SIKHI AWARENESS & WELFARE SOCIETY SIKHI AWARENESS & WELFARE SOCIETY Author
Title: ਬੋਲਣ ਲਿਖਣ ਦੀ ਅਜਾਦੀ ਦਾ ਹੱਕ ਖੋਹਿਆ ਜਾ ਰਿਹਾ ਹੈ ਪੰਜਾਬ ਵਿਚ : ਕਿਰਪਾਲ ਸਿੰਘ ਬਠਿੰਡਾ
Author: SIKHI AWARENESS & WELFARE SOCIETY
Rating 5 of 5 Des:
ਭਾਰਤ ਦੇ ਸੰਵਿਧਾਨ ਦੀ ਧਾਰਾ 19(1)(ਏ) ਹਰ ਸ਼ਹਿਰੀ ਨੂੰ ਆਪਣੇ ਵੀਚਾਰਾਂ ਦਾ ਪ੍ਰਗਟਾਵਾ ਕਰਨ ਲਈ ਬੋਲਣ ਤੇ ਲਿਖਣ ਦੀ ਆਜਾਦੀ ਦਾ ਮੁਢਲਾ ਹੱਕ ਪ੍ਰਦਾਨ ਕਰਦੀ ਹੈ। ਅਸਲ ਵਿੱਚ...
ਭਾਰਤ ਦੇ ਸੰਵਿਧਾਨ ਦੀ ਧਾਰਾ 19(1)(ਏ) ਹਰ ਸ਼ਹਿਰੀ ਨੂੰ ਆਪਣੇ ਵੀਚਾਰਾਂ ਦਾ ਪ੍ਰਗਟਾਵਾ ਕਰਨ ਲਈ ਬੋਲਣ ਤੇ ਲਿਖਣ ਦੀ ਆਜਾਦੀ ਦਾ ਮੁਢਲਾ ਹੱਕ ਪ੍ਰਦਾਨ ਕਰਦੀ ਹੈ। ਅਸਲ ਵਿੱਚ ਬੋਲਣ ਤੇ ਲਿਖਣ ਦੀ ਅਜਾਦੀ ਦਾ ਹੱਕ ਸਾਡਾ ਸਿਰਫ ਸੰਵਿਧਾਨਕ ਹੱਕ ਹੀ ਨਹੀਂ ਬਲਕਿ ਹਰ ਆਜਾਦ ਕਹਾਉਣ ਵਾਲੇ ਵਿਅਕਤੀ ਦਾ ਜਨਮ ਸਿੱਧ ਕੁਦਰਤੀ ਅਧਿਕਾਰ ਹੈ। ਜੂਨ 1975 ਵਿੱਚ ਜਦੋਂ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਦੇਸ਼ ਅੰਦਰ ਅੰਦਰੂਨੀ ਐਮਰਜੈਂਸੀ ਲਾ ਕੇ ਦੇਸ਼ ਵਾਸੀਆਂ ਤੋਂ ਆਪਣੇ ਵੀਚਾਰਾਂ ਦਾ ਪ੍ਰਗਟਾਵਾ ਕਰਨ ਲਈ ਬੋਲਣ ਤੇ ਲਿਖਣ ਦੀ ਅਜਾਦੀ ਦਾ ਇਹ ਮੁਢਲਾ ਹੱਕ ਖੋਹ ਲਿਆ, ਪ੍ਰੈੱਸ ’ਤੇ ਪਾਬੰਦੀਆਂ ਲਾ ਦਿੱਤੀਆਂ ਅਤੇ ਸਰਕਾਰ ਵਿਰੁੱਧ ਬੋਲਣ ਵਾਲੇ ਆਪਣੇ ਸਿਆਸੀ ਵਿਰੋਧੀ ਆਗੂਆਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਤਾਂ ਸ਼੍ਰੀ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਹੇਠ ਦੇਸ਼ ਵਿਆਪੀ ਅੰਦੋਲਨ ਚੱਲਿਆ। ਇਸ ਅੰਦੋਲਨ ਵਿੱਚ ਹੋਰਨਾਂ ਸਮਾਜਵਾਦੀ ਪਾਰਟੀਆਂ ਤੋਂ ਇਲਾਵਾ ਜਨਸੰਘ (ਭਾਜਪਾ) ਅਤੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਤਾਂ ਹੁਣ ਤੱਕ ਇਹ ਦਾਅਵਾ ਕਰਦਾ ਨਹੀਂ ਥੱਕਦਾ ਕਿ ਉਸ ਸਮੇਂ ਇੰਦਰਾ ਗਾਂਧੀ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨਣ ਨੂੰ ਤਿਆਰ ਸੀ ਬਸ਼ਰਤੇ ਕਿ ਅਕਾਲੀ ਦਲ ਆਪਣੇ ਆਪ ਨੂੰ ਜੇਪੀ ਅੰਦੋਲਨ ਤੋਂ ਵੱਖ ਕਰ ਲਵੇ। ਵਿਸ਼ੇਸ਼ ਤੌਰ ’ਤੇ ਪ੍ਰਕਾਸ਼ ਸਿੰਘ ਬਾਦਲ ਬੜੇ ਫਖ਼ਰ ਨਾਲ ਇਹ ਕਹਿੰਦੇ ਨਹੀਂ ਥਕਦੇ ਕਿ ਉਸ ਸਮੇਂ ਉਨ੍ਹਾਂ ਨੇ ਇੰਦਰਾ ਗਾਂਧੀ ਵੱਲੋਂ ਪੰਜਾਬ ਨੂੰ ਤਜ਼ਵੀਜ਼ ਕੀਤੇ ਵਿਸ਼ੇਸ਼ ਪੈਕੇਜ ਨੂੰ ਠੋਕਰ ਮਾਰ ਕੇ ਅਤੇ ਆਪਣੇ ਨਿਜੀ ਹਿੱਤਾਂ ਨੂੰ ਤਿਆਗ ਕੇ ਹਰ ਭਾਰਤੀ ਲਈ ਮਨੁੱਖੀ ਅਧਿਕਾਰਾਂ ਅਤੇ ਬੋਲਣ ਲਿਖਣ ਦੀ ਅਜਾਦੀ ਦੇ ਮੁਢਲੇ ਹੱਕ ਬਹਾਲ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਐਮਰਜੈਂਸੀ ਵਿਰੁੱਧ ਅੰਦੋਲਨ ਵਿੱਚ ਹੋਰਨਾਂ ਪਾਰਟੀਆਂ ਦੇ ਮੁਕਾਬਲੇ ਸਭ ਤੋਂ ਵੱਧ ਯੋਗਦਾਨ ਪਾਇਆ ਭਾਵ ਜੇਲ੍ਹਾਂ ਵਿੱਚ ਨਜ਼ਰਬੰਦ ਹੋਣ ਵਾਲਿਆਂ ਵਿੱਚੋਂ ਸਭ ਤੋਂ ਵੱਧ ਗਿਣਤੀ ਅਕਾਲੀਆਂ ਦੀ ਸੀ। ਇਸ ਲਈ ਸ਼੍ਰੋਮਣੀ ਅਕਾਲੀ ਦਲ ਮਨੁੱਖੀ ਅਧਿਕਾਰਾਂ ਤੇ ਬੋਲਣ ਲਿਖਣ ਦੀ ਆਜਾਦੀ ਦਾ ਸਭ ਤੋਂ ਵੱਡਾ ਅਲੰਬਰਦਾਰ ਹੈ।
