ਬੰਦੀ ਸਿੰਘਾਂ ਦੀ ਪੈਰੋਲ ’ਤੇ ਰਿਹਾਈ ਦਾ ਮਾਮਲਾ ਸਰਕਾਰ ਦੀ ਸੁਸਤ ਕਾਰਗੁਜ਼ਾਰੀ ਅਤੇ ਅਫ਼ਸਰਸ਼ਾਹੀ ਵੱਲੋਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਤਕਨੀਕੀ ਪੇਚੀਦਗੀਆਂ ਕਾਰਨ ਹਾਲ ਦੀ ਘੜੀ ਤਾਂ ਬਿਲਕੁਲ ਭੰਬਲ-ਭੂਸੇ ਵਿੱਚ ਪੈ ਗਿਆ ਜਾਪਦਾ ਹੈ। ਭਾਵੇਂ ਬੁੜੈਲ ਵਿੱਚ ਨਜ਼ਰਬੰਦ ਭਾਈ ਗੁਰਮੀਤ ਸਿੰਘ ਰਿਹਾਈ ਬਾਰੇ ਕਾਗਜ਼ ਪੱਤਰ ਅੱਜ ਸ਼ਾਮ ਤੱਕ ਮੁਕੰਮਲ ਸਨ, ਪਰ ਭਾਈ ਲਖਵਿੰਦਰ ਸਿੰਘ ਅਤੇ ਭਾਈ ਸ਼ਮਸ਼ੇਰ ਸਿੰਘ ਦੀ ਰਿਹਾਈ ਦਾ ਸਮਾਂ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ। ਕੱਲ੍ਹ ਕ੍ਰਿਸਮਿਸ ਕਰਕੇ ਛੁੱਟੀ ਦਾ ਦਿਨ ਹੈ ਅਤੇ ਭਾਵੇਂ ਸੰਬੰਧਤ ਜੇਲ੍ਹ ਅਧਿਕਾਰੀ ਨੇ ਭਰੋਸਾ ਦਿਵਾਇਆ ਹੈ ਕਿ ਜੇਕਰ ਉਕਤ ਨਜ਼ਰਬੰਦਾਂ ਬਾਰੇ ਕਾਗਜ਼ਾਤ ਕੱਲ੍ਹ ਵੀ ਪਹੁੰਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਕੱਲ੍ਹ ਹੀ ਰਿਹਾਅ ਕਰ ਦਿੱਤਾ ਜਾਵੇਗਾ। ਉਧਰ ਕਰਨਾਟਕ ਅਤੇ ਯੂ.ਪੀ. ਵਿੱਚ ਨਜ਼ਰਬੰਸ ਭਾਈ ਗੁਰਦੀਪ ਸਿੰਘ ਅਤੇ ਭਾਈ ਵਰਿਆਮ ਸਿੰਘ ਦੀ ਰਿਹਾਈ ਵੀ ਲਟਕ ਗਈ ਜਾਪਦੀ ਹੈ। ਭਾਵੇਂ ਰਿਹਾਈਆਂ ਬਾਰੇ ਸੰਘਰਸ਼ ਕਰ ਰਹੀ ਕਮੇਟੀ ਨੂੰ ਯਕੀਨ ਹੈ ਕਿ ਭਾਈ ਵਰਿਆਮ ਸਿੰਘ ਛੇਤੀ ਹੀ ਰਿਹਾਅ ਹੋ ਜਾਣਗੇ, ਪਰ ਪੱਤਰਕਾਰ ਵੱਲੋਂ ਸੰਬੰਧਤ ਅਧਿਕਾਰੀਆਂ ਨਾਲ ਗ਼ੱਲਬਾਤ ਕਰਨ ਤੋਂ ਪਤਾ ਲੱਗਿਆ ਹੈ ਕਿ ਕਰਨਾਟਕ ਵਿੱਚ ਭਾਈ ਗੁਰਦੀਪ ਸਿੰਘ ਦੀ ਰਿਹਾਈ ਇੱਕ ਹਫ਼ਤੇ ਤੋਂ ਪਹਿਲਾਂ ਹੋਣੀ ਮੁਸ਼ਕਲ ਹੈ, ਜਦੋਂ ਕਿ ਵਰਿਆਮ ਸਿੰਘ ਦੀ ਰਿਹਾਈ ਲਈ ਵੀ 2-3 ਦਿਨ ਹੋਰ ਲੱਗ ਸਕਦੇ ਹਨ। ਇਸੇ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਭਾਈ ਗੁਰਬਚਨ ਸਿੰਘ ਵੱਲੋਂ ਭਾਈ ਗੁਰਬਖਸ਼ ਸਿੰਘ ਨੂੰ ਲਿਖੀ ਚਿੱਠੀ ਗੰਭੀਰ ਚਰਚਾ ਦਾ ਵਿਸ਼ਾ ਬਣ ਗਈ ਹੈ। ਪੰਜ ਸਿੰਘ ਸਾਹਿਬਾਨ ਦੇ ਦਸਤਖ਼ਤਾਂ ਹੇਠ ਲਿਖੀ ਇਸ ਚਿੱਠੀ ਵਿੱਚ ਭਾਈ ਗੁਰਬਖਸ਼ ਸਿੰਘ ਨੂੰ ‘ਆਦੇਸ਼’ ਦਿੱਤਾ ਗਿਆ ਹੈ ਕਿ ਕਿਉਂਕਿ, ‘ਬੰਦੀ ਸਿੰਘਾਂ ਦੀ ਰਿਹਾਈ ਆਰੰਭ ਹੋ ਚੁੱਕੀ ਹੈ, ਇਸ ਲਈ ਉਹ ਭੁੱਖ ਹੜਤਾਲ ਨੂੰ ਤੁਰੰਤ ਸਮਾਪਤ ਕਰ ਦੇਣ।
ਅੰਬ ਸਾਹਿਬ ਕੰਪਲੈਕਸ ਵਿੱਚ ਇਸ ਚਿੱਠੀ ਵਿੱਚ ਪੇਸ਼ ਕੀਤੇ ਕਈ ਨੁਕਤਿਆਂ ’ਤੇ ਬਹਿਸ ਛਿੜ ਗਈ ਹੈ ਅਤੇ ਇਸ ਬਹਿਸ ਵਿੱਚ ਸਿਧਾਂਤਕ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇੱਕ ਸਵਾਲ ਇਹ ਕੀਤਾ ਜਾ ਰਿਹਾ ਹੈ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ 14 ਨਵੰਬਰ ਨੂੰ ਗੁਰਦੁਆਰਾ ਅੰਬ ਸਾਹਿਬ ਵਿਖੇ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਜੋ ਅਰਦਾਸ ਕੀਤੀ ਗਈ ਸੀ, ਉਸ ਵਿੱਚ ਇਹ ਪ੍ਰਣ ਕੀਤਾ ਗਿਆ ਸੀ ਕਿ ਜਦੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ, ਉਹ ਭੁੱਖ ਹੜਤਾਲ ਨਹੀਂ ਛੱਡਣਗੇ। ਭਾਈ ਸਾਹਿਬ ਮੀਡੀਆ ਅੱਗੇ ਵੀ ਵਾਰ-ਵਾਰ ਇਹੀ ਕਹਿੰਦੇ ਆ ਰਹੇ ਸਨ, ਕਿ ਜਦੋਂ ਤੱਕ 6 ਸਿੰਘ ਰਿਹਾਅ ਨਹੀਂ ਹੁੰਦੇ ਅਤੇ ਉਨ੍ਹਾਂ ਦੇ ਸਾਹਮਣੇ ਨਹੀਂ ਆਉਂਦੇ, ਉਹ ਭੁੱਖ ਹੜਤਾਲ ਨਹੀਂ ਛੱਡਣਗੇ। ਸਾਡੇ ਇਸ ਪੱਤਰਕਾਰ ਨਾਲ ਵੀ ਉੇਨ੍ਹਾਂ ਨੇ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਇਹੋਂ ਗ਼ੱਲ ਦੁਹਰਾਈ ਸੀ, ਪਰ ਹੁਣ ਜਦੋਂ ਕਿ ਸਿਰਫ਼ ਇੱਕ ਸਿੰਘ ਦੀ ਰਿਹਾਅ ਹੋਇਆ ਹੈ ਅਤੇ ਬਾਕੀ ਸਿੰਘ ਰਿਹਾਅ ਹੀ ਨਹੀਂ ਹੋਏ ਅਤੇ ਦੂਜੇ ਪਾਸੇ ਕਰਨਾਟਕ ਅਤੇ ਯੂ.