ਤਾਨਾਸ਼ਾਹ ਅਤੇ ਪੁਰਾਣੇ ‘ਬੰਬੇ ਟੈਨੇਸੀ ਅਤੇ ਲੈਂਡ ਐਕਟ 1948’ ਦੇ ਹਵਾਲੇ ਨਾਲ ਉਜੜ ਜਾਣ ਦਾ ਆਰਡੀਨੈਂਸ
ਜਾਰੀ ਕਰ ਦਿੱਤਾ
23 ਜੂਨ ਨੂੰ ਮਾਧੋਪੁਰ (ਪਠਾਨਕੋਟ) ਦੀ ਸੰਕਲਪ ਰੈਲੀ ਅਖਬਾਰਾਂ ਦੀਆਂ ਸੁਰਖੀਆਂ ਵਿਚ ਰਹੀ ਸੀ ਕਿਓਂਕਿ
ਮੋਦੀ ਨੇ ਘੱਟਗਿਣਤੀਆਂ ਦੇ ਹਿੱਤਾਂ ਦੀ ਗੱਲ ਕੀਤੀ ਸੀ ਜਿਸ ਦੇ ਜਵਾਬ ਵਿਚ ਕਾਂਗਰਸ ਪ੍ਰਧਾਨ ਸ:
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਨਰਿੰਦਰ ਮੋਦੀ ਵਰਗੇ
ਵਿਅਕਤੀ ਤੋਂ ਸਾਵਧਾਨ ਰਹਿਣਾਂ ਚਾਹੀਦਾ ਹੈ। ਇਸ ਸਬੰਧ ਵਿਚ ਕੌੜਾ ਸੱਚ ਤਾਂ ਇਹ ਹੈ ਕਿ ਇਤਹਾਸਕ
ਤੌਰ ਤੇ ਭਾਜਪਾ ਅਤੇ ਕਾਂਗਰਸ ਦੋਵੇਂ ਹੀ ਪਾਰਟੀਆਂ ਦੇਸ਼ ਦੀਆਂ ਘੱਟਗਿਣਤੀਆਂ ਨੂੰ ਕੁਰਬਾਨੀ ਦਾ ਬੱਕਰਾ
ਬਣਾ ਕੇ ਆਪਣੀ ਰਾਜਨੀਤੀ ਕਰਦੀਆਂ ਰਹੀਆਂ ਹਨ ਅਤੇ ਹੁਣ ਚਿੰਤਾਂ ਦੀ ਗੱਲ ਇਹ ਵੀ ਹੈ ਕਿ ਗੁਜਰਾਤ
ਵਿਚੋਂ ਸਿੱਖਾਂ ਦਾ ਉਜਾੜਾ ਕਰਨ ਵਾਲੇ ਨਰਿੰਦਰ ਮੋਦੀ ਨੂੰ ਭਾਜਪਾ ਵਲੋਂ ਭਾਰਤ ਦਾ ਅਗਲਾ ਪ੍ਰਧਾਨ
ਮੰਤਰੀ ਪ੍ਰਚਾਰਿਆ ਜਾ ਰਿਹਾ ਹੈ। ਨਰਿੰਦਰ ਮੋਦੀ ਦੇ ਪੰਜਾਬ ਦੌਰੇ ਨੂੰ ਲੈ ਕੇ ਅਕਾਲੀ ਦਲ 1920 ਦੇ ਸ: ਰਘਬੀਰ ਸਿੰਘ
ਰਾਜਾਸਾਂਸੀ ਅਤੇ ਹੋਰ ਸਿਨੀਅਰ ਆਗੂਆਂ ਵਲੋਂ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਨਰਿੰਦਰ ਮੋਦੀ ਦੀ
ਕੀਤੀ ਜਾ ਰਹੀ ਅੰਨ੍ਹੇ ਵਾਹ ਹਿਮਾਇਤ ਤੇ ਚਿੰਤਾ ਪ੍ਰਗਟ ਕੀਤੀ ਗਈ ਸੀ ਅਤੇ ਇਤਰਾਜ਼ ਜ਼ਾਹਿਰ ਕੀਤਾ
ਸੀ ਕਿ ਮੋਦੀ ਵਲੋਂ ਗੋਧਰਾ ਕਾਂਡ ਵਿਚ ਮਾਰੇ ਗਏ ਮੁਸਲਮਾਨਾਂ ਪ੍ਰਤੀ ਸੰਕੇਤਕ ਲਫਜ਼ ਕਤੂਰਾ ਵਰਤ ਕੇ
ਖੁਦ ਨੂੰ ਰਾਸ਼ਟਰਵਾਦੀ ਘੋਸ਼ਤ ਕਰਨਾਂ ਦੇਸ਼ ਦੀਆਂ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਹੈ।
ਕੱਛ ਦੇ ਕਿਸਾਨਾਂ ਦੇ ਮੁੱਦੇ
ਦੀਆਂ ਸੁਰਖੀਆਂ ਨੂੰ ਦੇਸ਼ ਦੀਆਂ ਅਖਬਾਰਾਂ ਨੇ ਅਕਾਲੀ ਦਲ ਬੀ ਜੇ ਪੀ ਸਬੰਧਾਂ ਦੇ ‘ਟੈਸਟ ਕੇਸ’ ਵਜੋਂ ਚਮਕਾਇਆ ਹੈ । ਹੁਣ
ਜਦੋਂ ਕਿ ਜਨਤਾ ਦਲ (ਯੂ) ਨੇ ਨੈਸ਼ਨਲ ਡੈਮੋਕਰੇਟਕ ਅਲਾਇਂਸ (ਐਨ ਡੀ ਏ) ਨੂੰ ਛੱਡ ਦਿੱਤਾ ਹੈ ਤਾਂ
ਕੇਵਲ ਅਕਾਲੀ ਦਲ ਦਾ ਗਠਜੋੜ ਹੀ ਭਾਜਪਾ ਦੇ ਘੱਟ ਗਿਣਤੀ ਵਿਰੋਧੀ ਚਿਹਰੇ ਦਾ ਨਕਾਬ ਹੈ ਭਾਵੇਂ ਕਿ
ਕੱਛ ਦੇ ਸਿੱਖ ਕਿਸਾਨਾਂ ਨੂੰ ਉਜਾੜਨਾ ਮੋਦੀ ਦੇ ਘੱਟ ਗਿਣਤੀ ਵਿਰੋਧੀ ਪੈਂਤੜੇ ਦੀ ਸਾਖਸ਼ਾਤ
ਤਰਜਮਾਨੀ ਕਰਦਾ ਹੈ। ਉਧਰ ਪਿਛਲੇ ਦਿਨੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੂਬੇ ਦੇ ਬਜ਼ੁਰਗ
ਮੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਉਸ ਨੂੰ ਪੰਜਾਬੀਆਂ ਦੇ ਸਿਰ ਦਾ ਤਾਜ ਕਿਹਾ ਸੀ, ਜਦ
ਕਿ ਮੋਦੀ ਨੇ ਪੰਜਾਬ ਆ ਕੇ ਦਰਬਾਰ ਸਾਹਿਬ ਮੱਥਾ ਟੇਕਣਾਂ ਵੀ ਜ਼ਰੂਰੀ ਨਾਂ ਸਮਝਿਆ। ਇਸੇ ਗੱਲੋਂ
ਹਰਖ ਕੇ ਕਾਂਗਰਸ ਬੁਲਾਰੇ ਸ: ਸੁਖਪਾਲ ਸਿੰਘ ਖਹਿਰਾ ਵਲੋਂ ਕਿਹਾ ਗਿਆ ਹੈ ਕਿ ਜੇਕਰ ਮੋਦੀ ਸਰਕਾਰ ਵਰਗੀ
ਕਰਤੂਤ ਕੋਈ ਕਾਂਗਰਸੀ ਕਰਦਾ ਤਾਂ ਬਾਦਲਾਂ ਨੇ ਧੂੰਆਂ ਧਾਰ ਬਿਆਨ ਦੇਣ ਦੇ ਨਾਲ ਨਾਲ ਮੁਜ਼ਾਹਰੇ ਕਰਨ
ਵੀ ਟੁਰ ਪੈਣਾਂ ਸੀ। ਸ: ਖਹਿਰਾ ਨੇ ਇਹ ਵੀ ਕਿਹਾ ਕਿ ਇਹ ਮੁੱਦਾ ਤਾਂ 22.01.2010 ਤੋਂ ਹੀ ਗਰਮ ਹੈ, ਜਦ ਕਿ ਸ: ਬਾਦਲ ਮਗਰਮੱਛ ਵਾਲੇ ਹੰਝੂ
ਵਹਾ ਕੇ ਟਾਲਾ ਵੱਟਦੇ ਆਏ ਹਨ। ਸ: ਖਹਿਰਾ ਨੇ ਹੋਰ ਕਿਹਾ ਕਿ ‘ਜੇਕਰ ਮੋਦੀ ਦਾ ਰਵੱਈਆ ਨਾਂ ਬਦਲਿਆ ਤਾਂ ਪੰਜਾਬ ਕਾਂਗਰਸ ਉਸ ਨੂੰ ਪੰਜਾਬ ਵਿਚ ਵੜਨ ਨਹੀਂ