ਹੁਣ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਭਾਈਵਾਲੀ ਵਾਲੀ ਸਰਕਾਰ ਲਗਾਤਾਰ ਪਿਛਲੇ 7 ਸਾਲਾਂ ਤੋਂ ਸਤਾ ’ਤੇ ਕਾਬਜ਼ ਹੈ। ਵੇਖਿਆ ਜਾਵੇ ਤਾਂ ਇਸ ਸਮੇਂ ਦੌਰਾਣ ਆਮ ਆਦਮੀ ਦੇ ਬੋਲਣ ਲਿਖਣ ਦੀ ਅਜਾਦੀ ਦੇ ਹੱਕ ਨਾਲ ਜਿਸ ਤਰ੍ਹਾਂ ਖਿਲਵਾੜ ਕੀਤਾ ਜਾ ਰਿਹਾ ਹੈ ਇਹ ਕਿਸੇ ਵੀ ਤਰ੍ਹਾਂ ਇੰਦਰਾ ਗਾਂਧੀ ਦੇ ਐਮਰਜੈਂਸੀ ਕਾਲ ਨਾਲੋਂ ਵੱਖਰਾ ਨਹੀਂ ਹੈ। ਫਰਕ ਸਿਰਫ ਇਤਨਾ ਹੈ ਕਿ ਉਸ ਸਮੇਂ ਇੰਦਰਾ ਗਾਂਧੀ ਨੇ ਐਲਾਨੀਆਂ ਤੌਰ ’ਤੇ ਐਮਰਜੈਂਸੀ ਲਾ ਕੇ ਇਹ ਹੱਕ ਖੋਹੇ ਸਨ ਪਰ ਅਕਾਲੀ ਭਾਜਪਾ ਸਰਕਾਰ ਦੌਰਾਨ ਅਣਐਲਾਨੀਆਂ ਪਾਬੰਦੀਆਂ ਲਾਈਆਂ ਹੋਈਆਂ ਹਨ। ਮਿਸਾਲ ਦੇ ਤੌਰ ’ਤੇ ਪੰਜਾਬ ਦੇ ਟੀਵੀ ਕੇਬਲ ਚੈੱਨਲ ’ਤੇ ਏਕਾ ਅਧਿਕਾਰ ਕਾਇਮ ਕਰਕੇ ਇਸ ’ਤੇ ਸਿਰਫ ਉਹੀ ਚੈੱਨਲ ਵਿਖਾਏ ਜਾ ਰਹੇ ਹਨ ਜਿਨ੍ਹਾਂ ’ਤੇ 80% ਤੋਂ ਵੱਧ ਸਮੇਂ ਲਈ ਬਾਦਲ ਪੱਖੀ ਖ਼ਬਰਾਂ ਤੇ ਪ੍ਰੋਗਰਾਮ ਵਿਖਾਏ ਜਾਂਦੇ ਹਨ। ਡੇ ਐਂਡ ਨਾਈਟ ਚੈੱਨਲ ਦੇ ਪ੍ਰੋਗਰਾਮ ਸ: ਬਾਦਲ ਦੇ ਹਜ਼ਮ ਨਾ ਹੋਣ ਕਰਕੇ ਉਸ ਨੂੰ ਕੇਬਲ ਤੋਂ ਕੱਟ ਦਿੱਤਾ ਗਿਆ ਤੇ ਉਸ ਉਪ੍ਰੰਤ ਬਿਲਕੁਲ ਹੀ ਬੰਦ ਕਰਵਾ ਦਿੱਤਾ ਗਿਆ। ਇਸੇ ਤਰ੍ਹਾਂ ਜਦ ਤੱਕ ਦਿੱਲੀ ਸਿੱਖ ਗੁਰਦੁਆਰਾ ਕਮੇਟੀ ’ਤੇ ਸਰਨਾ ਧੜਾ ਕਾਬਜ਼ ਰਿਹਾ ਤਾਂ ਉਸ ਸਮੇਂ ਦੌਰਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋ ਰਹੀ ਗੁਰਮਤਿ ਅਨੁਸਾਰੀ ਕਥਾ ਵਿੱਚ ‘ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥’ (ਗੁਰੂ ਗ੍ਰੰਥ ਸਾਹਿਬ - ਪੰਨਾ 647) ਦਾ ਕਥਵਾਚਕ ਹਵਾਲਾ ਦਿੰਦੇ ਇਸ਼ਾਰਾ ਕਰ ਜਾਂਦੇ ਸਨ ਕਿ ‘ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥’ (ਗੁਰੂ ਗ੍ਰੰਥ ਸਾਹਿਬ - ਪੰਨਾ 662) ਸਿਰਫ ਕਾਜ਼ੀਆਂ, ਬ੍ਰਾਹਮਣਾਂ ਅਤੇ ਜੋਗੀਆਂ ’ਤੇ ਹੀ ਲਾਗੂ ਨਹੀਂ ਹੈ ਬਲਕਿ ਸਿੱਖ ਧਰਮ ਦੇ ਪ੍ਰਚਾਰਕਾਂ ਅਤੇ ਧਾਰਮਿਕ ਉਚ ਪਦਵੀਆਂ ’ਤੇ ਸੁਸ਼ੋਬਤ ਸਖ਼ਸ਼ੀਅਤਾਂ ’ਤੇ ਵੀ ਉਨ੍ਹਾਂ ਹੀ ਢੁੱਕਦਾ ਹੈ। ‘ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨ੍‍ ਿਬੈਠੇ ਸੁਤੇ ॥ ਚਾਕਰ ਨਹਦਾ ਪਾਇਨ੍‍ ਿਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥’ (ਗੁਰੂ ਗ੍ਰੰਥ ਸਾਹਿਬ - ਪੰਨਾ 1288) ਵਾਲਾ ਸ਼ਬਦ ਸਿਰਫ ਮੁਗਲ ਬਾਬਰ, ਜਹਾਂਗੀਰ, ਔਰੰਗਜ਼ੇਬ ਆਦਿਕ ’ਤੇ ਹੀ ਲਾਗੂ ਨਹੀਂ ਹੁੰਦਾ ਬਲਕਿ ਅੱਜ ਦੇ ਭ੍ਰਿਸ਼ਟਾਚਾਰੀ ਅਤੇ ਜੰਤਾ ’ਤੇ ਜੁਲਮ ਢਾਹ ਰਹੇ ਹਾਕਮਾਂ ’ਤੇ ਵੀ ਓਨਾਂ ਹੀ ਢੁੱਕਦਾ ਹੈ। ‘ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍‍ਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥’ (ਗੁਰੂ ਗ੍ਰੰਥ ਸਾਹਿਬ - ਪੰਨਾ 476) ਸਿਰਫ ਗੁਰੂ ਕਾਲ ਵਿੱਚ ਹੋਏ ਭੇਖੀ ਸੰਤਾਂ ’ਤੇ ਹੀ ਲਾਗੂ ਨਹੀਂ ਹੈ ਬਲਕਿ ਅੱਜ ਦੇ ਭੇਖੀ ਸਿੱਖ ਸੰਤਾਂ ’ਤੇ ਵੀ ਓਨਾਂ ਹੀ ਢੁੱਕਦਾ ਹੈ। ਬੰਗਲਾ ਸਾਹਿਬ ਵਿਖੇ ਹੋ ਰਹੀ ਇਹ ਕਥਾ ਬੇਸ਼ੱਕ ਗੁਰਮਤਿ ਦੀ ਸੂਝ ਰੱਖਣ ਵਾਲੇ ਗੁਰਸਿੱਖਾਂ ਅਤੇ ਆਮ ਆਦਮੀ ਨੂੰ ਤਾਂ ਬਹੁਤ ਪਸੰਦ ਸੀ ਪਰ ਬਾਦਲ ਦਲ ਅਤੇ ਉਸ ਦੇ ਭਾਈਵਾਲ ਬਣੇ ਸੰਤ ਸਮਾਜ ਅਤੇ ਉਨ੍ਹਾਂ ਦੇ ਇਸ਼ਰਿਆਂ ’ਤੇ ਅਖੌਤੀ ਹੁਕਮਨਾਮੇ ਜਾਰੀ ਕਰਕੇ ਪੰਥਕ ਆਵਾਜ਼ ਦਬਾਉਣ ਵਾਲੇ ਜਥੇਦਾਰਾਂ ਨੂੰ ਚੁੱਭਣ ਕਾਰਣ ਇਸ ਕਥਾ ਨੂੰ ਪ੍ਰਸਾਰਤ ਕਰਨ ਵਾਲੇ ਚੈੱਨਲ “ਚੜ੍ਹਦੀ ਕਲਾ ਟਾਈਮ ਟੀਵੀ” ਨੂੰ ਕੇਬਲ ਤੋਂ ਕੱਟੀ ਰੱਖਿਆ ਪਰ ਜਦੋਂ ਹੀ ਦਿੱਲੀ ਕਮੇਟੀ ’ਤੇ ਬਾਦਲਕਿਆਂ ਦਾ ਕਬਜ਼ਾ ਹੋ ਗਿਆ ਤਾਂ ਤੁਰੰਤ ਉਸ ਚੈੱਨਲ ਨੂੰ ਕੇਬਲ ਤੋਂ ਵਿਖਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਪੰਜਾਬ ਵਿੱਚ ਇਲੈਕਟ੍ਰੋਨਿਕ ਮੀਡੀਏ ’ਤੇ ਬਾਦਲ ਦਲ ਦਾ ਏਕਾਧਿਕਾਰ ਹੈ ਹੀ; ਪ੍ਰਿੰਟ ਮੀਡੀਆ ਵੀ ਸਰਕਾਰੀ ਇਸ਼ਤਿਹਾਰ ਦੇਣ ਦੀ ਨੀਤੀ ਰਾਹੀਂ ਲਗਪਗ ਪੂਰੀ ਤਰ੍ਹਾਂ ਖ੍ਰੀਦ ਕੇ ਆਪਣੇ ਪੱਖ ਵਿੱਚ ਕਰ ਰੱਖਿਆ ਹੈ। ਜਿਹੜੇ ਕੁਝ ਪੰਜਾਬੀ ਅਖ਼ਬਾਰ ਅਕਾਲੀ-ਭਾਜਪਾ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੇ ਕੰਮਕਾਰ ਦੀਆਂ ਅਲੋਚਨਾ ਪੱਖੀ ਖ਼ਬਰਾਂ ਨੂੰ ਥਾਂ ਦਿੰਦੇ ਹਨ ਉਨ੍ਹਾਂ ਦੇ ਇਸ਼ਤਿਹਾਰ ਪੂਰੀ ਤਰ੍ਹਾਂ ਬੰਦ ਕਰਕੇ ਉਨ੍ਹਾਂ ਨੂੰ ਬੰਦ ਕਰਵਾਉਣ ਦਾ ਰਾਹ ਫੜਿਆ ਹੋਇਆ ਹੈ। ਇਸ ਤਰ੍ਹਾਂ ਸਰਕਾਰ ਵਿਰੋਧੀ ਖ਼ਬਰਾਂ ’ਤੇ ਇੱਕ ਤਰ੍ਹਾਂ ਅਣਐਲਾਨੀਆਂ ਪਬੰਦੀ ਲਾ ਕੇ ਸ਼ਹਿਰੀਆਂ ਦੀ ਬੋਲਣ ਤੇ ਲਿਖਣ ਦੀ ਪਾਬੰਦੀ ਲੱਗੀ ਹੋਈ ਹੈ।
ਪੰਜਾਬ ਵਿੱਚ ਜਿਨ੍ਹਾਂ ਸ਼ਹਿਰੀਆਂ ਦੀ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਏ ਰਾਹੀਂ ਆਵਾਜ਼ ’ਤੇ ਪਬੰਦੀ ਹੈ; ਉਨ੍ਹਾਂ ਨੇ ਸ਼ੋਸ਼ਿਲ ਮੀਡੀਏ ਰਾਹੀਂ ਆਪਣੇ ਵੀਚਾਰ ਪ੍ਰਗਟ ਕਰਨੇ ਸ਼ੁਰੂ ਕਰ ਦਿੱਤੇ। ਪਰ ਮਨੁੱਖੀ ਅਧਿਕਾਰਾਂ ਅਤੇ ਬੋਲਣ ਲਿਖਣ ਦੀ ਅਜਾਦੀ ਦੇ ਹੱਕ ਦਿਵਾਉਣ ਦੇ ਅਲੰਬਰਦਾਰ ਕਹਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਸ਼ੋਸ਼ਿਲ ਮੀਡੀਏ ਰਾਹੀਂ ਆਪਣੇ ਵੀਚਾਰ ਪ੍ਰਗਟ ਕਰਨ ਵਾਲਿਆਂ ’ਤੇ ਵੀ ਆਪਣਾ ਗੈਰਕਾਨੂੰਨੀ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਮਿਸਾਲ ਦੇ ਤੌਰ ’ਤੇ ਸ: ਸਤਪਾਲ ਸਿੰਘ ਡੁੱਗਰੀ ਨੇ ‘ਫਤਹਿ ਮਲਟੀ ਮੀਡੀਆ’ ਰਾਹੀਂ ਸ਼੍ਰੋਮਣੀ ਕਮੇਟੀ, ਸੰਤ ਸਮਾਜ ਅਤੇ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਧਾਂਦਲੀਆਂ ਅਤੇ ਗੁਰਮਤਿ ਵਿਰੋਧੀ ਕਾਰਵਾਈਆਂ ਤੇ ਆਮ ਲੋਕਾਂ; ਜਿਨ੍ਹਾਂ ਦੀ ਆਵਾਜ਼ ਕੋਈ ਵੀ ਮੀਡੀਏ ਵਾਲਾ ਨਹੀ ਉਠਾਉਂਦਾ; ਦੇ ਵੀਚਾਰ ਪ੍ਰਗਟ ਕਰਦੀਆਂ ਵੀਡੀਓ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਆਰੰਭਿਆ। ਫਤਹਿ ਮਲਟੀ ਮੀਡੀਏ ਦੇ ਦੇਸ਼ ਵਿਦੇਸ਼ ਵਿੱਚ 18 ਲੱਖ ਦ੍ਰਸ਼ਕ ਸਨ। ਇਸ ਚੈੱਨਲ ਤੇ 219 ਵੀਡੀਓ ਸਨ ਅਤੇ 151 ਦੇਸ਼ਾਂ ਵਿੱਚ ਰੋਜ਼ਾਨਾ ਖੋਲ੍ਹ ਕੇ ਵੇਖਿਆ ਜਾਂਦਾ ਸੀ। ਫਤਹਿ ਮਲਟੀ ਮੀਡੀਏ ਦਾ ਇਹ ਕੰਮ ਬਾਦਲ ਦਲ ਨੂੰ ਨਾ ਭਾਉਣ ਕਰਕੇ ਇੱਕ ਮਾਮੂਲੀ ਸ਼ਿਕਾਇਤ ਦਾ ਬਹਾਨਾ ਬਣਾ ਕੇ ਇਸ ਚੈੱਨਲ ਨੂੰ ਬੰਦ ਕਰਵਾ ਦਿੱਤਾ ਤੇ ਉਸ ਉਪਰ ਪਈਆਂ ਸਾਰੀਆਂ ਵੀਡੀਓ ਬਿਨਾਂ ਕੋਈ ਕਾਰਣ ਦੱਸਿਆਂ ਜ਼ਬਤ ਕਰਵਾ ਦਿੱਤੀਆਂ। ਆਪਣੀ ਧੁਨ ਦੇ ਸਿਰੜੀ ਸ: ਸਤਪਾਲ ਸਿੰਘ ਨੇ ਫਿਰ ਵੀ ਹੌਂਸਲਾ ਨਾ ਛੱਡਿਆ ਤੇ ਫੇਸ ਬੁੱਕ ਰਾਹੀਂ ਅਤੇ ਆਪਣੇ ਲੇਖਾਂ ਰਾਹੀਂ ਆਪਣੇ ਵੀਚਾਰ ਅਤੇ ਆਮ ਆਦਮੀ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਣੀ ਜਾਰੀ ਰੱਖੀ। ਪੰਜਾਬ ਸਰਕਾਰ ਵੱਲੋਂ ਡਰਾ ਧਮਕਾ ਕੇ ਉਸ ਦੀ ਆਵਾਜ਼ ਬੰਦ ਕਰਵਾਉਣ ਲਈ 10 ਫਰਵਰੀ ਨੂੰ ਸੀਆਈਡੀ ਦੇ ਕਰਮਚਾਰੀ ਉਸ ਦੇ ਦਫਤਰ ਪਹੁੰਚੇ। ਉਨ੍ਹਾਂ ਨੇ ਆਈ.