੇ ਦੋਸ਼ ਲਾਉਂਦੇ ਹਨ ਕਿ ਉਹ ਸਿੱਖਾਂ ਨੂੰ ਇਨਸਾਫ ਨਹੀਂ ਦੇ ਰਹੀ ਪਰ ਭਾਈ ਗੁਰਬਖ਼ਸ਼ ਸਿੰਘ ਨੇ 14 ਨਵੰਬਰ ਤੋਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਉਨ੍ਹਾਂ ਸਿੰਘਾਂ ਜਿਨ੍ਹਾਂ ਨੇ ਅਦਾਲਤਾਂ ਵੱਲੋਂ ਸੁਣਾਈ ਸਜਾ ਵੀ ਕਾਫੀ ਲੰਬੇ ਸਮੇਂ ਤੋਂ ਭੁਗਤ ਲਈ ਹੈ ਅਤੇ ਉਹ ਹਾਲੀ ਵੀ ਜੇਲ੍ਹ ਵਿੱਚੋਂ ਰਿਹਾਅ ਨਹੀਂ ਕੀਤੇ ਗਏ, ਨੂੰ ਰਿਹਾਅ ਕਰਵਾਉਣ ਦੀ ਮੰਗ ਪੂਰੀ ਕਰਵਾਉਣ ਲਈ, ਅਣਮਿਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠੇ ਹਨ। ਪੰਜਾਬ ਦੀਆਂ ਜੇਲ੍ਹਾਂ ਵਿੱਚ ਵੀ ਬਹੁਤ ਸਾਰੇ ਕੈਦੀ ਬੈਠੇ ਹਨ ਜਿਹੜੇ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ। ਉਨ੍ਹਾਂ ਨੂੰ ਰਿਹਾਅ ਕਰਨਾ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਪਰ ਮਰ ਚੁੱਕੀ ਜ਼ਮੀਰ ਵਾਲੇ ਅਕਾਲੀ ਆਗੂ ਸਿੱਖੀ ਸਿਧਾਂਤਾਂ ਦੀ ਵਿਰੋਧੀ ਪਾਰਟੀ ਭਾਜਪਾ ਨੂੰ ਦਿੱਲੀ ਚੋਣਾਂ ਜਿਤਾਉਣ ਲਈ ਤਾਂ 20 ਦਿਨਾਂ ਤੋਂ ਡੇਰੇ ਲਾਈ ਬੈਠੇ ਹਨ ਪਰ ਚੰਡੀਗੜ੍ਹ ਦੀ ਬਿਲਕੁਲ ਬਗਲ ਮੋਹਾਲੀ ਵਿੱਚ ਮਰਨ ਵਰਤ ’ਤੇ ਬੈਠੇ ਭਾਈ ਗੁਰਬਖ਼ਸ਼ ਸਿੰਘ ਨੂੰ ਮਿਲਣ ਨਾ ਹੀ ਪੰਜਾਬ ਸਰਕਾਰ ਦਾ ਕੋਈ ਮੰਤਰੀ ਤੇ ਨਾ ਹੀ ਅਕਾਲੀ ਦਲ ਦਾ ਕੋਈ ਸੀਨੀਅਰ ਆਗੂ ਹੀ ਪਹੁੰਚਿਆ ਹੈ। ਇੱਥੋਂ ਤੱਕ ਕਿ ਉਸ ਦੇ ਹੱਕ ਵਿੱਚ ਕੋਈ ਬਿਆਨ ਤੱਕ ਨਹੀਂ ਦਿੱਤਾ। ਉਲਟਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਬੜਾ ਹੀ ਹਾਸੋਹੀਣਾ ਬਿਆਨ ਦਿੱਤਾ ‘ਗੁਰਬਖ਼ਸ਼ ਸਿੰਘ ਖ਼ਾਲਸਾ ਦਾ ਹੜਤਾਲ ਦਾ ਤਰੀਕਾ ਗ਼ਲਤ, ਪਹਿਲਾਂ ਸਾਡੇ ਨਾਲ ਸੰਪਰਕ ਕਰਦਾ’। ਇਸ ਭਲੇਮਾਣਸ ਨੂੰ ਕੋਈ ਪੁੱਛੇ ਕਿ 7 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ’ਤੇ ਤੂੰ ਬੈਠਾ ਹੈਂ! ਪੰਜਾਬ ਦਾ ਮੁੱਖ ਮੰਤਰੀ ਤੇਰਾ ਆਕਾ ਪ੍ਰਕਾਸ਼ ਸਿੰਘ ਬਾਦਲ ਬੈਠਾ ਹੈ; ਦੱਸੋ ਤੁਸੀਂ ਸਜਾ ਭੁਗਤ ਚੁੱਕੇ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਕੀ ਕੀਤਾ? ਕੀ ਇਹ ਭਾਈ ਗੁਰਬਖ਼ਸ਼ ਸਿੰਘ ਦੀ ਡਿਊਟੀ ਹੈ ਕਿ ਤੁਹਾਨੂੰ ਮਚਲੇ ਹੋ ਕੇ ਅੱਖਾਂ ਮੀਚੀ ਬੈਠਿਆਂ ਨੂੰ ਆ ਕੇ ਜਗਾਵੇ। ਭਾਈ ਗੁਰਬਖ਼ਸ਼ ਸਿੰਘ ਦਾ ਕਹਿਣਾ ਹੈ ਕਿ ਉਹ ਪੰਜੇ ਜਥੇਦਾਰਾਂ, ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ, ਰਣਜੀਤ ਸਿੰਘ ਢੱਢਰੀਆਂ ਸਮੇਤ ਕਈ ਸੰਤਾਂ ਨੂੰ ਮਿਲ ਕੇ ਉਨ੍ਹਾਂ ਨੂੰ ਬੇਨਤੀਆਂ ਕਰ ਚੁੱਕੇ ਹਨ ਕਿ ਉਹ ਸਜਾ ਪੂਰੀ ਕਰ ਚੁੱਕੇ ਸਿੰਘਾਂ ਦੀ ਰਿਹਾਈ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ’ਤੇ ਜੋਰ ਪਾਉਣ। ਜਦ ਲਾਰਿਆਂ ਤੋਂ ਸਿਵਾਏ ਕਿਸੇ ਨੇ ਕੋਈ ਉੱਦਮ ਨਾ ਕੀਤਾ ਤਾਂ ਅਖੀਰ ਉਸ ਨੂੰ ਮਰਨ ਵਰਤ ’ਤੇ ਬੈਠਣ ਦਾ ਸਖਤ ਫੈਸਲਾ ਲੈਣਾ ਪਿਆ। ਕਹਿਣ ਨੂੰ ਸ: ਬਾਦਲ ਸਾਹਿਬ ਅਤੇ ਮੱਕੜ ਜੀ ਪੰਜ ਸਿੰਘ ਸਾਹਿਬਾਨ ਨੂੰ ਸਰਬਉਚ ਮੰਨਦੇ ਹਨ। ਜੇ ਭਾਈ ਗੁਰਬਖ਼ਸ਼ ਸਿੰਘ ਜੀ ਉਨ੍ਹਾਂ ਸਾਰੇ ਸਰਬ ਉਚ ਜਥੇਦਾਰਾਂ ਕੋਲ ਚੱਕਰ ਕੱਟ ਆਏ ਹਨ ਤੇ ਉਨ੍ਹਾਂ ਵਿੱਚੋਂ ਅੱਜ ਤੱਕ ਕਿਸੇ ਨੇ ਵੀ ਆਪਣਾ ਮੂੰਹ ਨਹੀਂ ਖੋਲ੍ਹਿਆ ਤਾਂ ਮੱਕੜ ਸਾਹਿਬ ਤੁਸੀਂ ਆਪਣੀ ਕੀ ਔਕਾਤ ਸਮਝਦੇ ਹੋ ਕਿ ਤੁਸੀ ਪ੍ਰਕਾਸ਼ ਸਿੰਘ ਬਾਦਲ ਤੇ ਸਜਾ ਪੂਰੀ ਕਰ ਚੁੱਕੇ ਸਿੰਘ ਨੂੰ ਰਿਹਾਅ ਕਰਵਾਉਣ ਲਈ ਸ: ਬਾਦਲ ’ਤੇ ਜੋਰ ਪਾ ਸਕੋ। ਸੋ ਇਹ ਵੇਰਵਾ ਦੇਣ ਦਾ ਮਤਲਬ ਹੈ ਕਿ ਜੇ ਸਾਡੇ ਅਖੌਤੀ ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਹੀ ਇਹ ਹਾਲ ਹੈ ਤਾਂ ਭਾਈ ਤਰਸੇਮ ਸਿੰਘ ਵੱਲੋਂ ਦਿੱਤੀ ਸਲਾਹ ਅਨੁਸਾਰ ਕਾਂਗਰਸ ਤੇ ਭਾਜਪਾ ਵਿੱਚ ਬੈਠੇ ਸਿੱਖ ਆਗੂਆਂ ਤੋਂ ਕਿੱਥੇ ਉਮੀਦ ਰੱਖੀ ਜਾ ਸਕਦੀ ਹੈ ਕਿ ਸਿੱਖ ਹਿੱਤਾਂ ਲਈ ਆਪਸ ਵਿੱਚ ਇਕੱਠੇ ਹੋ ਕੇ ਆਪਣੀਆਂ ਪਾਰਟੀਆਂ ’ਤੇ ਦਬਾਅ ਪਾਉਣਗੇ। ਸਿੱਖਾਂ ਤੋਂ ਇਲਾਵਾ ਦਲਿਤਾਂ, ਈਸਾਈਆਂ, ਮੁਸਲਮਾਨਾਂ ਦਾ ਵੀ ਬਿਲਕੁਲ ਇਹੋ ਹਾਲ ਹੈ। ਇਨ੍ਹਾਂ ਹਾਲਤਾਂ ਵਿੱਚ ਕਾਂਗਰਸ ਤੇ ਭਾਜਪਾ ਨੂੰ ਵੋਟ ਦੇਣੀ ਤਾਂ ਘੱਟ ਗਿਣਤੀਆਂ ਤੇ ਦਲਿਤਾਂ ਲਈ ਆਪਣੇ ਨਿਜੀ ਸੁਆਰਥਾਂ ਲਈ ਆਪਣੀ ਜ਼ਮੀਰ ਵਿਕੀ ਜਾਂ ਮਰੀ ਹੋਣ ਦਾ ਸਬੂਤ ਦੇਣਾ ਹੈ। ਸੋ ਪੰਜਾਬ ਸਮੇਤ ਦੇਸ਼ ਦੇ ਬਾਕੀ ਭਾਗਾਂ ਵਿੱਚ ਜਿੱਥੇ ਕਾਂਗਰਸ ਤੇ ਭਾਜਪਾ ਤੋਂ ਬਿਨਾਂ ਕੋਈ ਤੀਸਰਾ ਵਿਕਲਪ ਨਹੀਂ ਉਥੇ ਤਾਂ ‘ਰਾਈਟ ਟੂ ਰੀਜੈਕਟ’ ਭਾਵ None Of The Above (NOTA) ਦਾ ਬਟਨ ਦਬਾਉਣ ਦਾ ਆਪਣਾ ਹੱਕ ਇਸਤੇਮਾਲ ਕਰਨਾ ਹੀ ਇੱਕੋ ਇੱਕ ਹੱਲ ਹੈ। ਪਰ ਦਿੱਲੀ ਜਿੱਥੇ ਪਿਛਲੇ ਦਿਨਾਂ ਦੇ ਚੋਣ ਸਰਵੇ ਦੱਸ ਰਹੇ ਹਨ ਕਿ ‘ਆਮ ਆਦਮੀ ਪਾਰਟੀ’ ਤੀਸਰੇ ਬਦਲ ਵਜੋਂ ਇੱਕ ਤਕੜੀ ਸ਼ਕਤੀ ਦੇ ਤੌਰ ’ਤੇ ਉੱਭਰ ਰਹੀ ਹੈ। ਇਸ ਪਾਰਟੀ ਦੇ ਮੁਖੀ ਸ਼੍ਰੀ ਅਰਵਿੰਦ ਕੇਜ਼ਰੀਵਾਲ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ। ਪਿਛਲੇ ਸਮੇਂ ਵਿੱਚ ਉਸ ਨੇ ਸ਼੍ਰੀ ਅੰਨਾ ਹਜ਼ਾਰੇ ਜੀ ਨਾਲ ਮਿਲ ਕੇ ਭ੍ਰਿਸ਼ਟਾਚਾਰ ਵਿਰੋਧੀ ਜਿਸ ਢੰਗ ਨਾਲ ਮੁਹਿੰਮ ਚਲਾਈ ਸੀ ਉਸ ਨੇ ਭ੍ਰਿਸ਼ਟਾਚਾਰੀਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਉਸ ਸਮੇਂ ਤਾਂ ਇਸ ਮੁਹਿੰਮ ਨੂੰ ਕਾਂਗਰਸ ਦੀ ਕੇਂਦਰ ਸਰਕਾਰ ਦੇ ਵਿਰੁੱਧ ਸਮਝ ਕੇ ਭਾਜਪਾ ਇਸ ਦਾ ਪੂਰਨ ਸਮਰਥਨ ਕਰਦੀ ਸੀ। ਅਤੇ ਕਾਂਗਰਸ ਇਨ੍ਹਾਂ ਨੂੰ ਭਾਜਪਾ ਦੇ ਏਜੰਟ ਗਰਦਾਨਦੀ ਆ ਰਹੀ ਹੈ। ਪਰ ਹੁਣ ਕਿਉਂਕਿ ਸ਼੍ਰੀ ਕੇਜ਼ਰੀਵਾਲ ਆਪਣੀ ਸਿਆਸੀ ਪਾਰਟੀ ਬਣਾ ਕੇ ਦਿੱਲੀ ਵਿਧਾਨ ਸਭਾ ਚੋਣ ਮੈਦਾਨ ਵਿੱਚ ਉੱਤਰ ਆਏ ਹਨ ਜਿਸ ਨੇ ਕਾਂਗਰਸ ਸਮੇਤ ਭਾਜਪਾ ਦੀਆਂ ਵੀ ਜੜਾਂ ਹਿਲਾ ਕੇ ਰੱਖ ਦਿੱਤੀਆਂ ਹਨ। ਇਸ ਲਈ ਕੇਜ਼ਰੀਵਾਲ ਦਾ ਆਪਣੇ ਹਿਤਾਂ ਵਿੱਚ ਸਮਰੱਥਨ ਕਰਦੀ ਆ ਰਹੀ ਭਾਜਪਾ ਉਸੇ ਕੇਜ਼ਰੀਵਾਲ ਦੀ ਪਾਰਟੀ ਨੂੰ ਕਾਂਗਰਸ ਦੀ ਬੀ ਟੀਮ ਦੱਸਣ ਲੱਗ ਪਈ ਹੈ। ਭਾਜਪਾ ਦੇ ਇਨ੍ਹਾਂ ਬਿਆਨਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਭ੍ਰਿਸ਼ਟਾਚਾਰ ਦੇ ਕਿਤਨੇ ਕੁ ਵਿਰੋਧ ਵਿੱਚ ਹੈ।
ਦਿੱਲੀ ਦੇ ਤਾਜ਼ਾ ਸਿਆਸੀ ਦ੍ਰਿਸ਼ ਨੂੰ ਵੇਖਦੇ ਹੋਏ ਮੈਂ 16 ਨਵੰਬਰ ਵਾਲੇ ਆਪਣੇ ‘ਰਾਈਟ ਟੂ ਰੀਜੈਕਟ’ ਦੇ ਸੁਝਾਉ ਨੂੰ ਸਿਰਫ ਦਿੱਲੀ ਲਈ ਵਾਪਸ ਲੈਂਦਾ ਹੋਇਆ ਸਿੱਖਾਂ ਸਮੇਤ ਸਾਰੀਆਂ ਘੱਟ ਗਿਣਤੀਆਂ ਤੇ ਦਲਿਤਾਂ ਨੂੰ ਸੁਝਾਉ ਦੇਣਾ ਚਾਹੁੰਦਾ ਹਾਂ ਕਿ ਆਪਣਾ ਇੱਕ ਇੱਕ ਵੋਟ ‘ਆਮ ਪਾਰਟੀ ਦੇ ਉਮੀਦਵਾਰਾਂ ਨੂੰ ਪਾ ਕੇ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਅਤੇ ਘੱਟ ਗਿਣਤੀਆਂ ਤੇ ਦੱਬੇ ਕੁਚਲੇ ਲੋਕਾਂ ਦੇ ਸ਼ੋਸ਼ਣ ਦੀ ਰੋਕਥਾਮ ਲਈ ਆਪਣਾ ਯੋਗਦਾਨ ਪਾਉਣ। ਇਹ ਸੁਝਾਉ ਮੈਂ ਸਿਰਫ ਕਾਂਗਰਸ ਜਾਂ ਭਾਂਜਪਾ ਦੇ ਅੰਨ੍ਹੇ ਵਿਰੋਧ ਵਜੋਂ ਹੀ ਨਹੀਂ ਦੇ ਰਿਹਾ ਬਲਕਿ ਇਸ ਪਿੱਛੇ ਬਹੁਤ ਸਾਰੇ ਠੋਸ ਕਾਰਣ ਵੀ ਹਨ।
ਪਹਿਲਾ ਕਾਰਣ ਹੈ ਕਿ ਜਿੱਥੇ ਹੋਰਨਾਂ ਪਾਰਟੀਆਂ ਦੇ ਮੈਨੀਫੈਸਟੋ ਹਾਥੀ ਦੇ ਦੰਦਾਂ ਵਾਂਗ ਵਿਖਾਉਣ ਲਈ ਹੋਰ ਤੇ ਖਾਣ ਲਈ ਹੋਰ ਹੁੰਦੇ ਹਨ ਉਥੇ ‘ਆਮ ਆਦਮੀ ਪਾਰਟੀ’ ਦਾ ਮੈਨੀਫੈਸਟੋ ਇਸ ਨੂੰ ਹੂਬਹੂ ਲਾਗੂ ਕਰਨ ਦੀ ਭਾਵਨਾ ਨਾਲ ਬਣਾਇਆ ਜਾਪਦਾ ਹੈ। ਜਿਸ ਦੀ ਇੱਕ ਉਦਾਹਰਣ ਹੈ ਕਿ ਦੂਸਰੀਆਂ ਪਾਰਟੀਆਂ ਸਮਾਜ ਵਿਰੋਧੀ ਅਨਸਰਾਂ ਅਤੇ ਅਪਰਧੀਆਂ ਵਿਰੁਧ ਕਾਰਵਾਈ ਕਰਨ ਦਾ ਝੂਠਾ ਢੋਲ ਤਾਂ ਪਿਟਦੇ ਰਹਿੰਦੇ ਹਨ ਪਰ ਆਪ 20% ਤੋਂ ਵੱਧ ਟਿਕਟਾਂ ਸਮਾਜ ਵਿਰੋਧੀ ਤੇ ਅਪਰਾਧੀਆਂ ਨੂੰ ਦੇ ਕੇ ਜਿਤਾਉਂਦੇ ਹਨ ਅਤੇ ਸਾਰੀ ਰਾਜਨੀਤੀ ਉਨ੍ਹਾਂ ਦੇ ਇਸ਼ਾਰੇ ’ਤੇ ਹੀ ਘੁੰਮਾਉਂਦੇ ਹਨ। ਪਰ ਆਮ ਪਾਰਟੀ ਇੱਕੋ ਇੱਕ ਪਾਰਟੀ ਹੈ ਜਿਸ ਨੇ ਰਜੌਰੀ ਗਾਰਡਨ ਤੋਂ ਆਪਣੇ ਉਮੀਦਵਾਰ ਸ਼੍ਰੀ ਪ੍ਰਿਤਪਾਲ ਸਿੰਘ ਸਲੂਜਾ ਤੋਂ ਸਮਰੱਥਨ ਇਸ ਲਈ ਵਾਪਸ ਲੈ ਲਿਆ ਕਿਉਂਕਿ ਉਸ ਦੀ ਨੂੰਹ ਨੇ ਉਸ ਦੇ ਪ੍ਰਵਾਰ ਵਿਰੁੱਧ ਦਾਜ ਮੰਗਣ ਦਾ ਮਾਮੂਲੀ ਕੇਸ ਦਰਜ ਕਰਵਾ ਦਿੱਤਾ ਹੈ ਜਿਸ ਦੀ ਸੂਚਨਾ ਉਸ ਨੂੰ 14 ਨਵੰਬਰ ਨੂੰ ਮਿਲੀ ਸੀ ਜਦੋਂ ਕਿ ਉਸ ਨੇ ਕਾਗਜ਼ 11 ਨਵੰਬਰ ਨੂੰ ਭਰੇ ਸਨ। ਕਿਉਂਕਿ ਉਸ ਸਮੇਂ ਤੱਕ ਕਾਗਜ਼ ਭਰਨ ਦੀ ਤਰੀਖ ਲੰਘ ਚੁੱਕੀ ਸੀ ਅਤੇ ਉਸ ਨੂੰ ਪਾਰਟੀ ਦਾ ਚੋਣ ਨਿਸ਼ਾਨ ਅਲਾਟ ਹੋ ਚੁੱਕਾ ਸੀ ਇਸ ਲਈ ਤਕਨੀਕੀ ਤੌਰ ’ਤੇ ਉਸ ਤੋਂ ਚੋਣ ਨਿਸ਼ਾਨ ਤਾਂ ਵਾਪਸ ਨਹੀਂ ਲਿਆ ਜਾ ਸਕਦਾ ਪਰ ਪਾਰਟੀ ਨੇ ਸਮਰਥਨ ਵਾਪਸ ਲੈ ਕੇ ਆਪਣੇ ਸਾਰੇ ਵਲੰਟੀਅਰ ਉਸ ਦੇ ਚੋਣ ਪ੍ਰਚਾਰ ’ਚੋਂ ਹਟਾ ਲਏ ਹਨ। ਇਸ ਫੈਸਲੇ ਨੇ ਪਾਰਟੀ ਨੂੰ ਬੇਸ਼ੱਕ ਇੱਕ ਸੀਟ ਦਾ ਘਾਟਾ ਪਾਇਆ ਹੈ ਪਰ ਇਸ ਪਾਰਟੀ ਵੱਲੋਂ ਸਮਾਜ ਵਿਰੋਧੀ ਅਤੇ ਅਪਰਾਧੀ ਅਨਸਰਾਂ ਵਿਰੁੱਧ ਲੜਨ ਦੀ ਦ੍ਰਿੜਤਾ ਦਾ ਸਬੂਤ ਦਿੱਤਾ ਹੈ।
ਦੂਸਰਾ ਕਾਰਣ ਹੈ ਕਿ ਇਹ ਇੱਕੋ ਇੱਕ ਪਾਰਟੀ ਹੈ ਜਿਸ ਨੇ ਆਪਣੇ ਚੰਦਾਕਾਰਾਂ ਦੀ ਸੂਚੀ ਤੇ ਉਨ੍ਹਾਂ ਵੱਲੋਂ ਦਿੱਤੇ ਗਏ ਚੰਦੇ ਦੀ ਰਕਮ ਆਪਣੀ ਵੈੱਬਸਾਈਟ ’ਤੇ ਪਾ ਦਿੱਤੀ ਹੈ। ਇਹ ਇੱਕ ਬਹੁਤ ਹੀ ਪਾਰਦਰਸ਼ੀ ਢੰਗ ਹੈ ਕਿਉਂਕਿ ਗਲਤ ਢੰਗਾਂ ਨਾਲ ਕਮਾਈ ਕਰਨ ਵਾਲੇ ਤੇ ਸਰਕਾਰੀ ਟੈਕਸਾਂ ਦੀ ਚੋਰੀ ਕਰਨ ਵਾਲੇ ਹੀ ਆਮ ਤੌਰ ’ਤੇ ਸਿਆਸੀ ਪਾਰਟੀਆਂ ਨੂੰ ਮੋਟੇ ਫੰਡ ਦਿੰਦੇ ਹਨ। ਇਹ ਹੀ ਮੂਲ ਰੂਪ ਵਿੱਚ ਭ੍ਰਿਸ਼ਟਾਚਾਰ ਦੀ ਜੜ ਹੈ। ਭਾਜਪਾ ਸਮੇਤ ਬੇਸ਼ੱਕ ਭ੍ਰਿਸ਼ਟਾਚਾਰ ਦਾ ਮੁੱਦਾ ਤਾਂ ਬਹੁਤ ਸਾਰੀਆਂ ਪਾਰਟੀਆਂ ਉਛਾਲਦੀਆਂ ਹਨ ਪਰ ਇਨ੍ਹਾਂ ਵਿੱਚੋਂ ਕੋਈ ਵੀ ਪਾਰਟੀ ਨੂੰ ਚੋਣ ਫੰਡ ਦੇਣ ਵਾਲਿਆਂ ਦੇ ਨਾਮ ਤੇ ਰਕਮ ਨਸ਼ਰ ਕਰਨ ਲਈ ਤਿਆਰ ਨਹੀਂ ਹਨ।
ਇਹ ਇੱਕੋ ਇਕ ਪਾਰਟੀ ਹੈ ਜਿਸ ਦੇ ਉਮੀਦਵਾਰ ਪਾਰਟੀ ਹਾਈ ਕਮਾਂਡ ਵੱਲੋਂ ਵੱਡੀਆਂ ਰਕਮਾਂ ਲੈ ਕੇ ਉਪਰੋਂ ਠੋਸੇ ਨਹੀਂ ਸਗੋਂ ਇਲਾਕੇ ਦੇ ਲੋਕਾਂ ਦੀ ਸਲਾਹ ਨਾਲ ਚੁਣੇ ਗਏ ਹਨ। ਕਈ ਮਹੀਨੇ ਪਹਿਲਾਂ ਹੀ ਇਸ ਤਰ੍ਹਾਂ ਚੁਣੇ ਗਏ ਉਮੀਦਵਾਰਾਂ ਦੀ ਸੂਚੀ ਉਨ੍ਹਾਂ ਦੇ ਪੂਰੇ ਵੇਰਵੇ ਸਹਿਤ ਆਪਣੀ ਸਾਈਟ ’ਤੇ ਪਾ ਕੇ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ ਕਿ ਜੇ ਇਨ੍ਹਾਂ ਵਿਰੁੱਧ ਕੋਈ ਸਮਾਜ ਵਿਰੋਧੀ ਜਾਂ ਅਪਰਾਧਿਕ ਕਿਸਮ ਦਾ ਮਾਮਲਾ ਠੋਸ ਸਬੂਤਾਂ ਸਹਿਤ ਪਾਰਟੀ ਦੇ ਧਿਆਨ ਵਿੱਚ ਲਿਆਉਂਦਾ ਹੈ ਤਾਂ ਉਸ ਦੀ ਟਿਕਟ ਬਦਲੀ ਜਾ ਸਕਦੀ ਹੈ।
ਤੀਸਰਾ ਪ੍ਰਮੁੱਖ ਕਾਰਣ ਹੈ ਕਿ ਇਹ ਇੱਕੋ ਇੱਕ ਪਾਰਟੀ ਹੈ ਜਿਸ ਨੇ ਆਪਣੇ ਮੈਨੀਫੈਸਟੋ ਦੇ ‘ਸਮਾਜਿਕ ਨਿਆ’ ਸਿਰਲੇਖ ਹੇਠ ਲੜੀ ਨੰਬਰ 28 ਤੋਂ 30 ਤੱਕ ਜਿੱਥੇ ਦਲਿਤਾਂ, ਬਾਲਮੀਕੀ ਸਮਾਜ ਅਤੇ ਮੁਸਲਮਾਨ ਸਮਾਜ ਨੂੰ ਇੰਨਸਾਫ ਤੇ ਬਰਾਬਰੀ ਦੇ ਮੌਕੇ ਦੇਣ ਦਾ ਵਾਅਦਾ ਕੀਤਾ ਹੈ ਉੱਥੇ ਲੜੀ ਨੰਬਰ 31 ਵਿੱਚ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਤੇ ਉਨ੍ਹਾਂ ਦੇ ਪੁਨਰਵਾਸ ਦਾ ਵਿਸ਼ਵਾਸ਼ ਦਿਵਾਇਆ ਹੈ। ਲੜੀ ਨੰਬਰ 32 ਵਿੱਚ ਪੰਜਾਬੀ ਤੇ ਉਰਦੂ ਨੂੰ ਸੱਚਮੁਚ ਦੂਸਰੀ ਭਾਸ਼ਾ ਦਿਵਾਉਣ ਦਾ ਵਾਅਦਾ ਕੀਤਾ ਹੈ। ਜਦੋਂ ਕਿ ਇਹ ਦਰਜਾ ਨਾ ਤਾਂ ਹੁਣ ਤੱਕ ਕਾਂਗਰਸ ਜਾਂ ਭਾਜਪਾ ਦਿਵਾ ਸਕੀ ਹੈ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਕੋਈ ਉਮੀਦ ਰੱਖੀ ਜਾ ਸਕਦੀ ਹੈ ਕਿਉਂਕਿ ਜਿਹੜਾ ਬਾਦਲ ਦਲ ਆਪਣੇ ਉਮੀਦਵਾਰਾਂ ਦੀ ਚੋਣ ਸਮਗਰੀ ਵੀ ਪੰਜਾਬੀ ਵਿੱਚ ਛਾਪਣ ਦਾ ਹੌਂਸਲਾ ਨਹੀ ਕਰ ਸਕਿਆ ਤੇ ਆਪਣੇ ਗਲਾਂ ਵਿੱਚ ਪੰਥਕ ਰੰਗ ਦੇ ਕੇਸਰੀ ਪਰਨੇ ਪਾਉਣ ਦੀ ਬਜਾਏ ਭਾਜਪਾ ਦੇ ਦੋ ਰੰਗੇ (ਹਰੇ+ਭਗਵੇਂ) ਪਰਨੇ ਪਾਈ ਫਿਰਦੇ ਹਨ ਉਹ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਖ਼ਾਕ ਦਿਵਾਉਣਗੇ।