ਪੀ. ਦੇ ਸਿੰਘਾਂ ਬਾਰੇ ਹਾਲੇ ਪੁਜੀਸ਼ਂਨ ਹੀ ਸਪੱਸ਼ਟ ਨਹੀਂ ਹੋਈ ਤਾਂ ਉਸ ਹਾਲਤ ਵਿੱਚ ਕੀ ਭਾਈ ਗੁਰਬਖਸ਼ ਸਿੰਘ ਖਾਲਸਾ ਅਰਦਾਸ ਵਿੱਚ ਕੀਤੇ ਵਾਅਦੇ ਨੂੰ ਪਹਿਲ ਦੇਣਗੇ ਜਾਂ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਮੰਨਣਗੇ? ਸਿੱਖੀ ਸਿਧਾਂਤ ਇਹੋਂ ਜਿਹੀ ਸਥਿਤੀ ਵਿੱਚ ਕੀ ਕਹਿੰਦੇ ਹਨ, ਇਸ ਮੁਸ਼ਕਿਲ ਸਵਾਲ ਦੇ ਜਵਾਬ ਅੱਜ ਅੰਬ ਸਾਹਿਬ ਕੰਪਲੈਕਸ ਵਿੱਚ ਤਿੱਖੀ ਬਹਿਸ ਦਾ ਵਿਸ਼ਾ ਬਣ ਗਏ ਸੀ।
ਸੰਘਰਸ਼ ਚਲਾ ਰਹੀ ਕਮੇਟੀ ਨਾਲ ਜਦੋਂ ਇਸ ਸੰਬੰਧ ਵਿੱਚ ਸੰਪਰਕ ਕੀਤਾ ਗਿਆ ਤਾਂ ਉਹ ਵੀ ਸਿੰਘ ਸਾਹਿਬਾਨ ਦੀ ਚਿੱਠੀ ਵਿੱਚ ਭਾਈ ਸਾਹਿਬ ਨੂੰ ਦਿੱਤੇ ਆਦੇਸ਼ ਨੂੰ ਕੇਵਲ ਹੈਰਾਨ ਹੀ ਹੋ ਰਹੇ ਸਨ, ਪ੍ਰੰਤੂ ਕੋਈ ਵੀ ਟਿੱਪਣੀ ਕਰਨ ਤੋਂ ਗੁਰੇਜ਼ ਕਰ ਰਹੇ ਸਨ। ਉਧਰ ਅਕਾਲ ਤਖ਼ਤ ਸਾਹਿਬ ’ਤੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਚੜ੍ਹਦੀ ਕਲਾ ਲਈ ਅਖੰਡ ਪਾਠ ਆਰੰਭ ਕੀਤਾ ਜਾ ਰਿਹਾ ਹੈ, ਜਿਸ ਦਾ ਭੋਗ 27 ਦਸੰਬਰ ਨੂੰ ਪਵੇਗਾ। ਇਸੇ ਦੌਰਾਨ ਭਾਈ ਸਾਹਿਬ ਅੱਜ ਸੰਗਤਾਂ ਨੂੰ ਸੰਬੋਧਨ ਕਰਦਿਆਂ ਫਤਿਹਗੜ੍ਹ ਸਾਹਿਬ ਵਿੱਚ ਹੋ ਰਹੇ ਸ਼ਹੀਦੀ ਜੋੜ ਮੇਲੇ ’ਤੇ ਜਾਣ ਦੀ ਇੱਛਾ ਪ੍ਰਗਟ ਕੀਤੀ। ਨਿੱਕੇ-ਨਿੱਕੇ ਗਰੁੱਪਾਂ ਵਿੱਚ ਵੰਡੀ ਹੋਈ ਸੰਗਤ ਇਸ ਮਾਮਲੇ ਬਾਰੇ ਵੀ ਤਰ੍ਹਾਂ-ਤਰ੍ਹਾਂ ਦੇ ਵਿਚਾਰ ਪ੍ਰਗਟ ਕਰ ਰਹੀ ਸੀ। ਉਹ ਇਹ ਕਹਿਣਾ ਚਾਹੁੰਦੇ ਸਨ ਕਿ ਭਾਈ ਸਾਹਿਬ ਨੂੰ ਬੇਨਤੀ ਕੀਤੀ ਜਾਵੇ ਕਿ ਉਹ ਭੁੱਖ ਹੜਤਾਲ ਵਾਲੀ ਥਾਂ ਨੂੰ ਨਾ ਛੱਡਣ, ਕਿਉਂਕਿ ਇਸ ਤਰ੍ਹਾਂ ਨਾਲ ਕਈ ਤਰ੍ਹਾਂ ਦੀਆਂ ਗ਼ੱਲਾਂ ਕੀਤੀਆਂ ਜਾਂਦੀਆਂ ਹਨ। ਸੰਗਤ ਇਹ ਬੇਨਤੀ ਕਰਨਾ ਚਾਹੁੰਦੀ ਸੀ ਕਿ ਇਹੋ ਜਿਹੇ ਸਮੇਂ ਉਨ੍ਹਾਂ ਵੱਲੋਂ ਕਦੇ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਾ, ਕਦੇ ਫਾਰਟਿਸ ਹਸਪਤਾਲ ਵਿੱਚ ਜਾ ਦਾਖਲ ਹੋਣਾ, ਕਦੇ ਬੁੜੈਲ ਜੇਲ੍ਹ ਵੱਲ ਰਵਾਨਾ ਹੋ ਜਾਣਾ ਅਤੇ ਹੁਣ ਫਤਿਹਗੜ੍ਹ ਸਾਹਿਬ ਜਾਣ ਦੀ ਇੱਛਾ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲ ਮਾਰਚ ਕਰਕੇ ਜਾਣਾ ਮੌਜੂਦਾ ਹਾਲਤ ਵਿੱਚ ਹਾਸੋਹੀਣਾ ਹੋ ਜਾਂਦਾ ਹੈ, ਕਿਉਂਕਿ ਜਦੋਂ ਹਕੀਕਤ ਵਿੱਚ ਅਜੇ ਕੁਝ ਵੀ ਠੋਸ ਰੂਪ ਵਿੱਚ ਪ੍ਰਾਪਤ ਨਹੀਂ ਹੋਇਆ। ਮੀਡੀਆ ਹਾਲੇ ਵੀ ਦੱਬੀ ਜ਼ੁਬਾਨ ਇਹ ਚਰਚਾ ਕਰ ਰਿਹਾ ਹੈ ਕਿ ਸੰਸਾਰ ਵਿੱਚ ਅਜੇ ਕੋਈ ਅਜਿਹੀ ਭੁੱਖ ਹੜਤਾਲ ਨਹੀਂ ਦੇਖੀ ਗਈ ਜਿੱਥੇ ਭੁੱਖ ਹੜਤਾਲ ਰੱਖਣ ਵਾਲਾ ਵਿਅਕਤੀ ਵੱਖ-ਵੱਖ ਥਾਂਵਾਂ ’ਤੇ ਘੁੰਮਦਾ ਫਿਰੇ। ਹੁਣ ਤੱਕ ਇਤਿਹਾਸ ਵਿੱਚ ਜਿਹੜੀਆਂ ਮਿਸਾਲਾਂ ਮਿਲਦੀਆਂ ਉਨ੍ਹਾਂ ਅਨੁਸਾਰ ਜਿਵੇਂ ਕਿ ਮਾਸਟਰ ਤਾਰਾ ਸਿੰਘ, ਮਹਾਤਮਾ ਗਾਂਧੀ, ਦਰਸ਼ਨ ਸਿੰਘ ਫੇਰੂਮਾਨ, ਸੰਤ ਫ਼ਤਿਹ ਸਿੰਘ ਇੱਕੋਂ ਹੀ ਥਾਂ ’ਤੇ ਬੈਠੇ ਰਹੇ। ਸੰਗਤਾਂ ਬੜੀ ਨਿਮਰਤਾ ਸਾਹਿਤ ਭਾਈ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਹੈ ਕਿ ਉਹ ਉਦੋਂ ਤੱਕ ਆਪਣੀ ਥਾਂ ਨਾ ਹਿੱਲਣ ਜਦੋਂ ਤੱਕ ਉਨ੍ਹਾਂ ਦੀ ਆਪਣੀ ਅਰਦਾਸ ਮੁਤਾਬਿਕ 6 ਸਿੰਘ ਰਿਹਾਅ ਹੋ ਕੇ ਉਨ੍ਹਾਂ ਦੇ ਸਾਹਮਣੇ ਨਹੀਂ ਆ ਜਾਂਦੇ। ਕੇਵਲ ਉਸਤੋਂ ਪਿੱਛੋਂ ਹੀ ਕਿਸੇ ਵੀ ਕਿਸਮ ਦੇ ਫ਼ਤਿਹ ਮਾਰਚ ਆਪਣੀ ਅਹਿਮੀਅਤ ਰੱਖਣਗੇ। ਸੰਗਤਾਂ ਨੂੰ ਡਰ ਹੈ ਕਿ ਕਿਤੇ ਸਰਕਾਰ ਦੀਆਂ ਚਾਲਾਂ ਨਾਲ ਇਹ ਸਾਰਾ ਸੰਘਰਸ਼ ਜਿੱਤ ਦੇ ਐਨ ਨਜ਼ਦੀਕ ਪਹੁੰਚ ਕੇ ਅਸਫ਼ਲ ਨਾ ਹੋ ਜਾਵੇ।
ਕਰਮਜੀਤ ਸਿੰਘ
09915091063