ਦੇਵੇਗੀ। ਸ: ਖਹਿਰਾ ਦਾ ਸੁਝਾਅ ਹੈ ਕਿ ਭਾਜਪਾ ਬੰਬੇ ਟਨੈਂਸੀ ਐਕਟ ਵਿਚ ਸੋਧ ਕਰਕੇ ਸਿੱਖਾਂ ਦਾ
ਗੁਜਰਾਤ ਵਿਚੋਂ ਉਜਾੜਾ ਰੋਕ ਸਕਦੀ ਹੈ’। ਇਥੇ ਇਹ ਵੀ ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਲੰਬਾ ਸਮਾਂ
ਪ੍ਰਧਾਨ ਰਹੇ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸੰਨ 1998 ਵਿਚ ਇਹ ਗੱਲ ਦੁਹਾਈ ਦੇ ਕੇ
ਕਹੀ ਸੀ ਕਿ ਸਿੱਖਾਂ ਪ੍ਰਤੀ ਬੀ ਜੇ ਪੀ ਦਾ ਪੈਂਤੜਾ ਕਾਂਗਰਸ ਵਾਂਗ ਹੀ ਮਾਰੂ ਹੈ। ਜਥੇਦਾਰ ਟੌਹੜਾ
ਨੇ ਉਦੋਂ ਇਹ ਗੱਲ ਬੀ ਜੇ ਪੀ ਦੇ ਆਗੂਆਂ ਬਾਜਪਾਈ ਅਤੇ ਅਡਵਾਨੀ ਨਾਲ ਸਿੱਖ ਬੀਬੀਆਂ ਨੂੰ ਵਾਹਨਾਂ
ਤੇ ਹੈਲਮਿਟ ਦੀ ਛੋਟ ਅਤੇ ਅਨੇਕਾਂ ਹੋਰ ਮੁੱਦਿਆਂ ਤੇ ਭਾਜਪਾ ਆਗੂਆਂ ਦੇ ਸਿੱਖ ਵਿਰੋਧੀ ਰਵੱਈਏ ਨੂੰ
ਤਾੜ ਕੇ ਕਹੀ ਸੀ।
ਦੋਸ਼ੀ ਭਾਵੇਂ ਬਾਬਰੀ ਮਸਜਿਦ
ਜਾਂ ਗੋਧਰਾ ਕਾਂਡ ਦੇ ਹੋਣ ਜਾਂ ਦਿੱਲੀ ਦੇ ਸਿੱਖ ਕਤਲੇਆਮ ਦੇ; ਰਾਜਨੀਤਕ ਪਾਰਟੀਆਂ ਤਾਂ ਆਪੋ ਆਪਣੇ
ਲਾਹੇ ਦੇ ਪੈਂਤੜੇ ਤੇ ਰਹਿੰਦੀਆਂ ਹਨ, ਜਦ ਕਿ ਭਾਰਤੀ ਇਨਸਾਫ ਦੇ ਤਰਾਜੂ ਤੋਂ ਭਾਰਤ ਦੀਆਂ ਘੱਟ
ਗਿਣਤੀਆਂ ਦਿਨੋ ਦਿਨ ਨਿਰਾਸ਼ ਹੋ ਰਹੀਆਂ ਹਨ-
ਸੁਲੱਖਣ
ਸਰਹੱਦੀ ਦੀ ਇੱਕ ਗਜ਼ਲ ਦਾ ਸ਼ਿਅਰ ਅਜੋਕੀ ਸਵਾਰਥੀ ਅਤੇ ਧੁਆਂਖੀ ਸਿਆਸਤ ਦਾ ਜ਼ਿਕਰ ਬਾਖੂਬੀ ਕਰਦਾ ਪ੍ਰਤੀਤ
ਹੁੰਦਾ ਹੈ—
‘ਕਰ ਨਹੀਂ ਸਕਦੇ ਜੇ ਜੂਹਾਂ ਬਲਦੀਆਂ ਦੀ ਗੱਲ ਤੁਸੀਂ
ਜੋ ਘਰੀਂ ਅੱਗ ਆ ਵੜੀ ਕਮਜਾਤ ਦਾ ਚਰਚਾ ਕਰੋ’
ਸਖਤ ਜਾਨ ਸਿੱਖਾਂ ਨੇ ਖੂਨ ਪਸੀਨਾਂ ਇੱਕ ਕਰਕੇ
ਜਿਹੜੀਆਂ ਬਾਰਾਂ ਕਦੀ ਅਣਵੰਡੇ ਭਾਰਤ ਵਿਚ ਆਬਾਦ ਕੀਤੀਆਂ ਸਨ ਉਹ ਸਾਰੀਆਂ ਜਾਇਦਾਦਾਂ ਅਤੇ ਘਰ ਬਾਰ
