ਕਬੂਤਰੀ ਦੇ ਬੱਚੇ ਨੇ ਜਦ
ਅੱਖਾਂ ਖੋਹਲੀਆਂ ਤਾਂ ਕਬੂਤਰੀ ਉਸ ਨੂੰ ਬਿੱਲੀ ਤੋਂ ਬੱਚਣ ਦਾ ਗੁਰ ਦੱਸਦੀ ਕਹਿ ਰਹੀ ਸੀ ਕਿ ਪੁੱਤਰ
ਜਦ ਵੀ ਬਿੱਲੀ ਆਵੇ ਅੱਖਾਂ ਮੀਚ ਸਮਾਧੀ ਲਾ ਲੈਣੀ ਹੈ।
ਪਰ ਮਾਂ ਇੰਝ ਤਾਂ ਉਹ ਖਾ
ਜਾਵੇਗੀ?
ਤੂੰ ਮੇਰੇ ਤੋਂ ਜਿਆਦਾ ਗਿਆਨੀ
ਜੰਮ ਪਿਆਂ? ਜਦ ਬਿੱਲੀ ਨੂੰ ਤੂੰ
ਨਾ ਵੇਖੇਗਾਂ ਤਾਂ ਬਿੱਲੀ ਤੈਨੂੰ ਕਿੱਥੋਂ ਵੇਖ ਲਵੇਗੀ!!
ਬਾਜ ਦੇ ਬੱਚੇ ਦੀਆਂ ਜਦ
ਅੱਖਾਂ ਖੁਲ੍ਹੀਆਂ ਤਾਂ ਉਹ ਦੱਸ ਰਿਹਾ ਸੀ ਕਿ ਅਕਾਸ਼ ਵਿਚ ਉੱਡਦੇ ਪੰਛੀ ਨੂੰ ਕਿਵੇਂ ਸੁਟਣਾ ਹੈ ਅਤੇ
ਹੇਠਾਂ ਤੁਰਨ ਵਾਲੇ ਉਪਰ ਕਿਵੇਂ ਝੱਪਟਣਾ ਹੈ!
ਕਬੂਤਰ ਅਪਣੇ ਬੱਚੇ ਨੂੰ
ਕਹਾਣੀ ਸੁਣਾ ਰਿਹਾ ਸੀ ਕਿ ਬੱਚਾ ਤੇਰਾ ਦਾਦਾ ਬਹੁਤ ਪਹੁੰਚਿਆ ਹੋਇਆ ਦਾਨਾ ਸੀ। ਸਾਰੇ ਪਿੰਡ ਵਿਚ
ਉਸ ਦੀ ਦਾਨਸ਼ਮੰਦੀ ਦੇ ਚਰਚੇ ਸਨ। ਉਹ ਬੜਾ ਭਜਨੀਕ ਸੀ। ਕਈ ਕਈ ਚਿਰ ਪਾਣੀ ਵਿਚ ਹੀ ਖੜਾ ਰਹਿੰਦਾ
ਸੀ। ਕਿੱਲੀ ਨਾਲ ਪੁੱਠਾ ਲਮਕ ਭਜਨ ਕਰਿਆ ਕਰਦਾ ਸੀ। ਬਿੱਲੀ ਤੋਂ ਅੱਖਾਂ ਮੀਚ ਕੇ ਬੱਚਣ ਦੀ ‘ਵਿਗਆਨਕ ਕਾਢ’ ਵੀ ਉਸੇ ਦੀ ਦੇਣ
ਹੈ! ਤੈਨੂੰ ਮਾਣ ਹੋਣਾ ਚਾਹੀਦਾ ਅਪਣੇ ਦਾਦੇ ਉਪਰ।
ਬਾਜ ਅਪਣੇ ਬੱਚੇ ਨੂੰ ਕਹਾਣੀ
ਸੁਣਾ ਸੀ ਕਿ ਪੁੱਤਰ ਮੈਂ ਛੋਟਾ ਜਿਹਾ ਸੀ, ਜਦ ਤੇਰੇ ਬਾਬੇ ਨੇ ਮੈਨੂੰ ਪਹਿਲੀ ਵਾਰ ਸ਼ਿਕਾਰ ਖੜਿਆ। ਬਾਬਾ ਤੇਰਾ ਇਨਾ
