ਸ਼ਹੀਦ ਊਧਮ ਸਿੰਘ ਸੁਨਾਮ, ਸ਼ਹੀਦ
ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ ਅਤੇ ਬੱਬਰ ਅਕਾਲੀਆਂ ਸਮੇਤ ਭਾਰਤੀ ਲੋਕਾਂ
ਨੇ ਮਹਾਨ ਕੁਰਬਾਨੀਆਂ ਕਰਕੇ ਦੇਸ਼ ਨੂੰ ਅਜਾਦ ਕਰਵਾਇਆ। ਇਨ੍ਹਾਂ ਕੁਰਬਾਨੀਆਂ ਦੇਣ ਵਾਲਿਆਂ ਵਿੱਚ
ਗਿਣਤੀ ਪੱਖੋਂ ਸਭ ਤੋਂ ਛੋਟੀ ਕੌਮ ਸਿੱਖਾਂ ਨੇ ਕੁਰਬਾਨੀਆਂ ਪੱਖੋਂ ਸਭ ਤੋਂ ਵੱਧ ਜਾਣੀ ਕਿ ਲਗਪਗ 80% ਯੋਗਦਾਨ
ਪਾਇਆ; ਜਿਸ ਦਾ ਅੰਦਾਜ਼ਾ ਦਿੱਤੇ ਗਏ ਚਾਰਟ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਇਨ੍ਹਾਂ ਸ਼ਹੀਦਾਂ ਨੇ
ਇਸ ਸੋਚ ਨੂੰ ਮੁਖ ਰੱਖ ਕੇ ਸ਼ਹੀਦੀਆਂ ਪਾਈਆਂ ਹੋਣਗੀਆਂ ਕਿ ਉਨ੍ਹਾਂ ਦੇ ਦੇਸ਼ ਵਾਸੀ ਭ੍ਰਿਸ਼ਟਾਚਾਰ
ਤੋਂ ਮੁਕਤ, ਕੌਮੀ ਅਜ਼ਾਦੀ ਤੇ ਸ਼ਹਿਰੀ ਹੱਕਾਂ ਦਾ ਅਨੰਦ ਮਾਣਦੇ ਹੋਏ ਉਨ੍ਹਾਂ ਦੀਆਂ ਸ਼ਹੀਦੀਆਂ ਤੋਂ ਸਦਾ ਲਈ
ਪ੍ਰੇਰਣਾ ਲੈਂਦੇ ਰਹਿਣਗੇ। ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਸ ਦੇਸ ਦੀ ਵਾਗਡੋਰ ਜਿਨ੍ਹਾਂ ਦੇ
ਹਵਾਲੇ ਉਹ ਕਰਕੇ ਜਾਣਗੇ ਉਹ ਭ੍ਰਿਸ਼ਟਾਚਾਰ ਤੋਂ ਮੁਕਤ ਰਾਜ ਪ੍ਰਬੰਧ ਚਲਾਉਣ ਦੀ ਥਾਂ ਆਪਣੇ ਹੀ
ਪ੍ਰਵਾਰਵਾਦ, ਭਾਈ ਭਤੀਜਾਵਾਦ ਨੂੰ ਵਡਾਵਾ ਦਿੰਦੇ ਹੋਏ ਇਤਨੇ ਵੱਡੇ ਘੁਟਾਲੇ ਕਰਨਗੇ ਕਿ ਗੋਰੇ ਅੰਗੇਰਜਾਂ ਦੀ
ਲੁੱਟ ਇਨ੍ਹਾਂ ਭੂਰੇ-ਕਾਲੇ ਅੰਗਰੇਜਾਂ ਦੇ ਸਾਹਮਣੇ ਤੁੱਛ ਹੀ ਜਾਪੇਗੀ। ਬਹੁਗਿਣਤੀ ਦੀਆਂ ਵੋਟਾਂ
ਹਾਸਲ ਕਰਨ ਲਈ ਘੱਟ ਗਿਣਤੀਆਂ ’ਤੇ ਜੋ ਜੁਲਮ ਹੋਏ ਹਨ ਜਿਵੇਂ ਕਿ ਜੂਨ 1984 ’ਚ ਸਿੱਖਾਂ ਦੇ ਧਰਮ ਅਸਥਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਆਪਣੇ ਹੀ ਦੇਸ਼ ਦੀਆਂ ਫੌਜਾਂ
ਰਾਹੀਂ ਤੋਪਾਂ ਨਾਲ ਉਡਾਉਣਾ, ਨਵੰਬਰ 84 ’ਚ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਅਨੇਕਾਂ ਹੋਰਨਾਂ
ਸ਼ਹਿਰਾਂ ਵਿੱਚ ਸਿੱਖਾਂ ਦੀ ਸਰਕਾਰੀ ਸ਼ਹਿ ’ਤੇ ਕੀਤੀ ਨਸਲਘਾਤ, 84 ਤੋਂ 95 ਤੱਕ
ਪੰਜਾਬ ਵਿੱਚ ਹਜਾਰਾਂ ਬੇਗੁਨਾਹ ਸਿੱਖਾਂ ਨੂੰ ਪੰਜਾਬ ਪੁਲਿਸ ਤੇ ਹੋਰ ਸੁਰੱਖਿਆ ਫੋਰਸਾਂ ਵੱਲੋਂ
ਘਰਾਂ ਵਿੱਚੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਵੀ
ਖੁਰਦ ਬੁਰਦ ਕਰਨਾ,
ਸੰਨ 2000 ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਜੰਮੂ
ਕਸ਼ਮੀਰ ਦੇ ਪਿੰਡ ਚਿੱਠੀ ਸਿੰਘਪੁਰਾ ਵਿੱਚ ਸੁਰੱਖਿਆ ਦਸਤਿਆਂ ਰਾਹੀਂ 35 ਸਿੱਖਾਂ
ਦਾ ਬੇਰਿਹਮੀ ਨਾਲ ਕਤਲ, ਫਰਵਰੀ-ਮਾਰਚ 2002 ਵਿੱਚ ਗੁਜਰਾਤ ’ਚ
ਸੈਂਕੜੇ ਮੁਸਲਮਾਨਾਂ ਦਾ ਕਤਲੇਆਮ, 22 ਜਨਵਰੀ 1999 ਨੂੰ ਉੜੀਸਾ ਵਿੱਚ ਬਜਰੰਗ ਦਲ ਦੇ ਕਾਰਕੁਨ ਰਵਿੰਦਰ
ਕੁਮਾਰ ਪਾਲ ਉਰਫ ਦਾਰਾ ਸਿੰਘ ਵੱਲੋਂ ਸਮਾਜ ਸੇਵਕ ਈਸਾਈ ਮਿਸ਼ਨਰੀ ਗ੍ਰਾਹਮ ਸਟੇਨਜ਼ ਨੂੰ ਉਸ ਦੇ 10 ਅਤੇ 6 ਸਾਲ
ਦੇ ਬੱਚਿਆਂ ਸਮੇਤ ਆਪਣੀ ਗੱਡੀ ਵਿੱਚ ਸੁੱਤੇ ਪਿਆਂ ਨੂੰ ਅੱਗ ਲਾ ਕੇ ਸਾੜ ਦੇਣਾ; 2006 ’ਚ ਮਾਲੇਗਾਉਂ ਬੰਬ ਧਮਾਕੇ, 2007 ’ਚ ਸਮਝੌਤਾ ਐਕਸਪ੍ਰੈੱਸ ਅਤੇ ਅਜਮੇਰ ਸ਼ਰੀਫ ਵਿੱਚ ਭਗਵਾਂ
ਬ੍ਰਿਗੇਡ ਦੀ ਮੁੱਖ ਆਗੂ ਪ੍ਰਿਗਿਆ ਸਾਧਵੀ, ਕਰਨਲ ਪ੍ਰੋਹਿਤ ਅਤੇ ਅਸੀਮਾ ਨੰਦ ਆਦਿ ਵੱਲੋਂ ਕੀਤੇ ਗਏ
ਬੰਬ ਧਮਾਕੇ ਅਤੇ ਉਲਟਾ ਇਨ੍ਹਾਂ ਧਮਾਕਿਆਂ ਲਈ ਮੁਸਲਮਾਨ ਜਥੇਬੰਦੀਆਂ ਨੂੰ ਦੋਸ਼ੀ ਠਹਿਰਾ ਕੇ
ਮੁਸਲਮਾਨਾਂ ’ਤੇ ਹੀ ਕੇਸ ਪਾਉਣਾ; ਜਿਸ ਤੋਂ ਪਰਦਾ ਮਹਾਂਰਾਸ਼ਟਰ ਦੇ ਪੁਲਿਸ ਅਫਸਰ ਸ਼੍ਰੀ
ਹੇਮੰਤ ਕਰਕਰੇ ਨੇ ਚੁੱਕਿਆ ਸੀ; 2008 ’ਚ ਕਰਨਾਟਕਾ ਅਤੇ ਉੜੀਸਾ ਵਿੱਚ ਹਿੰਦੂ ਜਥੇਬੰਦੀਆਂ
ਵੱਲੋਂ ਈਸਾਈਆਂ ਵਿਰੁੱਧ ਕੀਤੇ ਗਏ ਹਮਲਿਆਂ ਅਤੇ ਅਨੇਕਾਂ ਹੋਰਨਾਂ ਥਾਵਾਂ ’ਤੇ
ਦਲਿਤਾਂ ਵਿਰੁੱਧ ਕੀਤੇ ਘਿਨਾਉਣੇ ਅਤਿਆਚਾਰ ਵਰਗੀਆਂ ਅਨੇਕਾਂ ਉਦਾਹਰਣਾਂ ਹੋਰ ਹਨ ਜਿਨ੍ਹਾਂ ਨੇ
ਸਾਰੀ ਦੁਨੀਆਂ ਵਿੱਚ ਸਭ ਤੋਂ ਵੱਡੇ ਅਖੌਤੀ ਲੋਕਤੰਤਰ ਦੇ ਮੂੰਹ ’ਤੇ
ਵੱਡੇ ਕਾਲੇ ਧੱਬੇ ਲਾਏ ਹਨ। ਪਰ ਭਾਰਤ ਦੇ ਇਨ੍ਹਾਂ ਕਾਲੇ ਅੰਗਰੇਜਾਂ ਜਿਨ੍ਹਾਂ ਦੇ ਦਿਲ ਹੀ ਕਾਲੇ
ਹੋਣ ਉਨ੍ਹਾਂ ਨੂੰ ਇਨ੍ਹਾਂ ਕਾਲੇ ਧੱਬਿਆਂ ਦੀ ਕੀ ਪ੍ਰਵਾਹ ਹੋ ਸਕਦੀ ਹੈ?
ਯੂਪੀਏ ਸਰਕਾਰ ਦੌਰਾਨ ਭ੍ਰਿਸ਼ਟਾਚਾਰ ਦੇ ਮੁੱਖ ਆਰੋਪੀਆਂ
ਵਿਰੁੱਧ ਸਖਤ ਕਾਰਵਾਈ ਕਰਨ ਲਈ ਜਨਲੋਕਪਾਲ ਬਿੱਲ ਬਣਾਉਣ ਦੀ ਮੰਗ ਲੈ ਕੇ ਸਮਾਜਸੇਵੀ ਅੰਨਾ ਹਜ਼ਾਰੇ
ਨੇ ਅੰਦੋਲਨ ਅਰੰਭਿਆ ਅਤੇ 5 ਅਪ੍ਰੈਲ 2011 ਨੂੰ ਦਿੱਲੀ ਦੇ ਜੰਤਰ-ਮੰਤਰ ਮੈਦਾਨ ਵਿੱਚ ਭੁੱਖ ਹੜਤਾਲ
ਰੱਖੀ। ਇਸ ਅੰਦੋਲਨ ਨੂੰ ਕਾਂਗਰਸ ਵਿਰੁੱਧ ਜਾਣ ਕੇ ਹਿੰਦੂਤਵੀ ਯੋਗਾ ਗੁਰੂ ਬਾਬਾ ਰਾਮਦੇਵ ਨੇ ਵੀ
ਜੂਨ ਦੇ ਸ਼ੁਰੂ ਵਿੱਚ ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਭੁੱਖ ਹੜਤਾਲ ਰੱਖੀ ਬੇਸ਼ੱਕ 4-5 ਜੂਨ
ਦੀ ਰਾਤ ਨੂੰ ਜਨਾਨੀਆਂ ਵਾਲੇ ਕਪੜੇ ਪਾ ਕੇ ਭੱਜਣ ਦੀ ਕੋਸ਼ਿਸ਼ ਨੇ ਇਸ ਦੀ ਕਾਇਰਤਾ ਜੱਗ ਜ਼ਾਹਰ ਕੀਤੀ।
ਅੰਨਾ ਟੀਮ ਵਿੱਚ ਸ਼ਾਮਲ ਹੋਏ ਹਿੰਦੂਤਵੀ ਅਨਸਰਾਂ ਨੇ ਜਿਨ੍ਹਾਂ ਵਿੱਚ ਮੁੱਖ ਤੌਰ ’ਤੇ
ਸਾਬਕਾ ਆਈਪੀਐੱਸ ਕਿਰਨ ਬੇਦੀ (ਚੇਤੇ ਰਹੇ ਕਿ ਇਹ ਉਹੀ ਜ਼ਾਲਮ ਔਰਤ ਹੈ ਜਿਸ ਨੇ ਦਿੱਲੀ ਦੀ ਏਡੀਜੀਪੀ
ਹੁੰਦਿਆਂ ਇੱਕ ਸੰਘਰਸ਼ੀਲ ਖਾੜਕੂ ਸਿੱਖ ਦੀ ਪਤਨੀ ਨੂੰ ਮਾਨਸਕਿ ਤੌਰ ’ਤੇ
ਤਸੀਹੇ ਦੇਣ ਲਈ ਉਸ ਦੇ ਕੁੱਛੜ ਖੇਲਦੇ ਬੱਚੇ ਨੂੰ ਬਰਫ ’ਤੇ ਲਿਟਾ ਕੇ ਤਸੀਹੇ ਦਿੱਤੇ
ਸਨ) ਆਦਿਕ ਨੇ ਅਕਤੂਬਰ 2011 ਵਿੱਚ ਲੋਕ ਸਭਾ ਦੀਆਂ ਹੋਈਆਂ ਜ਼ਿਮਨੀ ਚੋਣਾਂ ਵਿੱਚ ਸ਼੍ਰੀ
ਅੰਨਾ ਹਜਾਰੇ ਤੋਂ ਕਾਂਗਰਸ ਨੂੰ ਹਰਾਉਣ ਦਾ ਸੱਦਾ ਦਿਵਾ ਦਿੱਤਾ; ਜਿਸ
ਦਾ ਸਿੱਧਾ ਲਾਭ ਮੁੱਖ ਵਿਰੋਧੀ ਧਿਰ ਭਾਜਪਾ ਨੂੰ ਹੋਇਆ। ਇਸ ਟੀਮ ਦੇ ਮੁੱਖ ਮੈਂਬਰ ਸ਼੍ਰੀ ਅਰਵਿੰਦ
ਕੇਜ਼ਰੀਵਾਲ ਅਤੇ ਐਡਵੋਕੇਟ ਸ਼੍ਰੀ ਪ੍ਰਸ਼ਾਂਤ ਭੂਸ਼ਨ ਆਦਿਕ ਛੇਤੀ ਹੀ ਸਮਝ ਗਏ ਕਿ ਅਜ਼ਾਦੀ ਪਿੱਛੋਂ
ਕਿਉਂਕਿ ਲੰਬਾ ਸਮਾਂ ਕੇਂਦਰ ਤੇ ਸੂਬਾ ਸਰਕਾਰਾਂ ਕਾਂਗਰਸ ਦੀਆਂ ਰਹੀਆਂ ਹੋਣ ਕਰਕੇ ਭ੍ਰਿਸ਼ਟਾਚਾਰ ਲਈ
ਵੀ ਇਹੀ ਪਾਰਟੀ ਸਭ ਤੋਂ ਵੱਧ ਜਿੰਮੇਵਾਰ ਹੈ ਅਤੇ ਮੌਜੂਦਾ ਯੂਪੀਏ ਸਰਕਾਰ ਵਿੱਚ ਕਾਂਗਰਸ ਸਭ ਤੋਂ
ਵੱਡੀ ਪਾਰਟੀ ਹੋਣ ਕਰਕੇ ਜਨਲੋਕਪਾਲ ਬਿੱਲ ਪਾਸ ਕਰਵਾਉਣ ਦੀ ਜਿੰਮੇਵਾਰੀ ਵੀ ਇਸੇ ਪਾਰਟੀ ਦੀ ਹੈ ਪਰ
ਭਾਜਪਾ ਤੇ ਉਸ ਦੀਆਂ ਹੋਰ ਸਹਿਯੋਗੀ ਪਾਰਟੀਆਂ ਵੀ ਕਿਸੇ ਪੱਖੋਂ ਘੱਟ ਨਹੀਂ ਹਨ। ਕਾਰਗਿਲ ਦੇ
ਸ਼ਹੀਦਾਂ ਲਈ ਖ੍ਰੀਦੇ ਗਏ ਤਬੂਤਾਂ ਵਿੱਚ ਘਪਲੇਬਾਜੀ ਤੋਂ ਇਲਾਵਾ ਇਸ ਦੇ ਕੌਮੀ ਪ੍ਰਧਾਨ ਲਕਸ਼ਮਣ
ਵੰਗਾਰੂ ਨੂੰ ਰਿਸ਼ਵਤ ਲੈਂਦਿਆਂ ਦਾ ਤਹਿਲਕਾ ਵੱਲੋਂ ਸਟਿੰਗ ਉਪ੍ਰੇਸ਼ਨ ਅਤੇ ਕਰਨਾਟਕਾ ਦੇ ਸਾਬਕਾ ਮੁੱਖ
ਮੰਤਰੀ ਯੈਦੀਰੱਪਾ ਸਮੇਤ ਅਨੇਕਾਂ ਹੋਰ ਮੰਤਰੀਆਂ ’ਤੇ ਗਬਨ ਦੇ ਕੇਸ ਇਸ ਦੀਆਂ ਪ੍ਰਤੱਖ ਉਦਾਹਰਣਾਂ ਹਨ। ਇਸ
ਲਈ ਉਨ੍ਹਾਂ ਵੱਲੋਂ ਕਾਂਗਰਸ ਨੂੰ ਹਰਾਉਣ ਦੇ ਦਿੱਤੇ ਸੱਦੇ ਨਾਲ ਜੇ ਦੂਸਰੀ ਭ੍ਰਿਸ਼ਟ ਅਤੇ ਘੱਟ
ਗਿਣਤੀਆਂ ਵਿਰੋਧੀ ਰਾਜਨੀਤੀ ਕਰਕੇ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰੇ ਵਿੱਚ ਪਾਉਣ ਵਾਲੀ ਭਾਜਪਾ
ਨੂੰ ਲਾਭ ਪਹੁੰਚਾਉਣ ਨਾਲ ਵੀ ਉਨ੍ਹਾਂ ਦੇ ਅੰਦੋਲਨ ਦਾ ਆਮ ਲੋਕਾਂ ਨੂੰ ਲਾਭ ਨਹੀਂ ਹੋਣਾਂ। ਦੂਸਰਾ
ਕਾਰਣ ਸੀ ਕਿ ਦੇਸ਼ ਦੀਆਂ ਚੋਣਾਂ ਵਿੱਚ ਭ੍ਰਿਸ਼ਟ ਢੰਗ ਨਾਲ ਕਮਾਏ ਪੈਸੇ ਦੀ ਅੰਨ੍ਹੀ ਵਰਤੋਂ, ਨਸ਼ਿਆਂ
ਦੀ ਵੰਡ ਅਤੇ ਬਾਹੂਬਲੀਆਂ ਦੀ ਤਾਕਤ ਦੀ ਵਰਤੋਂ ਕਾਰਣ ਮੁੱਖ ਪਾਰਟੀਆਂ ਨੂੰ ਇਹ ਹੰਕਾਰ ਸੀ ਕਿ ਕੋਈ
ਈਮਾਨਦਾਰ ਸਮਾਜਸੇਵੀ ਉਨ੍ਹਾਂ ਦੇ ਮੁਕਾਬਲੇ ਵਿੱਚ ਚੋਣ ਜਿੱਤਣਾਂ ਤਾਂ ਇੱਕ ਪਾਸੇ ਖੜ੍ਹੇ ਹੋਣ ਦਾ
ਵੀ ਹੌਂਸਲਾ ਨਹੀਂ ਕਰ ਸਕਦਾ। ਇਸ ਹੰਕਾਰ ਤੋਂ ਪੀੜਤ ਕਾਂਗਰਸੀ ਆਗੂ ਦਿਗਵਿਜੇ ਸਿੰਘ ਅਤੇ ਕਪਿਲ