ਸੰਨ 1947 ਨੂੰ ਛੱਡਣੇ ਪਏ । ਸਿੱਖਾਂ ਦੇ ਜਮੀਨ ਜਾਇਦਾਦ ਅਤੇ ਨਹਿਰੀ ਇਲਾਕੇ ਦੇ
ਨਾਲ ਨਾਲ ਬਾਬੇ ਨਾਨਕ ਦਾ ਨਨਕਾਣਾਂ ਅਤੇ ਅਨੇਕਾਂ ਗੁਰੂ ਧਾਮ ਸਿੱਖਾਂ ਤੋਂ ਵਿਛੋੜ ਦਿੱਤੇ ਗਏ ਅਤੇ
ਸੰਨ ਸੰਤਾਲੀ ਤੋਂ ਬਾਅਦ ਚੜ੍ਹਦੇ ਪੰਜਾਬ ਨੂੰ
ਹਰਿਆਣੇ ਅਤੇ ਹਿਮਾਚਲ ਪ੍ਰਦੇਸ਼ ਨੇ ਖਾ ਲਿਆ ਅਤੇ ਜੋ ਕੁਝ ਬਾਕੀ ਬਚਿਆ ਉਸ ਵਿਚ ਮਨਮਰਜ਼ਿਆਂ
ਕਰਨ ਦੀ ਤਾਂ ਭਾਵੇਂ ਸਾਰੇ ਭਾਰਤ ਦੇਸ਼ ਨੂੰ ਦਾਅਵਤ ਹੈ ਜਦ ਕਿ ਪੰਜਾਬ ਦੇ ਸਰਹੱਦੀ ਸੂਬਿਆਂ ਰਾਜਸਥਾਨ,
ਹਰਿਆਣਾਂ, ਹਿਮਾਚਲ ਵਿਚ ਸਿੱਖਾਂ ਨੂੰ ਜਾਇਦਾਦ ਖ੍ਰੀਦਣ ਦੀ ਮਨਾਹੀ ਹੈ । ਕਦੀ ਮਾਇਆਵਤੀ, ਬੰਸੀ
ਲਾਲ(ਹੁਣ ਹੁੱਡਾ) ਅਤੇ ਕਦੀ ਮੋਦੀ ਪੰਜਾਬ ਨੂੰ ਇੱਕ ਨਹੀਂ ਸਗੋਂ ਅਨੇਕਾਂ ਅਚਿੰਤੇ ਬਾਜਾਂ ਤੋਂ
ਖਤਰੇ ਹਨ ਕਿਓਂਕਿ ਕੇਂਦਰ ਵਿਚ ਵੱਡੀਆਂ ਸ਼ਕਤੀਆਂ ਅਤੇ ਸਿੱਖ ਵਿਰੋਧੀ ਦਲ ਇਹਨਾਂ ਦੀ ਪਿੱਠ ਤੇ ਹਨ।
ਯੂ ਪੀ ਦੇ ਤਰਾਈ ਇਲਾਕੇ ਵਿਚ ਅਤੇ ਹਰਿਆਣੇ ਵਿਚ ਬਾਂਸੀ ਲਾਲ ਵਲੋਂ ਵੀ ਇਸੇ ਤਰਜ਼ ਦੇ ਸਿੱਖ
ਵਿਰੋਧੀ ਪੈਂਤੜੇ ਦੀਆਂ ਸੁਰਖੀਆਂ ਤਾਂ ਅੱਜ ਵੀ ਤਾਜੀਆਂ ਹਨ ਅਤੇ ਹੁਣ ਵਾਰੀ ਆਈ ਹੈ ਭਾਜਪਾ ਆਗੂ ਅਤੇ
ਭਾਰਤ ਦੇ ਭਵਿੱਖ ਦੇ ਆਖੇ ਜਾਣ ਵਾਲੇ ਪ੍ਰਧਾਨ ਮੰਤ੍ਰੀ ਨਰਿੰਦਰ ਮੋਦੀ ਦੀ। ਜ਼ਾਹਿਰ ਹੈ ਕਿ ਭਾਰਤੀ
ਆਗੂਆਂ ਦਾ ਇਹ ਰਵੱਈਆ ਸਿੱਖਾਂ ਨੂੰ ਭਾਰਤ ਵਿਚ ਬਿਗਾਨਗੀ ਦਾ ਹੋਰ ਵਧੇਰੇ ਅਹਿਸਾਸ ਕਰਵਾਏਗਾ। ਇਸ
ਹਾਲਤ ਵਿਚ ਅਲਾਮਾ ਇਕਬਾਲ ਦੇ ਬੋਲ ਯਾਦ ਆਉਂਦੇ ਹਨ—
ਇਕਬਾਲ ਮੁੱਦਤੇਂ ਗੁਜ਼ਰੀਂ ਹੈਂ, ਯਹਾਂ ਰੰਜੋ ਗਮ ਸਹਿਤੇ ਹੂਏ
ਅੱਬ ਤੋ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ
ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂ ਕੇ