27 ਜੁਲਾਈ 2013
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਅੱਜ ਕਾਫੀ ਸਮੇਂ ਬਾਅਦ ਬਹੁਤ ਸਾਰਿਆਂ ਗੱਲਾਂ ਦਿਲ 'ਚ ਆ ਰਹੀਆਂ ਸਨ ਤੇ ਲਿਖਣ ਨੂੰ ਜੀ ਕੀਤਾ, ਫਿਰ ਸੋਚਿਆ ਕੇ ਲਿਖਾਂ ਕੀ, ਫਿਰ ਸੋਚਿਆ ਕਿਓਂ ਨਾ ਇੱਸੇ ਮੁੱਦੇ ਤੇ ਗੱਲ ਕੀਤੀ ਜਾਵੇ, ਕਿ ਸਿੱਖ ਦਾ ਜੀਵਨ ਕਿੱਦਾਂ ਦਾ ਹੋਵੇ ਕਿੱਦਾਂ ਉਸਦਾ ਵਿਉਹਾਰ ਹੋਵੇ...
ਗੁਰਬਾਣੀ ਚ ਸਾਫ਼ ਸਪਸ਼ਟ ਸੰਕੇਤ ਹੈ, ਕਿ ਸਿੱਖ ਕਿੱਦਾਂ ਦਾ ਹੋਵੇ ਜੋ ਗੁਰੂ ਸਾਹਿਬ ਆਪ ਫੁਰਮਾਨ ਕਰਦੇ ਹਨ:
ਸਲੋਕ ਮਃ 1 ॥
ਗਿਆਨ ਵਿਹੂਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥ ਮਖਟੂ ਹੋਇ ਕੈ ਕੰਨ ਪੜਾਏ ॥ ਫਕਰੁ ਕਰੇ ਹੋਰੁ ਜਾਤਿ ਗਵਾਏ ॥
ਗੁਰੁ ਪੀਰੁ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ ॥ ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥1॥
ਇਸ ਸ਼ਬਦ ਤੋਂ ਸਾਨੂ ਸੇਧ ਮਿਲਦੀ ਹੈ ਕਿ ਗੁਰੂ ਘਰ 'ਚ ਕਿਰਤੀ ਪ੍ਰਵਾਨ ਹੈ, ਵੇਹਲੜ ਬੰਦਿਆਂ ਨੂੰ ਤਾਂ ਮਿਲਣ ਜੁਲਣ ਨੂੰ ਵੀ ਗੁਰੂ ਵੱਲੋਂ ਮਨਾ ਕੀਤਾ ਗਿਆ ਹੈ।
ਅੱਜ ਇਕ ਪੜਤਾਲ ਕਰਦੇ ਹਾਂ ਕਿ ਇਸ ਸ਼ਬਦ ਅਨੁਸਾਰ ਕੀ ਇਕ ਸਿੱਖ ਦਾ ਜੀਵਨ ਸਹੀ ਅਰਥਾਂ 'ਚ ਜੀਵਿਆ ਜਾ ਰਿਹਾ ਹੈ, ਕੀ ਸਾਡੇ 'ਚ ਅੱਜ ਉਹ ਲੋਗ ਨਹੀਂ ਹਨ ਜੋ ਗਿਆਨ ਤੋਂ ਵਾਂਝੇ ਹੋਣ ਦੇ ਬਾਵਜੂਦ, ਗੀਤ ਬਣਾ ਕੇ ਅਪਣੀ ਰੋਟੀ ਦੇ ਜੁਗਾੜ ਲਈ ਗੁਰਬਾਣੀ ਗਾਉਂਦੇ ਨੇ, ਚਾਹੇ ਉਹ ਅਧੂਰੇ ਗਿਆਨ ਅਤੇ ਝੂਠੀ ਗੱਲਾਂ ਨੂੰ ਸੰਗਤ ਵਿਚ ਪ੍ਰਚਾਰਦੇ ਨੇ, ਜਿਸ ਨਾਲ ਭੋਲੇ ਭਲੇ ਸਿੱਖਾਂ 'ਚ ਭਰਮ ਪੈਦਾ ਹੁੰਦਾ ਹੈ, ਕਿਓਂਕਿ ਨਾਮਵਰ ਰਾਗੀ, ਕੀਰਤਨੀਆ ਅਤੇ ਕਥਾਕਾਰ ਹੋਣ ਦੇ ਨਾਤੇ, ਭੋਲੀ ਭਾਲੀ ਸੰਗਤ ਉਸਦੀ ਕਹਿ ਗੱਲ ਨੂੰ ਹੀ ਸਚ ਮੰਨ ਬੈਠਦੀ ਹੈ।