ਸਿੱਬਲ ਆਦਿਕ ਨੇ ਟੀਮ ਅੰਨਾ ਨੂੰ ਚੁਣੌਤੀ ਦਿੱਤੀ ਕਿ ਜਨਲੋਕਪਾਲ ਬਿੱਲ ਜੰਤਰ-ਮੰਤਰ ਮੈਦਾਨ ਜਾਂ
ਰਾਮਲੀਲਾ ਗਰਾਊਂਡ ਵਿੱਚ ਇਕੱਤਰ ਹੋਈ ਭੀੜ ਨੇ ਪਾਸ ਨਹੀਂ ਕਰਨਾ; ਉਹ
ਚੋਣਾਂ ਲੜ ਕੇ ਪਾਰਲੀਮੈਂਟ ਵਿੱਚ ਆਉਣ ਤੇ ਆਪਣੀ ਪਸੰਦ ਦੇ ਕਾਨੂੰਨ ਪਾਸ ਕਰ ਲੈਣ।
ਸ਼੍ਰੀ ਅੰਨਾਂ ਹਜ਼ਾਰੇ ਚੋਣਾਂ ਲੜਨ ਦੇ ਹੱਕ ਵਿੱਚ ਨਹੀਂ
ਸਨ ਕਿਉਂਕਿ ਉਨ੍ਹਾਂ ਦਾ ਖਿਆਲ ਸੀ ਕਿ ਰਾਜਨੀਤੀ ਭ੍ਰਿਸ਼ਟਾਚਾਰ ਤੇ ਬੇਈਮਾਨੀ ਦਾ ਚਿੱਕੜ ਹੈ ਇਸ ਲਈ
ਸਾਨੂੰ ਇਸ ਚਿੱਕੜ ਵਿੱਚ ਨਹੀਂ ਡਿੱਗਣਾਂ ਚਾਹੀਦਾ। ਪਰ ਬੁਲੰਦ ਹੌਂਸਲੇ ਦੇ ਮਾਲਕ ਸ਼੍ਰੀ ਅਰਵਿੰਦ
ਕੇਜ਼ਰੀਵਾਲ ਨੇ ਉਨ੍ਹਾਂ ਨੂੰ ਸਮਝਾਇਆ ਕਿ ਚਿੱਕੜ ਨੂੰ ਸਾਫ ਕਰਨ ਲਈ ਚਿੱਕੜ ਵਿੱਚ ਜਾਣਾ ਹੀ ਪੈਣਾ
ਹੈ। ਅੰਨਾਂ ਹਜ਼ਾਰੇ ਦੇ ਨਾ ਮੰਨਣ ਕਰਕੇ ਸ਼੍ਰੀ ਕੇਜ਼ਰੀਵਾਲ ਨੇ ਅੰਨਾਂ ਤੋਂ ਵੱਖ ਹੋ ਕੇ ਸਾਬਕਾ
ਕਾਨੂੰਨ ਮੰਤਰੀ ਸ਼ੀ ਸ਼ਾਂਤੀ ਭੂਸ਼ਨ ਅਤੇ ਉਨ੍ਹਾਂ ਦੇ ਪੁੱਤਰ ਸ਼੍ਰੀ ਪ੍ਰਸ਼ਾਂਤ ਭੂਸ਼ਨ ਆਦਿਕ ਦੇ ਸਹਿਯੋਗ
ਨਾਲ 26 ਨਵੰਬਰ 2012
ਨੂੰ ਆਮ ਆਦਮੀ ਪਾਰਟੀ (ਆਪ) ਦੀ ਸੰਥਾਪਨਾ ਕੀਤੀ। ਸ਼੍ਰੀ ਕੇਜ਼ਰੀਵਾਲ ਨੇ
ਰਾਜਨੀਤੀ ਨੂੰ ਨਵੀਂ ਸੇਧ ਦਿੰਦੇ ਹੋਏ ਪਾਰਟੀ ਏਜੰਡੇ ਵਿੱਚ ਸ਼ਾਮਲ ਕੀਤਾ ਕਿ ਆਪਣੀ ਪਾਰਟੀ ਦੇ
ਜਿੱਤੇ ਹੋਏ ਉਮੀਦਵਾਰਾਂ ਵੱਲੋਂ ਲਾਲ ਬੱਤੀ, ਬੰਗਲਾ, ਸੁਰੱਖਿਆ ਨਾ ਲੈਣ ਦੀ ਸਹੁੰ ਤੋਂ ਇਲਾਵਾ ਉਸਦੀ ਪਾਰਟੀ
ਸਭ ਤੋਂ ਅਲੱਗ ਹੋਵੇਗੀ। ਆਪਣੀ ਪਾਰਟੀ ਦਾ ਰਾਜ ਆਉਣ ਮਗਰੋਂ ਭਵਿੱਖ ਦੀਆਂ ਯੋਜਨਾਵਾਂ ਦੱਸਦੇ ਹੋਏ
ਕੇਜ਼ਰੀਵਾਲ ਨੇ ਕਿਹਾ ਕਿ ਗੈਰਜਰੂਰੀ ਜਾਂ ਬੇਤੁਕੀਆਂ ਯੋਜਨਾਵਾਂ ’ਤੇ
ਖਰਚ ਕਰਨ ਦੀ ਬਜਾਏ ਉਹਨਾਂ ਦੀ ਪਾਰਟੀ ਦੇ ਰਾਜ ਵਿੱਚ ਜਨਤਾ ਤਹਿ ਕਰੇਗੀ ਕਿ ਖਰਚ ਕਿੱਥੇ ਅਤੇ
ਕਿਵੇਂ ਹੋਵੇਗਾ?
ਭ੍ਰਿਸ਼ਟ ਲੋਕਾਂ ਉਪਰ ਦੋਸ਼ ਲੱਗਣ ਤੋਂ ਬਾਅਦ ਦੋ ਸਾਲ ਦੇ ਅੰਦਰ ਸਾਰੇ
ਮੁਕੱਦਮੇਂ ਨਿਪਟਾ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇਗਾ ਅਤੇ ਜੇ ੳਨ੍ਹਾਂ ਦੀ ਸਰਕਾਰ ਬਣਦੀ ਹੈ
ਤਾਂ ਪਿਛਲੇ ਕੁਝ ਸਾਲਾਂ ਵਿੱਚ ਹੋਏ ਸਾਰੇ ਘੋਟਾਲਿਆਂ ਦੇ ਦੋਸ਼ੀਆਂ ਨੂੰ 6 ਮਹੀਨੇ
ਦੇ ਅੰਦਰ ਅੰਦਰ ਜੇਲ੍ਹ ਭੇਜ ਦਿੱਤਾ ਜਾਵੇਗਾ। ਅਮੀਰਾਂ ਨੂੰ ਟੈਕਸ ਵਿੱਚ ਛੋਟ ਦੇਣ ਥਾਂ ਆਮ ਆਦਮੀ
ਦੀ ਸਬਸਿਡੀ ਵਧਾਈ ਜਾਵੇਗੀ। ਪੈਟਰੋਲ, ਡੀਜ਼ਲ, ਰਸੋਈ ਗੈਸ ਸਸਤੀ ਹੋਵੇਗੀ ਤਾਂ ਸਭ ਕੁਝ ਸਸਤਾ ਹੋ
ਜਾਵੇਗਾ। ਇਸ ਤਰ੍ਹਾਂ ਦੇਸ਼ ਵਿਚਲੇ ਸਾਰੇ ਤੇਲ ਅਤੇ ਗੈਸ ਦੇ ਖੂਹਾਂ ਦਾ ਰਾਸ਼ਟਰੀਕਰਨ ਕਰ ਦਿੱਤਾ
ਜਾਵੇਗਾ। ਜਨਤਾ ਦੀ ਜ਼ਮੀਨ ਉਨ੍ਹਾਂ ਦੀ ਮਰਜ਼ੀ ਨਾਲ ਹੀ ਐਕਵਾਇਰ ਕੀਤੀ ਜਾ ਸਕੇਗੀ। ਸਰਕਾਰੀ
ਹਸਪਤਾਲਾਂ ਅਤੇ ਸਕੂਲਾਂ ਨੂੰ ਵਿਸ਼ਵ ਪੱਧਰ ਦਾ ਬਣਾਇਆ ਜਾਵੇਗਾ ਤਾਂ ਕਿ ਅਮੀਰ ਅਤੇ ਗਰੀਬ ਆਪਣਾ
ਇਲਾਜ ਕਰਵਾ ਸਕਣ ਤੇ ਹਰ ਤਰ੍ਹਾਂ ਦੇ ਬੱਚੇ ਉੱਥੇ ਜਾ ਕੇ ਪੜ੍ਹ ਸਕਣ। ਚੋਣਾਂ ਵਿੱਚ ਜੰਤਾ ਨੂੰ ਹੱਕ
ਹੋਵੇਗਾ ਕਿ ਜੇਕਰ ਕਿਸੇ ਚੋਣ ਵਿੱਚ ਕੋਈ ਵੀ ਉਮੀਦਵਾਰ ਪਸੰਦ ਨਾ ਹੋਵੇ ਤਾਂ ਸਭ ਨੂੰ ਨਕਾਰ ਸਕੇ।
ਨਕਾਰੇ ਗਏ ਉਮੀਦਵਾਰਾਂ ਨੂੰ ਦੋਬਾਰਾ ਚੋਣ ਵਿੱਚ ਖੜ੍ਹੇ ਹੋਣ ਦੀ ਇਜ਼ਾਜਤ ਨਹੀਂ ਹੋਵੇਗੀ। ਆਪਣੇ
ਚੁਣੇ ਹੋਏ ਨੇਤਾ ਦੇ ਕੰਮ ਤੋਂ ਜੇ ਇਲਾਕੇ /ਹਲਕੇ ਦੀ ਜੰਤਾ ਨਾਖੁਸ਼ ਹੈ ਤਾਂ ਉਸਨੂੰ ਚੋਣ ਕਮਿਸ਼ਨ ਦੇ
ਜ਼ਰੀਏ ਵਾਪਸ ਬੁਲਾਇਆ ਜਾ ਸਕੇਗਾ। ਪਾਰਟੀ ਜਦੋਂ ਸੱਤਾ ਵਿੱਚ ਆਵੇਗੀ ਤਾਂ ਉਦੋਂ ਆਵੇਗੀ ਪਰ ਉਸ ਤੋਂ
ਪਹਿਲਾਂ ਪਾਰਟੀ ਦੇ ਢਾਂਚੇ ਨੂੰ ਸਾਫ ਰੱਖਣ ਲਈ ਆਪਣਾ ਲੋਕਪਾਲ ਬਣਾ ਲਿਆ ਹੈ ਜਿਸ ਵਿੱਚ ਦੋ ਜੱਜ
ਹੋਣਗੇ ਜੋ ਕਿਸੇ ਵੀ ਅਹੁਦੇਦਾਰ ਨੂੰ ਪਾਰਟੀ ਵਿੱਚੋਂ ਕੱਢ ਸਕਣਗੇ।
ਪਾਰਟੀ ਦਾ ਸਾਰਾ ਹਿਸਾਬ ਕਿਤਾਬ ਜਨਤਾ ਦੇ ਸਾਹਮਣੇ ਰੱਖਣ
ਲਈ ਉਨ੍ਹਾਂ ਹਰ ਚੰਦਾਕਾਰ ਦਾ ਨਾਮ ਅਤੇ ਉਸ ਵੱਲੋਂ ਦਿੱਤੀ ਗਈ ਰਕਮ ਪਾਰਟੀ ਦੀ ਵੈੱਬਸਾਈਟ ’ਤੇ ਪਾ
ਦਿੱਤੀ ਹੈ। “ਆਪ” ਵੱਲੋਂ ਤਿਆਰ ਕੀਤੇ ਲੋਕਪੱਖੀ ਪਾਰਟੀ ਏਜੰਡੇ ਅਤੇ ਵਿਖਾਈ ਜਾ ਰਹੀ ਇਮਾਨਦਾਰੀ ਨੇ ਲੋਕਾਂ ਨੂੰ
ਧੁਰ ਅੰਦਰੋਂ ਆਪਣੇ ਵੱਲ ਖਿੱਚ ਲਿਆ ਜਿਸ ਦਾ ਕ੍ਰਿਸ਼ਮਈ ਨਤੀਜਾ ਇਹ ਹੋਇਆ ਕਿ ਪਾਰਟੀ ਦੇ ਹੋਂਦ ਵਿੱਚ
ਆਉਣ ਦੇ ਮਹਿਜ਼ ਇੱਕ ਸਾਲ ਵਿੱਚ ਦਿੱਲੀ ਦੀ ਵਿਧਾਨ ਸਭਾ ਦੀਆਂ 70 ਸੀਟਾਂ ਵਿੱਚੋਂ 28 ਸੀਟਾਂ
ਜਿੱਤ ਕੇ 15 ਸਾਲਾਂ ਤੋਂ ਸਤਾ ’ਤੇ ਕਾਬਜ਼ ਸ਼ੀਲਾ ਦਿਕਸ਼ਤ ਦੀ ਸਰਕਾਰ ਨੂੰ ਮੂਧੇ ਮੂੰਹ
ਮਾਰਿਆ ਤੇ ਆਦਮਬੋ ਆਦਮਬੋ ਕਰਦੇ ਆ ਰਹੇ ਭਾਰਤ ਦੇ ਸਭ ਤੋਂ ਵੱਡੇ ਫਿਰਕਾਪ੍ਰਸ਼ਤ ਨਰਿੰਦਰ ਮੋਦੀ ਜਿਸ
ਦੇ ਰਾਜ ਵਿੱਚ ਗੁਜਰਾਤ ਵਿੱਚ ਮੁਸਲਮਾਨਾਂ ਦੇ ਕੀਤੇ ਕਤਲਾਂ ਦੇ ਖੂਨ ਨਾਲ ਲਿਬੜੇ ਹੱਥ ਹਾਲੀ ਵੀ
ਪ੍ਰਤੱਖ ਵਿਖਾਈ ਦੇ ਰਹੇ ਹਨ; ਦੇ ਆ ਰਹੇ ਰੱਥ ਨੂੰ ਬ੍ਰੇਕਾਂ ਲਾਈਆਂ।
ਭਾਜਪਾ ਪੱਖੀ ਸ਼੍ਰੀਮਤੀ ਕਿਰਨ ਬੇਦੀ, ਸਾਬਕਾ
ਜਨਰਲ ਸ਼੍ਰੀ ਵੀ.ਕੇ. ਸਿੰਘ, ਸ਼੍ਰੀ ਸੰਤੋਸ਼ ਹੈਗੜੇ ਅਤੇ ਉਨ੍ਹਾਂ ਦੇ ਪ੍ਰਭਾਵ ਹੇਠ
ਸ਼੍ਰੀ ਅੰਨਾਂ ਜੀ ਵੱਲੋਂ ਹਾਲੀ ਤੱਕ ਵੀ ਕਿਸੇ ਨਾ ਕਿਸੇ ਰੂਪ ਵਿੱਚ ਸ਼੍ਰੀ ਕੇਜ਼ਰੀਵਾਲ ਦਾ ਵਿਰੋਧ
ਜਾਰੀ ਹੈ। ਭਾਜਪਾ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਰੋਕਣ ਲਈ
ਕੇਜ਼ਰੀਵਾਲ ਨੇ ਕਾਂਗਰਸ ਨਾਲ ਮਿਲ ਕੇ ਸਾਜਿਸ਼ ਰਚੀ ਹੈ ਜਿਸ ਦਾ ਪ੍ਰਤੱਖ ਸਬੂਤ ਹੈ ਕਿ ਕੇਜ਼ਰੀਵਾਲ ਨੇ
ਭ੍ਰਿਸ਼ਟ ਕਾਂਗਰਸ ਦੇ ਮੋਢਿਆਂ ’ਤੇ ਬੈਠ ਕੇ ਸਰਕਾਰ ਬਣਾ ਲਈ ਹੈ। ਭਾਜਪਾ ਅਤੇ ਉਸ ਦੇ
ਸਮਰਥਕਾਂ ਨੂੰ ਸ਼੍ਰੀ ਕੇਜ਼ਰੀਵਾਲ ’ਤੇ ਅਜਿਹੇ ਨਿਰਆਧਾਰ ਦੋਸ਼ ਲਾਉਣ ਸਮੇਂ ਜਰਾ ਵੀ ਸ਼ਰਮ
ਮਹਿਸੂਸ ਨਹੀਂ ਹੋ ਰਹੀ। ਉਹ ਪਹਿਲਾਂ ਤਾਂ ਦੋਸ਼ ਲਾ ਰਹੇ ਸਨ ਕਿ “ਆਪ” ਸਰਕਾਰ
ਬਣਾਉਣ ਦੀ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ। ਜਦ ਸ਼੍ਰੀ ਕੇਜ਼ਰੀਵਾਲ ਨੇ ਕਾਂਗਰਸ ਅਤੇ ਭਾਜਪਾ
ਦੋਵਾਂ ਨੂੰ ਹੀ ਚਿੱਠੀ ਲਿਖ ਦਿੱਤੀ ਕਿ ਉਹ ਆਪਣੇ ਲਈ ਜਾਂ ਆਪਣੀ ਪਾਰਟੀ ਲਈ ਕੋਈ ਸਮਰਥਨ ਨਹੀਂ
ਮੰਗਣਾਂ ਚਾਹੁੰਦੇ ਪਰ ਜੇ ਉਹ ਲੋਕ ਹਿੱਤ ਵਿੱਚ “ਆਪ” ਵੱਲੋਂ ਲਾਗੂ ਕੀਤੇ ਜਾਣ ਵਾਲੇ 17 ਲੋਕ
ਪੱਖੀ ਮੁੱਦਿਆਂ ਦਾ ਸਮਰਥਨ ਕਰਨਾ ਚਾਹੁੰਦੇ ਹਨ ਤਾਂ ਉਹ ਸਰਕਾਰ ਬਣਾਉਣ ਲਈ ਤਿਆਰ ਹਨ। ਭਾਜਪਾ ਨੇ
ਇਸ ਚਿੱਠੀ ਦਾ ਕੋਈ ਜਵਾਬ ਹੀ ਨਾ ਦਿੱਤਾ ਕਿਉਂਕਿ ਮੁੱਦਾ ਅਧਾਰਤ ਰਾਜਨੀਤੀ ਕਰਨ ਦੀ ਥਾਂ ਉਹ ਤਾਂ
ਗੈਰ ਸਿਧਾਂਤਕ ਗੱਠਜੋੜ ਰਾਹੀਂ ਸਤਾ ਦੀ ਕੁਰਸੀ ’ਤੇ ਬੈਠਣਾਂ ਚਾਹੁੰਦੀ ਹੈ ਜਿਵੇਂ ਕਿ ਬਾਦਲ ਦਲ ਨਾਲ
ਬਿਲਕੁਲ ਗੈਰਸਿਧਾਂਤਕ ਅਤੇ ਗੈਰਕੁਦਰਤੀ ਗੱਠਜੋੜ ਕੇਵਲ ਕਾਂਗਰਸ ਤੋਂ ਸਤਾ ਹਥਿਆਉਣ ਦੇ ਮਕਸਦ ਨਾਲ
ਕੀਤਾ ਹੈ।
ਪਰ ਇੱਧਰ ਕਾਂਗਰਸ ਨੇ ਮਜਬੂਰੀ ਵੱਸ “ਆਪ” ਨੂੰ
ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ ਕਿਉਂਕਿ ਉਸ ਨੂੰ ਡਰ ਸੀ ਕਿ ਦੁਬਾਰਾ ਵੋਟਾਂ ਪੈਣ ਦੀ ਸੂਰਤ ਵਿੱਚ ਉਹ
ਤਿਕੋਨੇ ਮੁਕਾਬਲੇ ਵਿੱਚੋਂ ਬਾਹਰ ਹੋ ਜਾਵੇਗੀ ਅਤੇ “ਆਪ” ਤੇ ਭਾਜਪਾ ਦਾ ਸਿੱਧਾ ਮੁਕਬਾਲਾ ਰਹਿ ਜਾਵੇਗਾ। ਸ਼੍ਰੀ
ਕੇਜ਼ਰੀਵਾਲ ਨੇ ਬਦਲੇ ਵਿੱਚ ਕਾਂਗਰਸ ਦੇ ਕਿਸੇ ਵਿਧਾਇਕ ਨੂੰ ਕੋਈ ਅਹੁੱਦਾ ਨਹੀਂ ਦਿੱਤਾ, ਕਿਸੇ
ਵਿਧਾਇਕ ਦੀ ਖ੍ਰੀਦੋਪ੍ਰੋਖਤ ਨਹੀਂ ਕੀਤੀ ਤਾਂ ਉਸ ’ਤੇ ਕਿਸੇ ਸਾਜਿਸ਼ ਦੇ ਬੇਹੂਦਾ ਦੋਸ਼ ਕਿਸ ਅਧਾਰ ’ਤੇ
ਲਾਏ ਜਾ ਰਹੇ ਹਨ?
ਭਾਜਪਾ ਕੋਲ ਹੋਰ ਕੋਈ ਮੁੱਦਾ ਨਹੀਂ ਬਚਿਆ ਤਾਂ ਸ਼੍ਰੀ ਪ੍ਰਸ਼ਾਂਤ ਭੂਸ਼ਨ
ਵੱਲੋਂ ਦਿੱਤਾ ਬਿਆਨ: ‘ਕਸ਼ਮੀਰ ਵਿੱਚ ਭਾਰਤੀ ਫੌਜ ਦੀ ਮੌਜੂਦਗੀ ਰਹੇ ਜਾਂ ਨਾਂ
ਇਸ ਸਬੰਧੀ ਕਸ਼ਮੀਰ ਦੇ ਲੋਕਾਂ ਦੀ ਰਾਇਸ਼ੁਮਾਰੀ ਕਰਵਾ ਲੈਣੀ ਚਾਹੀਦੀ ਹੈ’ ਜੋ
ਬਹੁਤ ਹੀ ਤਰਕ ਸੰਗਤ ਹੈ; ਪਰ ਇਸ ਨੂੰ ਬਿਨਾਂ ਲੋੜ ਤੋਂ ਬਹੁਤ ਹੀ ਸੰਵੇਦਨਸ਼ੀਲ ਬਣਾ
ਕੇ ਹਵਾ ਦਿੱਤੀ ਜਾ ਰਹੀ ਹੈ ਹਾਲਾਂਕਿ ਸ਼੍ਰੀ ਕੇਜ਼ਰੀਵਾਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਹ ਪਾਰਟੀ ਦਾ
ਸਟੈਂਡ ਨਹੀਂ ਹੈ ਸ਼੍ਰੀ ਪ੍ਰਸ਼ਾਂਤ ਭੂਸ਼ਨ ਜੀ ਦੇ ਆਪਣੇ ਨਿੱਜੀ ਵੀਚਾਰ ਹਨ। ਸ਼੍ਰੀ ਕੇਜ਼ਰੀਵਾਲ ਦੇ ਇਸ
ਸਪਸ਼ਟੀਕਰਨ ਪਿੱਛੋਂ ਵੀ ਹਿੰਦੂਤਵੀਆਂ ਵੱਲੋਂ ਉਨ੍ਹਾਂ ਦੇ ਦਫਤਰ ’ਤੇ
ਹਮਲਾ ਕਰਵਾਉਣਾਂ ਦੱਸ ਰਿਹਾ ਹੈ ਕਿ ਭਾਜਪਾ ਦੇਸ਼ ਨੂੰ ਕਿਸ ਦਿਸ਼ਾ ਵਿੱਚ ਲਿਜਾਉਣਾ ਚਾਹੁੰਦੀ ਹੈ।
ਆਰਐੱਸਐੱਸ ਦੀ ਘੱਟ ਗਿਣਤੀਆਂ ਸਬੰਧੀ ਕੀ ਨੀਤੀ ਹੈ? ਇਹ ਇਸ
ਦੇ ਮੁੱਖੀ ਸ਼੍ਰੀ ਮੋਹਨ ਭਾਗਵਤ ਵੱਲੋਂ ਤਾਜ਼ਾ ਅਤੇ ਇਸ ਤੋਂ ਪਹਿਲਾਂ ਵੀ ਕਈ ਵਾਰ ਦੁਹਰਾਏ ਇਸ ਬਿਆਨ
ਤੋਂ ਸਪਸ਼ਟ ਹੋ ਜਾਂਦਾ ਹੈ; ਜਿਸ ਵਿੱਚ ਉਹ ਅਕਸਰ ਕਹਿੰਦੇ ਰਹਿੰਦੇ ਹਨ ਕਿ
ਹਿੰਦੁਸਤਾਨ ਵਿੱਚ ਰਹਿਣ ਵਾਲਾ ਹਰ ਵਿਅਕਤੀ ਹਿੰਦੂ ਹੀ ਹੋ ਸਕਦਾ ਹੈ ਹੋਰ ਕੋਈ ਨਹੀਂ। ਪਿੱਛੇ ਜਿਹੇ
ਕੇਂਦਰੀ ਸਰਕਾਰ ਦੇ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਵੱਲੋਂ ਸੂਬਾ ਸਰਕਾਰਾਂ ਨੂੰ ਲਿਖੇ ਉਸ
ਪੱਤਰ; ਜਿਸ ਵਿੱਚ ਉਨ੍ਹਾਂ ਲਿਖਿਆ ਸੀ ਕਿ “ਘੱਟ ਗਿਣਤੀਆਂ ਵਿਰੁੱਧ ਅਤਿਵਾਦ ਦੇ ਕੇਸਾਂ ਨੂੰ ਮੁੜ
ਤੋਂ ਵੀਚਾਰਿਆ ਜਾਵੇ” ਦੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਭਾਜਪਾ ਦੇ ਉਮੀਦਵਾਰ
ਨਰਿੰਦਰ ਮੋਦੀ ਨੇ ਕਿਸ ਤਰ੍ਹਾਂ ਖਿੱਲੀ ਉਡਾਈ! ਅਸਲ ਵਿੱਚ ਸ਼ਿੰਦੇ ਸਮਝ ਚੁੱਕਿਆ ਹੈ ਕਿ ਕੇਂਦਰ
ਵਿੱਚ ਵੀ ਦਿੱਲੀ ਦੀ ਤਰ੍ਹਾਂ ਆਉਣ ਵਾਲੀ ਸਰਕਾਰ ਕੇਜ਼ਰੀਵਾਲ ਦੀ ਬਣੇਗੀ। ਇਸ ਲਈ ਉਸ ਨੇ ਦੁੱਧ ਦਾ
ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਾ ਹੈ ਕਿ ਘੱਟ ਗਿਣਤੀਆਂ ਦੇ ਕਿੰਨੇ ਨਿਰਦੋਸ਼ ਬੰਦਿਆਂ ਨੂੰ
ਅਤਿਵਾਦ ਦੇ ਝੂਠੇ ਕੇਸਾਂ ਵਿੱਚ ਫਸਾਇਆ ਹੋਇਆ ਹੈ। ਇਸ ਲਈ ਸ਼੍ਰੀ ਸ਼ਿੰਦੇ ਨੇ ਪਹਿਲ ਕਰਦੇ ਹੋਏ
ਪਹਿਲਾਂ ਹੀ ਇਹ ਚਿੱਠੀ ਜਾਰੀ ਕਰ ਦਿੱਤੀ ਕਿ ਕਦੀ ਇਸ ਦਾ ਫਾਇਦਾ ਲੈ ਕੇ ਕੇਜ਼ਰੀਵਾਲ ਘੱਟ ਗਿਣਤੀਆਂ
ਦੀ ਹਮਦਰਦੀ ਜਿੱਤ ਕੇ ਕਾਂਗਰਸ ਦੇ ਵੋਟ ਬੈਂਕ ਵਿੱਚ ਸੰਨ੍ਹ ਨਾ ਲਾ ਲਵੇ! ਪਰ ਮੋਦੀ ਜਿਸ ਤਰ੍ਹਾਂ
ਚੁਟਕੀਮਾਰ ਕੇ ਵਿਅੰਗ ਕਸਦਾ ਹੈ ਇਸ ਵਿੱਚੋਂ ਉਸਦੇ ਮਨ ਵਿੱਚ ਘੱਟ ਗਿਣਤੀਆਂ ਸਬੰਧੀ ਭਰੀ ਜ਼ਹਿਰ ਸਾਫ
ਝਲਕਦੀ ਹੈ। ਚਿੱਠੀ ਵਿੱਚ ਲਿਖੀ ਸ਼ਬਦਾਵਲੀ ਨੂੰ ਮੋਦੀ ਕਿਸ ਤਰ੍ਹਾਂ ਤ੍ਰੋੜ ਮ੍ਰੋੜ ਕੇ (ਘੱਟ
ਗਿਣਤੀਆਂ ਦੀ ਥਾਂ ਮੁਸਲਮਾਨ ਸ਼ਬਦ ਵਰਤ ਕੇ) ਬਹੁਗਿਣਤੀ ਹਿੰਦੂਆਂ ਨੂੰ ਗੁੰਮਰਾਹ ਕਰ ਰਿਹਾ ਹੈ; ਇਸ
ਨੂੰ ਬਹੁਤ ਹੀ ਗੰਭੀਰਤਾ ਨਾਲ ਵੀਚਾਰਨ ਦੀ ਲੋੜ ਹੈ। ਉਸ ਨੇ ਆਪਣੇ ਇੱਕ ਚੋਣ ਜਲਸੇ ਵਿੱਚ ਕਿਹਾ
ਕੇਂਦਰੀ ਗ੍ਰਹਿ ਮੰਤਰੀ ਨੇ ਰਾਜਾਂ ਨੂੰ ਇੱਕ ਪੱਤਰ ਲਿਖਿਆ ਹੈ ਕਿ ਜੇ ਤੁਸੀਂ ਕਿਸੇ ਕਨੂੰਨ ਤੋੜਨ
ਵਾਲੇ ਨੂੰ ਗ੍ਰਿਫਤਾਰ ਕਰਦੇ ਹੋ ਤਾਂ ਧਿਆਨ ਰੱਖੋ ਕਿ ਮੁਸਲਮਾਨ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ।
ਮੋਦੀ ਨੇ ਵਿਅੰਗ ਕਰਦੇ ਹੋਏ ਸਾਹਮਣੇ ਬੈਠੇ ਲੋਕਾਂ ਵੱਲ ਇਸ਼ਾਰਾ ਕਰਕੇ ਪੁੱਛਿਆ ਅਜਿਹਾ ਕਿਉਂ? ਕੀ
ਕਾਨੂੰਨ ਤੋੜਨ ਵਾਲੇ ਦਾ ਵੀ ਕੋਈ ਧਰਮ ਹੁੰਦਾ ਹੈ? ਕੀ ਹੁਣ ਧਰਮ ਹੀ ਨਿਰਧਾਰਤ ਕਰੇਗਾ ਕਿ ਕਾਨੂੰਨ ਤੋੜਨ
ਵਾਲੇ ਨੂੰ ਗ੍ਰਿਫਤਾਰ ਕੀਤਾ ਜਾਵੇ ਜਾਂ ਰਿਹਾਅ ਕੀਤਾ ਜਾਵੇ? ਮੋਦੀ ਨੇ ਕਿਹਾ “ਧਰਮ
ਦੇ ਅਧਾਰ ’ਤੇ ਕੋਈ ਵਿਤਕਰਾ ਨਹੀਂ ਹੋਣਾਂ ਚਾਹੀਦਾ। ਸਾਨੂੰ ਕਿਸੇ ਵਿਸ਼ੇਸ਼ ਧਰਮ ਵਾਲੇ ਨੂੰ ਸਜਾ ਨਹੀਂ
ਦੇਣੀ ਚਾਹੀਦੀ ਤੇ ਇਹ ਸਭ ਲਈ ਬਰਾਬਰ ਚਾਹੀਦੀ ਹੈ ਤੇ ਸਾਨੂੰ ਵੋਟ ਬੈਂਕ ਦੀ ਰਾਜਨੀਤੀ ਨਹੀਂ ਕਰਨੀ
ਚਾਹੀਦੀ”।
ਮੋਦੀ ਦੇ ਇਨ੍ਹਾਂ ਸ਼ਬਦਾਂ ਵਿੱਚ ਕੋਈ ਸੁਹਿਰਦਤਾ ਨਹੀਂ
ਮਕਾਰੀ ਹੈ ਪਰ ਘੱਟ ਗਿਣਤੀਆਂ ਸਮੇਤ ਭਾਰਤ ਦਾ ਹਰ ਇਨਸਾਫ ਪਸੰਦ ਲੋਕ ਬਿਲਕੁਲ ਓਹੀ ਕੁਝ ਚਾਹੁੰਦਾ
ਹੋ ਜੋ ਮੋਦੀ ਨੇ ਕਿਹਾ ਹੈ। ਪਰ ਧਰਮ ਦੇ ਨਾਮ ’ਤੇ ਲੋਕਾਂ ਵਿੱਚ ਪਾੜੇ ਪਾ ਕੇ ਰਾਜਨੀਤੀ ਕਰਨ ਵਾਲੀ
ਭਾਜਪਾ ਅਤੇ ਕਾਂਗਰਸ ਉਕਤ ਸ਼ਬਦ ਦੁਹਰਾਉਂਦੇ ਤਾਂ ਬਹੁਤ ਵਾਰ ਹਨ ਪਰ ਖੁਦ ਇਨ੍ਹਾਂ ’ਤੇ
ਅਮਲ ਨਹੀਂ ਕਰਦੇ। ਜੇ ਇਹ ਅਮਲ ਕਰਨਾ ਚਾਹੁੰਦੇ ਹਨ ਤਾਂ ਆਓ ਦੱਸੀਏ ਕਿ ਭਗਵਾਂ ਬ੍ਰਿਗੇਡ ਦੀ ਮੁੱਖ
ਆਗੂ ਪ੍ਰਿਗਿਆ ਸਾਧਵੀ, ਕਰਨਲ ਪ੍ਰੋਹਿਤ ਅਤੇ ਅਸੀਮਾ ਨੰਦ ਆਦਿਕ ’ਤੇ ਵੀ
ਬੰਬ ਧਮਾਕੇ ਕਰਕੇ ਬੇਗੁਨਾਹਾਂ ਦਾ ਕਤਲ ਕਰਨ ਦੇ ਦੋਸ਼ ਹਨ ਪਰ ਸੰਘ ਪ੍ਰਵਾਰ ਉਸ ਨੂੰ ਨ ਕਾਤਲ ਮੰਨਦੇ
ਹਨ ਤੇ ਨਾ ਹੀ ਅਤਿਵਾਦੀ। ਇਨ੍ਹਾਂ ਨੂੰ ਬਚਾਉਣ ਲਈ ਸੰਘ ਪ੍ਰਵਾਰ ਨੇ ਫੰਡ ਵੀ ਇਕੱਠਾ ਕੀਤਾ ਤੇ ਉਸ
ਦੇ ਕੇਸ ਵੀ ਲੜ ਰਹੇ ਹਨ। ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ, ਭਾਈ ਰਾਜੋਆਣਾ ਅਤੇ ਜਗਤਾਰ
ਸਿੰਘ ਹਵਾਰਾ ਆਦਕ ’ਤੇ ਵੀ ਬੰਬ ਧਮਾਕਿਆਂ ਦੇ ਕੇਸ ਹਨ ਜਿਨ੍ਹਾਂ ਦਾ ਮਕਸਦ ਬੇਗੁਨਾਹ ਲੋਕਾਂ ਦੇ ਕਤਲ ਨਹੀ ਬਲਕਿ
ਸਤਾ ਦੀ ਕੁਰਸੀ ’ਤੇ ਬੈਠ ਕੇ ਆਪਣੀ ਕੌਮ ’ਤੇ ਜੁਲਮ ਕਰ ਰਹੇ ਖਾਸ ਵਿਅਕਤੀ ਸਨ ਪਰ ਉਨ੍ਹਾਂ ਨੂੰ
ਜਲਦੀ ਫਾਂਸੀ ਦੇਣ ਲਈ ਸੰਘ ਪ੍ਰਵਾਰ ਦੇ ਕਿੰਨੇ ਹੀ ਕਾਰਕੁੰਨ ਜਲਾਦ ਬਣਨ ਦੀ ਪੇਸ਼ਕਸ਼ ਕਰ ਰਹੇ ਹਨ।
ਈਸਾਈ ਮਿਸ਼ਨਰੀ ਤੇ ਉਸ ਦੇ ਮਸੂਮ ਬੱਚਿਆਂ ਨੂੰ ਬੇਰਹਿਮੀ ਨਾਲ ਸਾੜ ਕੇ ਕਤਲ ਕਰਨ ਵਾਲਾ ਦਾਰਾ ਸਿੰਘ
ਨੇ ਵੀ ਇਕਬਾਲੀਆ ਬਿਆਨ ਵਿੱਚ ਮੰਨਿਆ ਹੈ ਕਿ ਇਹ ਕਤਲ ਉਸ ਨੇ ਹੀ ਕੀਤੇ ਹਨ ਪਰ ਹਾਈ ਕੋਰਟ ਨੇ ਫਿਰ
ਵੀ ਉਸ ਦੀ ਫਾਂਸੀ ਦੀ ਸਜਾ ੳਮਰ ਕੈਦ ਵਿੱਚ ਤਬਦੀਲ ਕਰ ਦਿੱਤੀ। ਦੂਸਰੇ ਪਾਸੇ ਪ੍ਰੋ: ਭੁੱਲਰ ਵੱਲੋਂ
ਪੜਤਾਲੀ ਏਜੰਸੀ ਨੂੰ ਕਥਿਤ ਤੌਰ ’ਤੇ ਦਿੱਤੇ ਇਕਬਾਲੀਆ ਬਿਆਨ (ਜਿਸ ਉਪਰ ਉਸ ਦੇ ਦਸਖਤ ਵੀ
ਨਹੀ; ਅਦਾਲਤ ਵਿੱਚ ਵੀ ਉਹ ਅਜਿਹੇ ਕਿਸੇ ਇਕਬਾਲੀਆ ਬਿਆਨ ਦਿੱਤੇ ਹੋਣ ਤੋਂ ਇਨਕਾਰ ਕਰ ਰਿਹਾ ਹੈ ਅਤੇ
ਕਨੂੰਨੀ ਨੁਕਤਾ ਨਿਗਾਹ ਤੋਂ ਹੋਰ ਵੀ ਬਹੁਤ ਸਾਰੀਆਂ ਗਲਤੀਆਂ ਹਨ), ਸੁਪ੍ਰੀਮ
ਕੋਰਟ ਦੇ ਤਿੰਨ ਮੈਂਬਰੀ ਬੈਂਚ ਦਾ ਸੀਨੀਅਰ ਮਾਨਯੋਗ ਜੱਜ ਸ਼੍ਰੀ ਬੀਐੱਮ ਸ਼ਾਹ ਵੀ ਉਸ ਨੂੰ ਨਿਰਦੋਸ਼
ਦੱਸ ਰਿਹਾ ਹੈ ਪਰ ਇਸ ਦੇ ਬਾਵਯੂਦ 2 ਜੱਜਾਂ ਦੀ ਬਹੁਸੰਮਤੀ ਦੇ ਫੈਸਲੇ ਨਾਲ ਉਸ ਨੂੰ ਫਾਂਸੀ
ਦਿੱਤੀ ਜਾ ਰਹੀ ਹੈ।
ਫਿਲਮੀ ਐਕਟਰ ਸੰਜੇ ਦੱਤ ਉਪਰ ਵੀ ਨਜਾਇਜ਼ ਹਥਿਆਰ ਤੇ
ਧਮਾਕਾਖੇਜ਼ ਸਮੱਗਰੀ ਰੱਖਣ ਦੇ ਦੋਸ਼ ਹੇਠ ਟਾਡਾ ਅਧੀਨ ਕੇਸ ਦਰਜ ਹੋਇਆ ਸੀ। ਉਸ ਨੂੰ ਸਿਰਫ 6 ਸਾਲ
ਦੀ ਸਜਾ ਅਤੇ ਹਰ ਮਹੀਨੇ ਹੀ ਪੈਰੋਲ ਵੀ ਮਿਲ ਜਾਂਦੀ ਹੈ ਪਰ ਇਨ੍ਹਾਂ ਹੀ ਦੋਸ਼ਾਂ ਅਧੀਨ ਅਨੇਕਾਂ
ਸਿੱਖਾਂ ’ਤੇ ਉਸੇ ਹੀ ਧਾਰਾ ਅਧੀਨ ਕੇਸ ਦਰਜ ਹਨ ਜਿਨ੍ਹਾਂ ਨੂੰ ਉਮਰ ਕੈਦ ਅਤੇ ਉਨ੍ਹਾਂ ਦੇ ਮਾਤਾ ਪਿਤਾ
ਦੇ ਭੋਗਾਂ ਸਮੇਂ ਵੀ ਪੈਰੋਲ ਮਿਲਣ ਤੋਂ ਇਨਕਾਰ। 22-23 ਸਾਲਾਂ ਦੀ ਸਜਾ ਕੱਟਣ ਪਿੱਛੋਂ ਵੀ ਹਾਲੇ ਤੱਕ ਕੋਈ
ਰਿਹਾਈ ਨਹੀਂ।
ਦਿੱਲੀ ਵਿੱਚ 30 ਤੋਂ ਵੱਧ ਸਿੱਖਾਂ ਦਾ ਕਤਲ
ਕਰਨ ਵਾਲੇ ਅਤੇ 5
ਕੇਸਾਂ ਵਿੱਚ ਫਾਂਸੀ ਦੀ ਸਜਾ ਪ੍ਰਾਪਤ ਕਿਸ਼ੋਰੀ ਲਾਲ ਦੀਆਂ ਸਾਰੀਆਂ
ਫਾਂਸੀਆਂ ਰੱਦ ਕਰਕੇ ਉਮਰ ਕੈਦ ਵਿੱਚ ਤਬਦੀਲ ਕਰਨ ਤੋਂ ਬਾਅਦ ਸਿਰਫ 8 ਸਾਲ
ਦੀ ਸਜਾ ਕੱਟਣ ਪਿੱਛੋਂ ਹੀ ਸਜਾ ਮੁਆਫੀ ਦੀ ਦਿੱਲੀ ਸਰਕਾਰ ਵੱਲੋਂ ਸਿਫਾਰਸ਼। ਦੂਸਰੇ ਪਾਸੇ 18 ਸਾਲ
ਸਜਾ ਕੱਟਣ ਵਾਲੇ ਪ੍ਰੋ: ਭੁੱਲਰ ਨੂੰ ਦਿਮਾਗੀ ਤਵਾਜ਼ਨ ਪੂਰੀ ਤਰ੍ਹਾਂ ਵਿਗੜ ਜਾਣ ਪਿਛੋਂ ਵੀ ਰਹਿਮ
ਦੀ ਅਪੀਲ ਮਨਜੂਰ ਨਹੀਂ ਤਾਂ ਤੁਸੀਂ ਕਿਸ ਤਰ੍ਹਾਂ ਆਖ ਸਕਦੇ ਹੋ ਕਿ ਇਸ ਦੇਸ਼ ਵਿੱਚ ਸਜਾ ਦੇਣ ਸਮੇਂ
ਵਿਅਕਤੀ ਦਾ ਧਰਮ ਨਹੀਂ ਬਲਕਿ ਉਸ ਦਾ ਜੁਰਮ ਹੀ ਵੇਖਿਆ ਜਾਂਦਾ ਹੈ? ਕਾਂਗਰਸ
ਤੇ ਭਾਜਪਾ ਅਤਿਵਾਦ ਤੇ ਵੱਖਵਾਦ ਦੋ ਰੌਲ਼ਾ ਪਾ ਕੇ ਅਖੰਡ ਭਾਰਤ ਦੀਆਂ ਗੱਲਾਂ ਤਾਂ ਬਹੁਤ ਕਰਦੀਆਂ ਹਨ
ਪਰ ਇਹ ਸਮਝਣ ਲਈ ਬਿਲਕੁਲ ਤਿਆਰ ਨਹੀਂ ਕਿ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖ
ਅਤਿਵਾਦੀ ਤੇ ਵੱਖਵਾਦੀ ਨਹੀਂ ਬਲਕਿ ਮਨੁੱਖੀ ਭਾਈਚਾਰਾ ਤੇ ਅਮਨ ਚਾਹੁੰਦੇ ਹਨ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥’ (ਪੰਨਾ 611) ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥’ (ਪੰਨਾ 1349) ਆਦਿਕ ਅਨੇਕਾਂ ਸ਼ਬਦਾਂ ਰਾਹੀਂ ਸਾਂਝੀਵਾਲਤਾ ਦੇ ਉਪਦੇਸ਼ ਰਾਹੀਂ ਮਨੁੱਖੀ ਭਾਈਚਾਰੇ ਦੀ ਸਿੱਖਿਆ
ਦਿੱਤੀ ਹੈ। ਪਰ ਇਸ ਦੇ ਨਾਲ ਹੀ ਬੇਇਨਸਾਫ ਰਾਜੇ ਤੇ ਉਨ੍ਹਾਂ ਦੇ ਅਹਿਲਕਾਰਾਂ ਨੂੰ ਮਨੁੱਖਾਂ ਦਾ
ਖੂਨ ਪੀਣ ਵਾਲੇ ਸ਼ੇਰ ਕੁੱਤੇ ਕਹਿ ਕੇ ਵੰਗਾਰਿਆ ਹੈ: ‘ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ੍ ਬੈਠੇ ਸੁਤੇ
॥ ਚਾਕਰ ਨਹਦਾ ਪਾਇਨਿ੍ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥’ (ਪੰਨਾ 1288)। ਅਤੇ
ਇਨ੍ਹਾਂ ਰਾਜਿਆਂ ਦੇ ਜੁਲਮ ਸਹਿਣ ਕਰਨ ਵਾਲੀ ਰਿਆਇਆ ਨੂੰ ‘ਰਤੁ ਪੀਣੇ ਰਾਜੇ ਸਿਰੈ
ਉਪਰਿ ਰਖੀਅਹਿ ਏਵੈ ਜਾਪੈ ਭਾਉ ॥’ (ਪੰਨਾ 142) ਆਦਿਕ ਅਨੇਕਾਂ ਸ਼ਬਦਾਂ ਰਾਹੀਂ ਜਾਗ੍ਰਤ ਕਰਕੇ ਇਸ ਲੋਟੂ
ਜਮਾਤ ਤੋਂ ਅਜਾਦੀ ਪ੍ਰਾਪਤ ਕਰਨ ਲਈ ਪ੍ਰੇਰਿਆ ਹੈ।
ਇਸ ਤੋਂ ਪਹਿਲਾਂ ਤਾਂ ਆਮ ਲੋਕ ਬੇ-ਆਸ ਹੋਏ ਬੈਠੇ ਸਨ ਕਿ
ਮੁੱਖ ਪਾਰਟੀਆਂ ਨੇ ਭ੍ਰਿਸ਼ਟਾਚਾਰ, ਨਸ਼ਿਆਂ, ਅਪਰਾਧੀ ਕਿਸਮ ਦੇ ਬਾਹੂਬਲੀਆਂ ਅਤੇ ਸਮਾਜ ਨੂੰ ਧਰਮ ਤੇ
ਜਾਤਪਾਤ ਵਿੱਚ ਵੰਡ ਕੇ ਮੌਜੂਦਾ ਚੋਣ ਸਿਸਟਮ ਨੂੰ ਪੂਰੀ ਤਰ੍ਹਾਂ ਅਗਵਾ ਹੀ ਕਰ ਲਿਆ ਹੈ ਇਸ ਲਈ ਵੋਟ
ਪ੍ਰਣਾਲੀ ਰਾਹੀਂ ਕੋਈ ਚੰਗੀ ਤਬਦੀਲੀ ਦੀ ਆਸ ਰੱਖਣੀ ਬੇਮਾਅਨੇ ਹੀ ਹੈ। ਇਸੇ ਕਾਰਣ ਭਾਰਤ ਦੇ
ਦੱਖਣ-ਪੂਰਬੀ ਸੂਬਿਆਂ ਪੱਛਮੀ ਬੰਗਾਲ, ਬਿਹਾਰ, ਛੱਤੀਸਗੜ੍ਹ, ਝਾਰਖੰਡ, ਉੜੀਸਾ, ਉਤਰ
ਪ੍ਰਦੇਸ਼, ਆਂਧਰਾ ਪ੍ਰਦੇਸ਼ ਆਦਿਕ ਸੂਬਿਆਂ ਵਿੱਚ ਆਰਥਕ ਤੌਰ ’ਤੇ ਗਰੀਬ ਲੋਕਾਂ ਵੱਲੋਂ
ਨਕਸਲਵਾਦ ਰਾਹੀਂ ਅਤੇ ਪੰਜਾਬ, ਜੰਮੂ ਕਸ਼ਮੀਰ ਵਿੱਚ ਘੱਟ ਗਿਣਤੀਆਂ ਰਾਹੀਂ ਅਤਿਵਾਦ ਦੀਆਂ
ਘਟਨਾਵਾਂ ਵਾਪਰੀਆਂ ਅਤੇ ਕਈ ਥਾਂ ਹੁਣ ਵੀ ਵਾਪਰ ਰਹੀਆਂ ਹਨ। ਇਨ੍ਹਾਂ ਅਤਿਵਾਦੀ ਘਟਨਾਵਾਂ ਲਈ ਦੋਸ਼ੀ
ਉਨ੍ਹਾਂ ਨੂੰ ਨਹੀਂ ਮੰਨਿਆ ਜਾ ਸਕਦਾ ਬਲਕਿ ਦੋਸ਼ੀ ਦੇਸ਼ ਦੇ ਉਹ ਸ਼ਾਸ਼ਕ ਹਨ ਜਿਨ੍ਹਾਂ ਦੀਆਂ ਭ੍ਰਿਸ਼ਟ
ਨੀਤੀਆਂ ਕਾਰਣ ਗਰੀਬ ਹੋਰ ਗਰੀਬ ਅਤੇ ਅਮੀਰ ਹੋਰ ਗਰੀਬ ਹੋਈ ਜਾ ਰਹੇ ਹਨ ਜਾਂ ਆਰਐੱਸਐੱਸ ਦੀਆਂ
ਸ਼ਾਖਾਵਾਂ ਬਜਰੰਗ ਦਲ, ਸ਼ਿਵਸੈਨਾ, ਵਿਸ਼ਵ ਹਿੰਦੂ ਪ੍ਰੀਸ਼ਦ ਆਦਿਕ; ਰਾਜਨੀਤਕ
ਵਿੰਗ ਭਾਜਪਾ ਦੀ ਛਤਰਛਾਇਆ ਹੇਠ ਘੱਟ ਗਿਣਤੀਆਂ ਨੂੰ ਧਾਰਮਿਕ ਤੌਰ ’ਤੇ
ਖਤਮ ਕਰਕੇ ਹਿੰਦੂ ਧਰਮ ਦੇ ਮਨੁੱਖਤਾ ਮਾਰੂ ਡੂੰਘੇ ਸਮੁੰਦਰ ਵਿੱਚ ਜ਼ਜ਼ਬ ਕਰਨਾ ਚਾਹੁੰਦੇ ਹਨ, ਉਨ੍ਹਾਂ
ਦੀਆਂ ਔਰਤਾਂ ਨਾਲ ਸ਼ਰੇਬਜ਼ਾਰ ਸਮੂਹਿਕ ਬਲਾਤਕਾਰ ਵਰਗੇ ਘਿਨਾਉਣੇ ਕਰਮ ਕਰਕੇ ਉਨ੍ਹਾਂ ਦੀ ਅਣਖ ਨੂੰ ਵੰਗਾਰਿਆ
ਜਾ ਰਿਹਾ ਹੈ।
ਕੇਜ਼ਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸਭ
ਦੀਆਂ ਆਸਾਂ ਤੋਂ ਵੱਧ ਜਿੱਤ ਹਾਸਲ ਕਰਕੇ ਆਮ ਆਦਮੀ ਨੂੰ ਆਪਣੀ ਵੋਟ ਦੀ ਤਾਕਤ ਦਾ ਅਹਿਸਾਸ ਕਰਵਾ
ਦਿੱਤਾ ਹੈ ਕਿ ਇਹ ਰੱਤ ਪੀਣੇ ਰਾਜੇ ਹਥਿਆਰਾਂ ਦੀ ਥਾਂ ਵੋਟ ਨਾਲ ਵੀ ਬਦਲੇ ਜਾ ਸਕਦੇ ਹਨ। ਕਿਉਂਕਿ
ਸ਼੍ਰੀ ਕੇਜ਼ਰੀਵਾਲ ਕਾਨੂੰਨ ਦਾ ਰਾਜ ਸਥਾਪਤ ਕਰਨ ਦਾ ਵਾਅਦਾ ਕਰ ਰਹੇ ਹਨ। “ਇਨਸਾਨ
ਕਾ ਇਨਸਾਨ ਸੇ ਹੋ ਭਾਈਚਾਰਾ; ਯਹੀ ਪੈਗ਼ਾਮ ਹਮਾਰਾ” ਗੀਤ ਰਾਹੀਂ ਉਹ ਮਨੁੱਖੀ
ਭਾਈਚਾਰੇ ਅਤੇ ਸਰਬਸ਼ਾਂਝੀਵਾਲਤਾ ਦੇ ਹਾਮੀ ਜਾਪਦੇ ਹਨ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ
ਵੀਚਾਰਧਾਰਾ ਨਾਲ ਮੇਲ ਖਾਂਦਾ ਹੈ। ਮਨੁੱਖੀ ਭਾਈਚਾਰੇ ਦੇ ਹਾਮੀ ਸਿੱਖ ਧਰਮ ਅਤੇ ਜਾਤ ਅਧਾਰਤ
ਵੰਡੀਆਂ ਪਾ ਕੇ ਸਿਆਸੀ ਲਾਹੇ ਖੱਟਣ ਵਿੱਚ ਯਕੀਨ ਨਹੀਂ ਰਖਦੇ ਇਸ ਲਈ ਸ਼੍ਰੀ ਕੇਜ਼ਰੀਵਾਲ ਨੂੰ ਇੱਕ
ਮੌਕਾ ਜਰੂਰ ਦਿੱਤਾ ਜਾਣਾ ਚਾਹੀਦਾ ਹੈ।
ਸੋ
ਇਨ੍ਹਾਂ ਸਾਰੇ ਵੀਚਾਰਾਂ ਨੂੰ ਸਮੇਟਦਾ ਹੋਇਆ ਮੈਂ ਇਹੀ ਸੁਝਾਉ ਦੇਣਾ ਚਾਹੁੰਦਾ ਹਾਂ ਕਿ ਗੁਰੂ
ਸਾਹਿਬਾਨ ਤੇ ਸਿੱਖਾਂ ਨੇ ਇਸ ਦੇਸ਼ ਲਈ ਬਹੁਤ ਕੁਰਬਾਨੀਆਂ ਕੀਤੀਆਂ ਹਨ ਇਸ ਲਈ ਅਸੀਂ ਇਸ ਦੇਸ਼ ਦੀ
ਹੋਰ ਟੁੱਟ ਭੱਜ ਨਹੀਂ ਚਾਹੁੰਦੇ ਕਿਉਂਕਿ ਪਹਿਲੀਆਂ ਹੋਈਆਂ ਟੁੱਟ ਭੱਜਾਂ ਵਿੱਚੋਂ ਸਿੱਖਾਂ ਨੇ
ਨੁਕਸਾਨ ਹੀ ਉਠਾਇਆ ਹੈ। ਇਸ ਲਈ ਕਾਂਗਰਸ ਵਰਗੀ ਭ੍ਰਿਸ਼ਟ ਅਤੇ ਮੋਦੀ ਵਰਗੇ ਕੱਟੜ ਹਿੰਦੂਤਵੀ ਨੂੰ ਇਸ
ਦੇਸ਼ ਦੇ ਹੋਰ ਟੋਟੇ ਕਰਨ ਦਾ ਮੌਕਾ ਨਹੀਂ ਦੇਣਾ ਚਾਹੀਦਾ ਅਤੇ ਸ਼੍ਰੀ ਕੇਜ਼ਰੀਵਾਲ ਨੂੰ ਇੱਕ ਵਾਰ ਜਰੂਰ
ਮੌਕਾ ਦੇਣਾ ਚਾਹੀਦਾ ਹੈ। ਭ੍ਰਿਸ਼ਟਾਚਾਰ ਤੋਂ ਰਹਿਤ ਦੇਸ ਦੀ ਉਸਾਰੀ ਕਰਨ ਵਾਲੇ ਅਮਨ ਅਤੇ ਇਨਸਾਫ
ਪਸੰਦ ਹਿੰਦੂਆਂ ਸਮੇਤ ਸਾਰੀਆਂ ਘੱਟ ਗਿਣਤੀਆਂ ਦੇ ਹਿੱਤ ਵਿੱਚ ਵੀ ਇਹੋ ਹੋਵੇਗਾ ਕਿ ਜੇ ਉਹ ਨਸਲੀ
ਦੰਗੇ ਮੁਕਤ ਅਖੰਡ ਭਾਰਤ ਚਾਹੁੰਦੇ ਹਨ ਤਾਂ ਉਹ ਦੋਵੇਂ ਵੱਡੀਆਂ ਪਾਰਟੀਆਂ ਨੂੰ ਨਕਾਰ ਕੇ ਸ਼੍ਰੀ
ਕੇਜ਼ਰੀਵਾਲ ਜੀ ਦਾ ਸਾਥ ਦੇਣ।
ਕਿਰਪਾਲ ਸਿੰਘ ਬਠਿੰਡਾ
ਮੋਬ: 9855480797