ਦਲੇਰ ਸੀ, ਕਿ ਉਹ ਜੰਗਲ ਵਿਚ
ਇਕ ਤੁਰੇ ਫਿਰਦੇ ਬਗਿਆੜ 'ਤੇ ਜਾ ਝਪਟਿਆ। ਕਈ
ਚਿਰ ਉਨ੍ਹਾਂ ਦਾ ਯੁਧ ਹੁੰਦਾ ਰਿਹਾ ਅਤੇ ਆਖਰ ਬਗਿਆੜ ਤੇਰੇ ਦਾਦੇ ਦੇ ਮਜਬੂਤ ਪੰਜਿਆਂ ਦੀ ਗ੍ਰਿਫਤ
ਵਿਚੋਂ ਨਿਕਲ ਨਾ ਸਕਿਆ ਅਤੇ ਕੁਝ ਹੀ ਚਿਰ ਵਿਚ ਅਸੀਂ ਉਸ ਦੀਆਂ ਲੀਰਾਂ ਕਰ ਮਾਰੀਆਂ!
ਬਾਪੂ ਬਘਿਆੜ ਨੂੰ ਢਾਹ ਮਾਰਿਆ
ਤੁਸੀਂ?
ਹਾਂਅ ਪੁੱਤਰ! ਉਹ ਕਾਬਲ ਦੇ
ਜੰਗਲਾਂ ਵਲੋਂ ਆਉਂਦਾ ਸੀ ਸਭ ਲੋਕਾਂ ਦੀਆਂ ਭੇਡਾਂ-ਬੱਕਰੀਆਂ ਖਾ ਜਾਂਦਾ ਸੀ।
ਬਾਬਾ
ਫੌਜਾ ਸਿੰਘ ਦੇਖ ਰਿਹਾ ਸੀ ਕਿ ਸਮਾਂ ਕਿੰਨਾ ਬਦਲ ਗਿਆ! ਇਕ ਗਧਾ, ਬਾਜਾਂ
ਨੂੰ ਉਪਦੇਸ਼ ਦਿੰਦਾ ਕਬੂਤਰ ਬਣਨ ਦੀ ਕਹਾਣੀ ਸੁਣਾਉਂਦਾ ਦੱਸ ਰਿਹਾ ਸੀ ਕਿ ‘ਕਬੂਤਰ’ ਭਾਈਓ
ਤੁਸੀਂ ਕਦੇ ‘ਸੱਚਖੰਡ’ ਵਿਚੋਂ
ਲਿਆਂਦੇ ਸੰਤਰੇ ਖਾਧੇ ਹਨ? ਨਹੀਂ ਨਾ ਖਾਧੇ? ਪਰ ਮੈਂ ਖਾਧੇ ਹਨ!!
ਕਵਾੜ ਖੋਲ੍ਹ ਕੇ ਰੱਖ ਦਿੱਤੇ ਮੇਰੇ ਤਾਂ। ਸਿੱਧਾ ਦਸਵਾਂ ਦਵਾਰ ਦਾ ਫਾਟਕ ਖੁਲ੍ਹ ਗਿਆ ਮੇਰਾ! ਜਦ
ਦੇ ‘ਸਚਖੰਡ’ ਵਿਚਲੇ ਸੰਤਰੇ ਖਾਧੇ
ਹਨ ਪ੍ਰਸ਼ਾਦਾ ਵੀ ਕਦੇ ਨਹੀਂ ਛੱਕਿਆ! ਪੌਣਹਾਰੀ ਹੋ ਗਿਆ ਹਾਂ ਮੈਂ! ਤੇ ਇਸੇ ਪੌਣ ਨਾਲ ਹੀ ਪੇਟ ਭਰ
ਕੇ ‘ਦਿਨ ਪੂਰੇ’ ਹੋਣ ਵਰਗਾ ਹੋ ਗਿਆ
ਹੈ? ਆਖੋ ਜੰਗਲ ਦੀ
ਜੈ!!!
ਬਾਜ, ਬੀਬੇ ਕਬੂਤਰ ਬਣਕੇ
ਗੁਟਕੂੰ ਗੁਟਕੂੰ ਕਰ ਰਹੇ ਸਨ। ਧੰਨ ਹੋ ਧੰਨ ਹੋ ਗਧਾ ਜੀ। ਤੁਹਾਡੇ ਵਰਗਾ ਕੌਣ ਹੋਵੇ! ਬਾਜਾਂ ਦਾ
ਦਿਲ ਵੀ ਕਰ ਰਿਹਾ ਸੀ ਕਿ ਕਾਸ਼ ਕਿਤੇ ‘ਸਚਖੰਡ’ ਵਾਲੇ ਸੰਤਰੇ ਸਾਨੂੰ ਵੀ ਨਸੀਬ ਹੋ ਜਾਣ!
ਉਚੀਆਂ ਉਡਾਰੀਆਂ ਮਾਰ ਕੇ
ਨਾਦਰਾਂ-ਅਬਦਾਲੀਆਂ ਦਾ ਸ਼ਿਕਾਰ ਕਰਨ ਵਾਲੇ ਬਾਜ ਅੱਜ ‘ਸਚਖੰਡ’ ਦੇ ਨਕਲੀ ਸੰਤਰਿਆਂ 'ਤੇ ਹੀ ਗੁਟਕੂੰ ਗੁਟਕੂੰ ਕਰਦੇ ਪੰਡੀਏ ਦੀ ਛੱਤਰੀ 'ਤੇ ਉਤਰਦੇ ਨਜਰ ਆ
ਰਹੇ ਸਨ।
ਬਾਬਾ ਫੌਜਾ ਸਿੰਘ ਗਧੇ ਦੀ
ਕਹਾਣੀ ਅਤੇ ਮੂਹਰੇ ਬੈਠੇ ‘ਕਬੂਤਰਾਂ’ ਦੀ ਗੁਟਕੂੰ ਗੁਟਕੂੰ
ਸੁਣ ਉਦਾਸ ਹੋ ਗਿਆ, ਜਿਸ ਦੀ ਬਾਜਾਂ ਦੀ
ਕੌਮ ਨੂੰ ਪੰਡੀਏ ਨੇ ਕਬੂਤਰ ਬਣਾ ਧਰਿਆ ਸੀ, ਤੇ ਜਿਸ ਉਪਰ ਹੁਣ ਹਰੇਕ ਬਿੱਲੀ ਝਪਟਣ ਲਈ ਤਿਆਰ ਖੜੀ ਸੀ। ਇਥੋਂ ਤੱਕ
ਕਿ ਪੰਜਾਬ ਵਿਚ ਰੂਸ ਦੇ ਖੁਰਕ ਖਾਧੇ ਕੁੱਤੇ ਹੀ ਮਾਣ ਨਹੀਂ ਸਨ, ਪਰ ਕਬੂਤਰ ਹੁਰੀਂ
ਅੱਖਾਂ ਮੀਚੀ ਬੱਤੀਆਂ ਵੀ ਬੰਦ ਕਰੀ ਬੈਠੇ ਕਿਸੇ ਨੇਹਕਲੰਕ ਦੀ ਉਡੀਕ ਵਿਚ ਢੋਲਕੀਆਂ ਚਿਮਟਿਆਂ ਦਾ
ਸਿਰ ਪਾੜੀ ਜਾ ਰਹੇ ਸਨ!!!
ਗੁਰਦੇਵ
ਸਿੰਘ ਸੱਧੇਵਾਲੀਆ
(https://www.facebook.com/profile.php?id=100001099633610)
Source: http://www.thegurugranth.com/2013/08/baaz-and-pigeon.html