ਅਗਲੀ ਗੱਲ ਦੇਖਦੇ ਹਾਂ ਤੇ ਪਤਾ ਲੱਗਦਾ ਹੈ, ਕਿ ਅੱਜ ਦੇ ਡੇਰੇਦਾਰ ਹੋਰ ਕੋਈ ਕਿੱਤਾ ਕਰਣ ਦੀ ਥਾਂ, ਆਪਣੇ ਘਰ ਨੂੰ ਹੀ ਡੇਰਾ ਬਣਾ ਲੈਂਦੇ ਨੇ, ਜਿਸ ਨਾਲ ਉਨ੍ਹਾਂ ਨੂੰ ਗੁਰੂ ਦੇ ਨਾਮ 'ਤੇ ਘਰ ਬੈਠੇ ਹੀ ਤੋਰੀ ਫੁਲਕੇ ਦਾ ਜੁਗਾੜ ਹੋ ਜਾਂਦਾ ਹੈ, ਉਹ ਇਸ ਲਈ ਪਰਿਵਾਰ ਵੀ ਨਹੀਂ ਵਧਾਉਂਦੇ ਕਿ ਕਿਤੇ ਉਨ੍ਹਾਂ ਨੂੰ ਪਰਿਵਾਰ ਨੂੰ ਪਾਲਣ ਲਈ ਕੋਈ ਕੰਮ ਨਾ ਕਰਨਾ ਪੈ ਜਾਵੇ
ਕੁਛ ਲੋਗ ਕੰਨ ਪੜਵਾ ਲੈਂਦੇ ਨੇ, ਭਾਵ ਖਾਸ ਕਿਸਮ ਦੀ ਪੋਸ਼ਾਕ ਪਾ ਕੇ ਆਪਣੇ ਆਪ ਨੂੰ ਧਾਰਮਿਕ ਦਿਖਾਉਣ ਦਾ ਢੋੰਗ ਕਰਦੇ ਹਨ ਅਤੇ ਸੁੱਚ ਭਿੱਟ ਦਾ ਇਹੋ ਜਿਹਾ ਦਿਖਾਵਾ ਕਰਦੇ ਹਨ, ਕਿ ਨਾ ਕੇਵਲ ਆਪਣੇ ਘਰ ਮਾਂ ਦੇ ਹੱਥ ਦਾ ਬਣਿਆ ਦਾਲ ਫੁਲਕਾ ਖਾਣ ਤੋਂ ਇਨਕਾਰੀ ਹੋ ਜਾਂਦੇ ਹਨ, ਪਰ ਕੋਈ ਕੋਈ ਤੇ ਆਪਣੇ ਆਪ ਨੂੰ ਪੰਥ ਦਾ ਮਹਾਂ ਕੀਰਤਨੀਆ ਅਖਵਾਉਣ ਵਾਲੇ ਤੇ ਸੰਗਤ ਵਿਚ ਵਰਤਾਏ ਜਾਂਦੀ ਦੇਗ ਲੈਣ ਤੋਂ ਵੀ ਪਰਹੇਜ ਕਰਦੇ ਹਨ, ਕਿ ਉਹ ਉਨ੍ਹਾ ਦੇ ਜੱਥੇ ਦੇ ਕਿਸੇ ਬੰਦੇ ਨੇ ਨਹੀਂ ਬਣਾਈ ਹੁੰਦੀ।
ਕੁਛ ਤੇ ਆਪਣੇ ਘਰ ਬਾਹਰ ਨੂੰ ਛਡ ਕੇ ਫ਼ਕੀਰ ਬਣ ਕੇ ਫਿਰਦੇ ਹਨ, ਆਪਣੀ ਜਾਤ ਯਾਨੀ ਪਰਿਵਾਰਕ ਜਿਮੇਵਾਰੀ ਤੋਂ ਮੁਨਕਰ ਹੋ ਜਾਂਦੇ ਹਨ ਤੇ ਫਿਰ ਧਰਮ ਦੇ ਨਾਮ ਤੇ ਭੰਗ ਆਦਿਕ ਨਸ਼ਿਆਂ ਨੂੰ ਵਧਾਵਾ ਦਿੰਦੇ ਹਨ ਤੇ ਆਪਣੀ ਜਾਤ ਹੀ ਗੁਆ ਲੈਂਦੇ ਹਨ, ਭਾਵ ਆਪਣੇ ਪਰਿਵਾਰ ਨੂੰ ਹੀ ਨਹੀਂ ਵਧਾਉਂਦੇ।
