SIKHI AWARENESS & WELFARE SOCIETY SIKHI AWARENESS & WELFARE SOCIETY Author
Title: ਕੀ ਜੋੜੀਆਂ ਧੁਰੋ ਹੀ ਬਣਂਦੀਆ ਹਨ ?? : ਮਨਪ੍ਰੀਤ ਸਿੰਘ
Author: SIKHI AWARENESS & WELFARE SOCIETY
Rating 5 of 5 Des:
ਸਾਡੇ ਬਹੁਤੇ ਲੋਕ ਆਖਣ ਗਏ ,ਜੀ ਸੰਜੋਗ ਤਾ ਰੱਬ ਨੇ ਪਹਿਲਾ ਹੀ ਲਿਖੇ ਹਨ ,,ਭਾਵ ਜੋੜੀਆਂ ਰੱਬ ਨੇ ਪਹਿਲਾ ਹੀ ਲਿਖ ਦਿਤੀਆਂ ਹਨ ,,, ਜੇ ਸਾਡੀ ਇਹ ਹੀ ਸੋਚਣੀ ਹੈ ਕਿ ਜੋੜ...
ਸਾਡੇ ਬਹੁਤੇ ਲੋਕ ਆਖਣ ਗਏ ,ਜੀ ਸੰਜੋਗ ਤਾ ਰੱਬ ਨੇ ਪਹਿਲਾ ਹੀ ਲਿਖੇ ਹਨ ,,ਭਾਵ ਜੋੜੀਆਂ ਰੱਬ ਨੇ ਪਹਿਲਾ ਹੀ ਲਿਖ ਦਿਤੀਆਂ ਹਨ ,,,
ਜੇ ਸਾਡੀ ਇਹ ਹੀ ਸੋਚਣੀ ਹੈ ਕਿ ਜੋੜੀਆਂ ਤਾਂ ਅਸਮਾਨ ਵਿੱਚ ਬਣਦੀਆਂ ਹਨ ਤਾਂ ਫਿਰ ਅਸੀਂ ਲੜਕੀ ਜਾਂ ਲੜਕਾ ਵੇਖਣ ਲਈ ਕਈ-ਕਈ ਘਰਾਂ ਵਿੱਚ ਕਿਉਂ ਭਜੇ ਫਿਰਦੇ ਹਾਂ। ਜਿਹੜੇ ਵਿਅਕਤੀ ਇਹ ਆਖਦੇ ਹਨ ਕਿ ਜੋੜੀਆਂ ਧੁਰੋ ਹੀ ਬਣੀਆਂ ਹੁੰਦੀਆਂ ਹਨ ਕੀ ਉਹ ਖ਼ੁਦ ਇਸ ਗੱਲ ਤੇ ਕਾਇਮ ਰਹਿੰਦੇ ਹਨ? ਕੀ ਉਹ ਜਿਹੜਾ ਵੀ ਪਹਿਲਾ ਰਿਸ਼ਤਾ ਲੜਕੀ ਜਾਂ ਲੜਕੇ ਵਾਸਤੇ ਆ ਗਿਆ ਅੱਖਾਂ ਮੀਟ ਕੇ ਕਰ ਲੈਂਦੇ ਹਨ? ਜੇਕਰ ਅਜਿਹੇ ਸਿੱਖਾਂ ਨੂੰ ਏਨਾ ਹੀ ਯਕੀਨ ਹੈ ਤਾਂ ਫਿਰ ਲੜਕੀ ਵਾਲਿਆਂ ਕੋਲੋ ਦਾਜ ਦੀ ਖਾਹਿਸ਼ ਕਿਉਂ ਰੱਖਦੇ ਹਨ? ਸੱਸ ਜਾਂ ਹੋਰ ਰਿਸ਼ਤੇਦਾਰਾਂ ਵੱਲੋਂ ਨੂੰਹ ਨੂੰ ਤੰਗ ਪਰੇਸ਼ਾਨ ਜਾਂ ਸਾੜਿਆ ਕਿਉਂ ਜਾਂਦਾ ਹੈ? ਵਿਆਹ ਦੇ ਕੁੱਝ ਮਹੀਨੇ ਜਾਂ ਸਾਲ ਪਿੱਛੋਂ ਹੀ ਤਲਾਕ ਕਿਉਂ ਹੋ ਜਾਂਦੇ ਹਨ? ਕੀ ਉਸ ਸਮੇਂ ਨਹੀਂ ਸੋਚਦੇ ਕੇ ਇਹ ਰਿਸ਼ਤਾ ਤਾਂ ਰੱਬ ਨੇ ਧੁਰੋਂ ਲਿਖਕੇ ਘੱਲਿਆ ਹੈ? ਕੀ ਤਲਾਕ ਵੀ ਰੱਬ ਨੇ ਪਹਿਲਾਂ ਹੀ ਲਿਖਿਆ ਸੀ? ਕੀ ਰੱਬ ਤਲਾਕ ਹੋ ਜਾਣ ਮਗਰੋਂ ਫਿਰ ਸੰਜੋਗ ਦੁਬਾਰਾ ਲਿਖ ਦੇਂਦਾ ਹੈ? ਕੀ ਅਜਿਹੇ ਲੋਕ ਸੋਚਦੇ ਹਨ ਕਿ ਪਹਿਲਾ ਰੱਬ ਨੇ ਗਲਤ ਸੰਜੋਗ ਲਿਖ ਦਿੱਤੇ ਸਨ? ਕਈ ਰਿਸ਼ਤੇਦਾਰਾਂ ਵਿੱਚ ਤਾਂ ਲੜਕੀ ਜਾਂ ਲੜਕੇ ਦਾ ਰਿਸ਼ਤਾ ਨਾ ਦੇਣ ਕਰਕੇ ਹੀ ਲੜਾਈ ਹੋ ਜਾਂਦੀ ਹੈ ਉਸ ਸਮੇਂ ਕਿਉਂ ਨਹੀਂ ਸੋਚਦੇ ਕਿ ਰਿਸ਼ਤੇ ਤਾਂ ਅਸਮਾਨ `ਤੇ ਬਣਦੇ ਹਨ? ਕੀ ਅਜਿਹੇ ਲੋਕ ਸਗੋਂ ਦੂਸਰਿਆਂ ਨਾਲੋਂ ਰੱਬ `ਤੇ ਘੱਟ ਯਕੀਨ ਨਹੀਂ ਰੱਖਦੇ ਜਾਪਦੇ, ਕਿਉਂਕਿ ਕਹਿੰਦੇ ਕੁੱਝ ਹੋਰ ਹਨ ਤੇ ਕਰਦੇ ਕੁੱਝ ਹੋਰ ਹਨ। ਅੱਜ ਸਾਡੇ ਬਹੁਗਿਣਤੀ ਧਰਮ ਦੇ ਠੇਕੇਦਾਰਾਂ ਨੇ ਗੁਰੂ ਦੀ ਹਜ਼ੂਰੀ ਵਿੱਚ ਝੂਠ ਬੋਲਣਾ ਅਤੇ ਮਨਘੜਤ ਕਹਾਣੀਆਂ ਸੁਣਾਉਣੀਆਂ ਤਾਂ ਆਪਣੇ ਮਨ ਪ੍ਰਚਾਵੇ ਅਤੇ ਆਮਦਨ ਦਾ ਤਾਂ ਸਾਧਨ ਹੀ ਬਣਾਇਆਂ ਹੋਇਆ ਹੈ।
ਕੀ ਗੁਰਮਤਿ ਇਸ ਗੱਲ ਨੂੰ ਮੰਨਦੀ ਹੈ ਕਿ ਰੱਬ ਕਿਸੇ ਅਸਮਾਨ ਤੇ ਬੈਠਾ ਹੈ? ਜਿਵੇਂ ਸਾਡੇ ਵਿੱਚ ਪ੍ਰਚਾਰਿਆ ਜਾਂਦਾ ਹੈ; ਪਰ ਗੁਰਬਾਣੀ ਤਾਂ ਸਾਨੂੰ ਸੋਝੀ ਦੇਂਦੀ ਹੈ ਕਿ ਅਕਾਲ ਪੁਰਖ ਹਰ ਥਾਂ ਮਾਜ਼ੂਦ ਹੈ:

ਤੂ ਆਪਿ ਕਰਤਾ ਸਭ ਸ੍ਰਿਸਟਿ ਧਰਤਾ ਸਭ ਮਹਿ ਰਹਿਆ ਸਮਾਇ॥ ਧਰਮਰਾਜਾ ਬਿਸਮਾਦੁ ਹੋਆ ਸਭ ਪਈ ਪੈਰੀ ਆਇ॥ (ਮ: 5, ਪੰਨਾ 406)

ਜਲਿ ਥਲਿ ਮਹੀਅਲਿ ਰਵਿ ਰਹਿਆ ਦੂਜਾ ਕੋਈ ਨਾਹਿ॥ (ਮ: ੫, ਪੰਨਾ ੯੬੧)

ਇਹ ਵੀ ਵੀਚਾਰਨ ਵਾਲੀ ਗੱਲ ਹੈ ਕਿ ਕੀ ਸਿੱਖਾਂ ਦਾ ਰੱਬ ਹੋਰ ਹੈ ਅਤੇ ਬਾਕੀ ਕੌਮਾਂ ਜਿਹਨਾ ਦੇ ਕਈ-ਕਈ ਵਿਆਹ ਹੁੰਦੇ ਹਨ ਉਹਨਾਂ ਕੌਮਾ ਜਾਂ ਧਰਮਾ ਦਾ ਰੱਬ ਹੋਰ ਹੈ। ਆਪਣੇ ਗੁਆਂਢੀ ਧਰਮ ਇਸਲਾਮ ਵੱਲ ਹੀ ਵੇਖ ਲਓ, ਜੇ ਧੁਰੋਂ ਲਿਖੇ ਸੰਜੋਗ ਵਾਲੀ ਗੱਲ ਮੰਨ ਲਈਏ ਤਾਂ ਫਿਰ ਇਸਲਾਮ ਧਰਮ ਨੂੰ ਮੰਨਣ ਵਾਲੀਆਂ ਔਰਤਾ ਦੇ ਇੱਕ ਮੁਸਲਮਾਨ ਮਰਦ ਨਾਲ ਰੱਬ ਨੇ ਚਾਰ ਔਰਤਾ ਦੇ ਸੰਜੋਗ ਲਿਖ ਦਿਤੇ ਹਨ। ਗੁਰਬਾਣੀ ਤਾਂ ਉਹਨਾ ਦਾ ਰੱਬ ਵੀ ਉਹੀ ਦੱਸਦੀ ਹੈ: ਹਿੰਦੂ ਤੁਰਕ ਕਾ ਸਾਹਿਬੁ ਏਕ॥ (ਭਗਤ ਕਬੀਰ ਜੀ, ਪੰਨਾ ੧੧੫੮}