ਜੀ. ਵਿਜੀਲੈਂਸ ਤੋਂ ਮਾਰਕ ਕੀਤੀ ਇੱਕ ਸ਼ਿਕਾਇਤ ਪੱਤਰ ਵਿਖਾ ਕੇ ਸਤਪਾਲ ਸਿੰਘ ਨੂੰ ਦੱਸਿਆ ਕਿ ਉਹ ਇਸ ਦੀ ਪੜਤਾਲ ਕਰਨ ਲਈ ਆਏ ਹਨ। ਉਨ੍ਹਾਂ ਪਾਸ ਕਾਫੀ ਸਾਰੇ ਲੇਖਾਂ ਦੀਆਂ ਪ੍ਰਿੰਟ ਕਾਪੀਆਂ ਸਨ ਜਿਹੜੇ ਕਿ ਸ: ਸਤਪਾਲ ਸਿੰਘ ਡੁੱਗਰੀ ਵੱਲੋਂ ਲਿਖੇ ਹੋਏ ਸਨ ਅਤੇ ਉਨ੍ਹਾਂ ਵਿੱਚੋਂ ਕਈ ਲੇਖਾਂ ਵਿੱਚ ਜਥੇਦਾਰਾਂ ਅਤੇ ਪੰਜਾਬ ਸਰਕਾਰ ਦੀ ਅਲੋਚਨਾ ਕੀਤੀ ਸੀ; ਵਿਖਾ ਕੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਇਹ ਲੇਖ ਤੁਹਾਡੇ ਹੀ ਲਿਖੇ ਹੋਏ ਹਨ। ਸ: ਸਤਪਾਲ ਸਿੰਘ ਵੱਲੋਂ ਹਾਂ ਕਹਿਣ ਅਤੇ ਹੋਰ ਕੋਈ ਸਵਾਲ ਪੁੱਛਣ ਉਪ੍ਰੰਤ ਜਾਂਦੇ ਹੋਏ ਕਹਿ ਗਏ ਕਿ ਹੁਣ ਅਗਲੀ ਕਾਰਵਾਈ ਸਥਾਨਿਕ ਪ੍ਰਸ਼ਾਸ਼ਨ ਕਰੇਗਾ।
ਸ: ਸਤਪਾਲ ਸਿੰਘ ਨੇ ਇਸ ਲੇਖਕ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਉਨ੍ਹਾਂ ਦੀ ਆਵਾਜ਼ ਬੰਦ ਕਰਵਾਉਣ ਲਈ ਇਹ ਡਰਾਉਣ ਧਮਕਾਉਣ ਵਾਲੀ ਕਾਰਵਾਈ ਕਰ ਰਹੀ ਹੈ। ਸ: ਸਤਪਾਲ ਸਿੰਘ ਨੇ ਫੇਸ ਬੁੱਕ ਰਾਹੀਂ ਸੂਚਨਾਵਾਂ ਦਾ ਆਦਾਨ ਪ੍ਰਦਾਨ ਕਰ ਰਹੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫੇਸ ਬੁੱਕ ਦੇ ਫੇਕ ਆਈਡੀ ਵਾਲੇ ਦੋਸਤਾਂ ਤੋਂ ਚੇਤੰਨ ਰਹਿਣ ਕਿਉਂਕਿ ਪੜਤਾਲ ਕਰਨ ਆਏ ਸੀਆਈਡੀ ਅਧਿਕਾਰੀਆਂ/ਕ੍ਰਮਚਾਰੀਆਂ ਵੱਲੋਂ ਬਹੁਤੇ ਸਵਾਲ ਉਨ੍ਹਾਂ ਦੇ ਫੇਸ ਬੁੱਕ ਦੋਸਤਾਂ ਸਬੰਧੀ ਪੁੱਛੇ ਗਏ ਸਨ ਕਿ ਉਨ੍ਹਾਂ ਨਾਲ ਉਸ ਦੇ ਕੀ ਸਬੰਧ ਹਨ ਅਤੇ ਉਨ੍ਹਾਂ ਬਾਰੇ ਉਹ ਕੀ ਜਾਣਦੇ ਹਨ?

Advertisement

 
Top