ਚੌਥਾ ਕਾਰਣ ਹੈ ਕਿ ਚੋਣ ਨਿਯਮਾਂ ਅਨੁਸਾਰ ਬੇਸ਼ੱਕ 50% ਤੋਂ ਵੱਧ ਵੋਟਰ ਵੀ ‘ਰਾਈਟ ਟੂ ਰੀਜੈਕਟ’ ਦਾ ਅਧਿਕਾਰ ਵਰਤ ਕੇ None Of The Above (NOTA) ਦਾ ਬਟਨ ਦਬਾਉਂਦੇ ਹਨ ਤਾਂ ਵੀ ਉਥੋਂ ਦੀ ਚੋਣ ਰੱਦ ਹੋ ਕੇ ਦੁਬਾਰਾ ਚੋਣ ਨਹੀਂ ਹੋਣੀ ਬਲਕਿ ਦੂਸਰੇ ਨੰਬਰ ’ਤੇ ਵੱਧ ਵੋਟਾਂ ਲਿਜਾਣ ਵਾਲੇ ਨੂੰ ਜੇਤੂ ਐਲਾਣ ਦਿੱਤਾ ਜਾਵੇਗਾ। ਇਸ ਸੂਰਤ ਵਿੱਚ‘ਰਾਈਟ ਟੂ ਰੀਜੈਕਟ’ ਵਰਤਣ ਦਾ ਵਿਧਾਨਕ ਤੌਰ ’ਤੇ ਕੋਈ ਲਾਭ ਨਹੀਂ ਹੋਣਾ ਸਗੋਂ ਜਿਨ੍ਹਾਂ ਪਾਰਟੀਆਂ ਨੂੰ ਅਸੀਂ ਰੀਜੈਕਟ ਕਰਨਾ ਚਾਹੁੰਦੇ ਹਾ ਉਨ੍ਹਾਂ ਵਿੱਚੋਂ ਹੀ ਇਕ ਜੇਤੂ ਬਣ ਜਾਵੇਗੀ। ਸੋ ‘ਰਾਈਟ ਟੂ ਰੀਜੈਕਟ’ ਸਿਰਫ ਉਥੇ ਹੀ ਵਰਤਣਾ ਹੈ ਜਿਥੇ ‘ਆਮ ਆਦਮੀ ਪਾਰਟੀ’ ਵਰਗਾ ਕਈ ਬਦਲ ਨਾ ਹੋਵੇ।
ਸਿੱਖਾਂ ਸਮੇਤ ਮੈਂ ਸਾਰੇ ਉਨ੍ਹਾਂ ਸੂਝਵਾਨ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਆਪਾਂ ਸਭ ਨੂੰ ਪਤਾ ਹੈ ਕਿ ‘ਆਮ ਆਦਮੀ ਪਾਰਟੀ’ ਬਿਲਕੁਲ ਨਵੀਂ ਪਾਰਟੀ ਹੋਣ ਕਰਕੇ ਉਸ ਪਾਸ ਇਤਨੇ ਸਾਧਨ ਨਹੀਂ ਹਨ ਕਿ ਇਸ ਸੰਦੇਸ਼ ਨੂੰ ਉਹ ਘਰ ਘਰ ਪਹੁੰਚਾ ਸਕਣ ਇਸ ਲਈ ਦੇਸ਼ ਵਿਦੇਸ਼ ਵਿੱਚ ਵਸਦੇ ਆਪਣੇ ਸਾਰਿਆਂ ਦਾ ਫਰਜ ਬਣਦਾ ਹੈ ਕਿ ਉਹ ਭਾਜਪਾ ਤੇ ਕਾਂਗਰਸ ਨੂੰ ਸਬਕ ਸਿਖਾਉਣ ਅਤੇ ਦੇਸ਼ ਲਈ ਕੁਝ ਨਵੀ ਉਮੀਦ ਦੀ ਕਿਰਣ ਜਗਾਉਣ ਲਈ ਦਿੱਲੀ ਵਿੱਚ ਰਹਿ ਰਹੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੂੰ ‘ਆਮ ਆਦਮੀ ਪਾਰਟੀ’ ਨੂੰ ਵੋਟ ਪਾਉਣ ਲਈ ਫੋਨ ਕਰਨ ਦੀ ਖੇਚਲ ਜਰੂਰ ਕਰਨ।
ਕਿਰਪਾਲ ਸਿੰਘ ਬਠਿੰਡਾ
ਮੋਬ: +9198554 80797