ਕੀ ਅੱਜ ਜਿਵੇਂ ਕਨੇਡਾ ਜਾਂ ਹੋਰ ਕਿਸੇ ਦੇਸ਼ ਵਾਲਿਆਂ ਨੇ ਆਦਮੀ ਦੀ ਆਦਮੀ ਨਾਲ ਅਤੇ ਔਰਤ ਦੀ ਔਰਤ ਨਾਲ ਸ਼ਾਦੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਕੀ ਇਹ ਜੋੜੀਆਂ ਵੀ ਰੱਬ ਨੇ ਹੀ ਬਣਾਈਆਂ ਹਨ? ਜੇ ਰੱਬ ਨੇ ਹੀ ਬਣਾਈਆਂ ਹਨ ਤਾਂ ਫਿਰ ਅਸੀਂ ਨਾ ਮਨਜੂਰ ਕਰਨ ਵਾਲੇ ਕੌਣ ਹੁੰਦੇ ਹਾਂ ?
ਇਥੇ ਇੱਕ ਹੋਰ ਵੀ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਕਿਸੇ ਦੇ ਵਿਆਹ ਦੇ ਸੰਜੋਗ ਜਨਮ ਸਮੇਂ (ਪਹਿਲਾਂ ਹੀ) ਲਿਖੇ ਜਾਂਦੇ ਹਨ ਤਾਂ ਫਿਰ ਜਿਹੜਾ ਸਿੱਖ ਆਪਣੇ ਸਿੱਖ ਧਰਮ ਨੂੰ ਛੱਡਕੇ ਰਾਧਾ ਸਵਾਮੀ, ਨਿਰੰਕਾਰੀ, ਆਸ਼ੂਤੋਸ਼, ਸੋਦੇ ਵਾਲੇ ਦੇਹਧਾਰੀ ਸਾਧਾਂ ਦੇ ਧਰਮ ਵਿੱਚ ਚਲੇ ਗਏ ਹਨ ਜਾਂ ਕਿਸੇ ਹੋਰ ਧਰਮ ਨੂੰ ਮੰਨਣ ਲੱਗ ਪੈਂਦੇ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ, ਅਜਿਹੇ ਲੋਕਾਂ ਦੇ ਤਾਂ ਵਿਆਹ ਦੇ ਸੰਜੋਗ ਪਹਿਲਾਂ ਤਾਂ ਸਿੱਖ ਘਰ ਵਿੱਚ ਜਨਮ ਹੋਣ ਕਰਕੇ ਸਿੱਖ ਲੜਕੇ ਲੜਕੀ ਨਾਲ ਲਿਖੇ ਸਨ ਪਰ ਹੁਣ ਰੱਬ ਫਿਰ ਦੁਬਾਰਾ ਲਿਖੇਗਾ?

ਗੁਰਬਾਣੀ ਵਿੱਚ ਇੱਕ ਚੰਗੇ ਪਤੀ ਪਤਨੀ ਦਾ ਮੇਲ ਉਸ ਜੋੜੀ ਨੂੰ ਆਖਿਆ ਹੈ ਜਿਹੜੇ ਦੋਵੇ ਜੀਅ ਇੱਕ ਦੂਜੇ ਦੇ ਵਿਚਾਰਾਂ ਨੂੰ ਸਮਝਦੇ ਹੋਣ ਜਾਨਿਕਿ ਦੋਹਾਂ ਸਰੀਰਾਂ ਵਿੱਚ ਇਕੋ ਆਤਮਾ ਹੋ ਜਾਵੇ। ਗੁਰਬਾਣੀ ਇਹ ਨਹੀਂ ਆਖਦੀ ਕਿ ਇਹ ਜੋੜੀ ਰੱਬ ਨੇ ਬਣਾਈ ਹੈ ,, ਪੜ੍ਹੀਏ ਗੁਰਬਾਣੀ ਦਾ ਇਹ ਸ਼ਬਦ:
ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ॥ (ਮ: 3, ਪੰਨਾ ੭੮੮)


ਮਨਪ੍ਰੀਤ ਸਿੰਘ
(https://www.facebook.com/profile.php?id=100004906602086)

Advertisement

 
Top