ਮਨੁੱਖ ਭਾਵੇਂ ਕਿਸੇ ਵੀ ਧਰਮ ਨਾਲ ਸਬੰਧਤ ਹੋਵੇ, ਵਿਆਹ ਉਸ ਦੀ ਅਤਿ ਮਹੱਤਵਪੂਰਨ ਸਮਾਜਕ ਲੋੜ ਹੈ। ਇਸ ਲਈ ਜਿਸ ਸਮੇਂ ਤੋਂ ਮਨੁੱਖ ਨੇ ਸਮਾਜ ਵਿੱਚ ਰਹਿਣਾ ਸ਼ੁਰੂ ਕੀਤਾ ਉਸੇ ਸਮੇਂ ਤੋਂ ਹੀ ਇਸਤਰੀ ਤੇ ਮਰਦ ਵਿਆਹ ਬੰਧਨਾਂ ਵਿੱਚ ਬਝਦੇ ਆ ਰਹੇ ਹਨ। ਵਿਆਹ ਨਾਲ ਮਨੁੱਖ ਦੇ ਮੋਢਿਆਂ ’ਤੇ ਕੁਝ ਨਵੀਆਂ ਜਿੰਮੇਵਾਰੀਆਂ ਪੈਂਦੀਆਂ ਹਨ ਜਿਹੜੀਆਂ ਕਿ ਸਫਲ ਗ੍ਰਿਹਸਤੀ ਜੀਵਨ ਜਿਊਣ ਲਈ ਉਸ ਨੂੰ ਨਿਭਾਉਣੀਆਂ ਲਾਜ਼ਮੀ ਹੁੰਦੀਆਂ ਹਨ। ਕੁਝ ਦਾਰਸ਼ਨਿਕ ਜਿਹੜੇ ਇਹ ਜਿੰਮੇਵਾਰੀਆਂ ਨਿਭਾਉਣ ਤੋਂ ਅਸਮਰਥ ਜਾਂ ਭਗੌੜੇ ਹੁੰਦੇ ਹਨ ਉਨ੍ਹਾਂ ਨੇ ਵਿਆਹ ਨੂੰ ਇੱਕ ਬੰਧਨ ਅਤੇ ਮਨੁੱਖ ਦੀ ਤਰੱਕੀ ਖਾਸ ਕਰਕੇ ਅਧਿਆਤਮਿਕ ਸਫਰ ਵਿੱਚ ਰੋੜਾ ਦੱਸਿਆ। ਸਰੀਰਕ ਭੁੱਖ ਜਾਂ ਖ਼ੁਦਗਰਜ਼ੀਆਂ ਪੂਰੀਆਂ ਕਰਨ ਲਈ ਕੇਵਲ ਸਮਾਜਿਕ ਰਸਮਾਂ ਰਾਹੀਂ ਵਿਆਹੇ ਜੋੜਿਆਂ ਨੂੰ ਜਦੋਂ ਆਪਣੀਆਂ ਮਿਥੀਆਂ ਹੋਈਆਂ ਖ਼ੁਦਰਜ਼ੀਆਂ ਪੂਰੀਆਂ ਹੁੰਦੀਆਂ ਨਜ਼ਰ ਨਹੀਂ ਆਉਂਦੀਆਂ ਤਾਂ ਅਕਸਰ ਉਹ ਵੀ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਵਿਆਹ ਬੂਰ ਦੇ ਲੱਡੂ ਹਨ; ਜਿਨ੍ਹਾਂ ਨੇ ਖਾਧੇ ਉਹ ਵੀ ਪਛੁਤਾਏ ਅਤੇ ਜਿਨ੍ਹਾਂ ਨੇ ਨਾਂ ਖਾਧੇ ਉਹ ਵੀ ਪਛੁਤਾਏ। ਪਰ ਗੁਰਮਤਿ ਨੇ ਇਨ੍ਹਾਂ ਨਾਂਹ ਪੱਖੀ ਧਾਰਨਾਵਾਂ ਦਾ ਖੰਡਨ ਕਰਦਿਆਂ ਗ੍ਰਿਸਤ ਧਰਮ ਨੂੰ ਸਭ ਤੋਂ ਉਤਮ ਮੰਨਿਆ ਹੈ। ਭਾਈ ਗੁਰਦਾਸ ਜੀ ਕਬਿਤ ਨੰ: 376 ਵਿੱਚ ਬਹੁਤ ਹੀ ਸੋਹਣੇ ਸ਼ਬਦਾਂ ਵਿੱਚ ਬਿਆਨ ਕਰਦੇ ਹਨ:
‘ਜੈਸੇ ਸਰ ਸਰਤਾ ਮੇਂ ਸਮੁੰਦ ਬਡੋ; ਮੇਰਨ ਮੇਂ ਸੁਮੇਰ ਬਡੋ ਜਗਤ ਬਖਾਨ ਹੈ।