ਕੁਛ ਲੋਗ ਆਪਣੇ ਆਪ ਨੂੰ ਗੁਰੂ ਜਾਂ ਪੀਰ ਸਦਾਉਂਦੇ ਹਨ, ਇਨ੍ਹਾਂ ਚ ਓਹ ਲੋਗ ਵੀ ਸ਼ਾਮਲ ਹਨ ਜੋ ਆਪਣੇ ਆਪ ਨੂੰ ਪੰਥ ਦੇ ਆਗੂ ਅਖਾਉਂਦੇ ਹਨ, ਪਰ ਆਪਣੇ ਦਲ ਫੁਲਕੇ ਅਤੇ ਰੋਜੀ ਰੋਟੀ ਦੇ ਚੱਕਰ 'ਚ ਜਾਂ ਆਪਣੀ ਸੱਚੀ ਝੂਠੀ ਗੱਲਾਂ ਮਨਾਉਣ ਲਈ ਥਾਂ ਥਾਂ ਭਟਕਦੇ ਰਹਿੰਦੇ ਹਨ।
ਗੁਰੂ ਸਾਹਿਬ ਦਾ ਸਿਧਾ ਫੁਰਮਾਨ ਹੈ, ਕਿ ਮੂਲ ਹੀ ਯਾਨੀ ਬਿਲਕੁਲ ਇਨ੍ਹਾ ਜੇਹੀਆਂ ਲੋਕਾਂ ਦੇ ਮਥੇ ਨਹੀਂ ਲਗਣਾ।
ਜੇ ਫਿਰ ਗੁਰੂ ਸਾਹਿਬ ਤੋਂ ਪੁਛਿਆ ਜਾਵੇ ਕਿ ਗੁਰੂ ਸਾਹਿਬ ਇਕ ਸੱਚੇ ਸਿੱਖ ਦੀ ਪਛਾਣ ਕੀ ਹੈ, ਤੇ ਸਾਨੂੰ ਗੁਰੂ ਸਾਹਿਬ ਗੁਰਬਾਣੀ ਰਾਹੀਂ ਹੀ ਸੇਧ ਦਿੰਦੇ ਹਨ, ਕਿ ਉਹ ਜੋ ਸੱਚੀ ਧਰਮ ਦੀ ਕਿਰਤ ਕਰੇਗਾ, ਘਾਲ ਖਾਏਗਾ ਯਾਨੀ ਮਿਹਨਤ ਕਰਕੇ ਆਪਣੇ ਤੇ ਆਪਣੇ ਪਰਿਵਾਰ ਲਈ ਰੋਟੀ ਅਤੀ ਹੋਰ ਪਰਿਵਾਰਕ ਜਰੂਰਤਾਂ ਨੂੰ ਪੂਰਾ ਕਰੇਗਾ, ਅਤੇ ਆਪਣੇ ਆਲੇ ਦੁਆਲੇ ਲੋੜਵੰਦ ਦੀ ਮਦਦ ਨਾ ਕੇਵਲ ਮਾਇਕ ਅਤੇ ਮਾਲੀ ਤੌਰ 'ਤੇ ਕਰੇਗਾ, ਬਲਕਿ ਆਪਣਾ ਹੁਨਰ ਅਤੇ ਲੋੜਵੰਦ ਨੂੰ ਪੜ੍ਹਾਈ ਲਿਖਾਈ 'ਚ ਮਦਦ ਕਰ ਕੇ, ਉਸਨੂੰ ਆਪਣੇ ਪੈਰਾਂ 'ਤੇ ਖੜਾ ਕਰਨ ਅਤੇ ਉਸ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਭਰਨ ਪੋਸ਼ਣ ਕਰਨ ਜੋਗਾ ਹੋਣ ਲਾਇਕ ਬਣਨ 'ਚ ਮਦਦ ਕਰੇ, ਉਸੇ ਨੂੰ ਰਾਹ ਦੀ ਅਸਲ ਪਛਾਣ ਹੈ ਅਤੇ ਓਹੀ ਸਚਾ ਸਿੱਖ ਹੈ।
ਇਥੇ ਇਕ ਸਵਾਲ ਇਹ ਹੈ ਕੀ ਕਿਸੇ ਦੀ ਮਦਦ ਕਰ ਕੇ ਉਸਨੂੰ ਜਤਾਉਣਾ ਅਤੇ ਆਪਣੀ ਤਾਰੀਫ਼ ਜਨਤਕ ਤੌਰ 'ਤੇ ਕਰਨੀ ਯਾਂ ਆਪਣੀ ਨਿਜੀ ਮੁਫਾਦ ਲਈ ਕਿਸੇ ਨੂੰ ਬੁਰਾ ਭਲਾ ਕਹਿਣਾ ਜਾਂ ਕਿਸੇ 'ਤੇ ਝੂਠੇ ਸਚੇ ਇਲਜਾਮ ਲਾਉਣੇ ਵੀ ਕੀ ਸਿੱਖੀ ਹੈ ???
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਦਿਆਰਥੀ
ਸਰਬਜੋਤ ਸਿੰਘ ਦਿੱਲੀ