ਤਰਵਰਨ ਬਿਖੈ ਜੈਸੇ ਚੰਦਨ ਬਿਰਖ ਬਡੋ; ਧਾਤਨ ਮੇਂ ਕਨਿਕ ਅਤਿ ਉਤਮ ਕੈ ਮਾਨ ਹੈ।
ਪੰਛਿਨ ਮੇਂ ਹੰਸ, ਮ੍ਰਿਗਰਾਜਨ ਮੇਂ ਸਾਰਦੂਲ; ਰਾਗਨ ਮੇਂ ਸ੍ਰੀ ਰਾਗੁ, ਪਾਰਸ ਪਖਾਨ ਹੈ।
ਗਯਾਨਨ ਮੇਂ ਗਯਾਨ ਅਰ ਧਯਾਨਨ ਮੇਂ ਧਯਾਨ ਗੁਰ; ਸਗਲ ਧਰਮ ਮੇਂ ਗ੍ਰਿਹਸਤ ਪਰਧਾਨ ਹੈ।’
ਭਾਈ ਸਾਹਿਬ ਜੀ ਬਹੁਤ ਸੁੰਦਰ ਉਦਾਹਰਣਾਂ ਦਿੰਦੇ ਹੋਏ ਲਿਖਦੇ ਹਨ ਕਿ ਜਿਸ ਤਰ੍ਹਾਂ ਸਾਰੇ ਸਰੋਵਰਾਂ ਅਤੇ ਨਦੀਆਂ ਵਿੱਚੋਂ ਸਮੁੰਦਰ ਵੱਡਾ ਹੁੰਦਾ ਹੈ; ਜਿਵੇਂ ਇਹ ਗੱਲ ਜਗਤ ਪ੍ਰਸਿੱਧ ਹੈ ਕਿ ਸਾਰੇ ਪਰਬਤਾਂ ਵਿੱਚੋਂ ਸੁਮੇਰ ਪਰਬਤ ਵੱਡਾ ਹੈ। ਜਿਸ ਤਰ੍ਹਾਂ ਬਨਸਪਤੀ ਬਿਰਖਾਂ ਵਿੱਚੋਂ ਚੰਦਨ ਦਾ ਬਿਰਖ ਅਤੇ ਧਾਤਾਂ ਵਿੱਚੋਂ ਸੋਨਾ ਅਤਿ ਉੱਤਮ ਮੰਨਿਆ ਗਿਆ ਹੈ। ਜਿਸ ਤਰ੍ਹਾਂ ਪੰਛੀਆਂ ਵਿੱਚੋਂ ਹੰਸ, ਜੰਗਲੀ ਜਾਨਵਰਾਂ ਵਿੱਚੋਂ ਸ਼ੇਰ, ਰਾਗਾਂ ਵਿੱਚੋਂ ਸ੍ਰੀ ਰਾਗੁ ਅਤੇ ਪੱਥਰਾਂ ਵਿੱਚੋਂ ਪਾਰਸ ਉੱਤਮ ਹੈ, ਸਾਰੇ ਤਰ੍ਹਾਂ ਦੇ ਗਿਆਨ ਵਿੱਚੋਂ ਗੁਰੂ ਦਾ ਗਿਆਨ ਅਤੇ ਹੋਰ ਸਭ ਤਰ੍ਹਾਂ ਦੇ ਧਿਆਨ ਲਾਉਣ ਨਾਲੋਂ ਗੁਰੂ ਨੂੰ ਆਪਣੇ ਧਿਆਨ ਵਿੱਚ ਵਸਾਉਣ ਨੂੰ ਹੀ ਉੱਤਮ ਮੰਨਿਆ ਗਿਆ ਹੈ ਠੀਕ ਉਸੇ ਤਰ੍ਹਾਂ ਹੀ ਸਾਰੇ ਧਰਮਾਂ ਵਿੱਚੋਂ ਗ੍ਰਿਹਸਤ ਧਰਮ ਪ੍ਰਧਾਨ ਹੈ।
ਗੁਰਮਤਿ ਵਿੱਚ ਗ੍ਰਿਹਸਤ ਜੀਵਨ ਨੂੰ ਇੱਕ ਐਸੀ ਪ੍ਰਯੋਗਸ਼ਾਲਾ ਦੱਸਿਆ ਗਿਆ ਹੈ ਜਿਸ ਵਿੱਚ ਸਾਡੇ ਸਾਂਝੇ ਭਰਤਾ ਅਕਾਲ ਪੁਰਖ ਨਾਲ ਅਨੰਦਮਈ ਮਿਲਾਪ ਦੇ ਗੁਰ ਸਿੱਖੇ ਜਾ ਸਕਦੇ ਹਨ। ਇਸੇ ਕਾਰਣ ਗੁਰਬਾਣੀ ਵਿੱਚ ਅਕਾਲ ਪੁਰਖ ਨੂੰ ਪਤੀ, ਪਿਤਾ ਅਤੇ ਮਾਤਾ ਦੇ ਰੂਪ ਵਿੱਚ ਅਤੇ ਸਾਰੇ ਜੀਵਾਂ ਭਾਵੇਂ ਉਹ ਮਰਦ ਹੋਣ ਜਾਂ ਔਰਤਾਂ ਸਰਿਆਂ ਨੂੰ ਹੀ ਪ੍ਰਭੂ ਦੀਆਂ ਜੀਵ ਇਸਤਰੀਆਂ ਅਤੇ ਉਸ ਦੇ ਬੱਚਿਆਂ ਦੇ ਤੌਰ ’ਤੇ ਪੇਸ਼ ਕੀਤਾ ਹੈ:
‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ॥’ (ਮ: 3, ਪੰਨਾ 591);
‘ਮੈ ਕਾਮਣਿ, ਮੇਰਾ ਕੰਤੁ ਕਰਤਾਰੁ ॥ ਜੇਹਾ ਕਰਾਏ, ਤੇਹਾ ਕਰੀ ਸੀਗਾਰੁ ॥1॥ ਜਾਂ ਤਿਸੁ ਭਾਵੈ; ਤਾਂ ਕਰੇ ਭੋਗੁ ॥ ਤਨੁ ਮਨੁ ਸਾਚੇ ਸਾਹਿਬ ਜੋਗੁ ॥1॥ ਰਹਾਉ ॥’ (ਮ: 3 ਪੰਨਾ 1128)
‘ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ॥ ਨਉ ਨਿਧਿ ਤੇਰੈ ਅਖੁਟ ਭੰਡਾਰਾ ॥ ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ; ਸੋਈ ਭਗਤੁ ਤੁਮਾਰਾ ਜੀਉ ॥2॥’ (ਮ: 5, ਪੰਨਾ 97)
‘ਤੂੰ ਮੇਰਾ ਪਿਤਾ, ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ, ਤੂੰ ਮੇਰਾ ਭ੍ਰਾਤਾ ॥ ਤੂੰ ਮੇਰਾ ਰਾਖਾ ਸਭਨੀ ਥਾਈ; ਤਾ ਭਉ ਕੇਹਾ ਕਾੜਾ ਜੀਉ ॥1॥ ’ (ਮ: 5, ਪੰਨਾ 103)
ਇਹ ਰਿਸ਼ਤੇ ਵਰਨਣ ਕਰਕੇ ਸਾਨੂੰ ਸਮਝਾਇਆ ਹੈ ਕਿ ਜਿਸ ਤਰ੍ਹਾਂ ਪਤਨੀ ਆਪਣੇ ਪਤੀ ਦੇ ਮਨ ਨੂੰ ਤਾਂ ਹੀ ਭਾ ਸਕਦੀ ਹੈ ਜੇ ਉਹ ਆਪਣੇ ਪਤੀ ਦੀ ਆਗਿਆ ਵਿੱਚ ਰਹੇ, ਉਸ ਦੇ ਸੁਭਾਉ ਵਰਗਾ ਆਪਣਾ ਸੁਭਾਉ ਬਣਾ ਕੇ ਸੇਵਾ ਵਿੱਚ ਤਤਪਰ ਰਹੇ। ਲੋਟੂ ਕਿਸਮ ਦੇ ਸਾਧਾਂ ਸੰਤਾਂ ਤੋਂ ਪਤੀ ਨੂੰ ਵੱਸ ਕਰਨ ਲਈ ਤਾਗੇ ਤਵੀਤ ਕਰਵਾਉਣ ਦੀ ਥਾਂ ਗੁਰਬਾਣੀ ਵਿੱਚ ਦਰਜ ਗੁਣਾਂ ਨੂੰ ਧਾਰਨ ਕਰਨਾ ਹੀ ਤਵੀਤ ਬਣਾਏ:
‘ਹੁਕਮੁ ਪਛਾਣੈ ਨਾਨਕਾ; ਭਉ ਚੰਦਨੁ ਲਾਵੈ ॥ ਗੁਣ ਕਾਮਣ, ਕਾਮਣਿ ਕਰੈ; ਤਉ ਪਿਆਰੇ ਕਉ ਪਾਵੈ ॥6॥’ (ਮ: 4 ਪੰਨਾ 725)
‘ਗੁਣ ਕਾਮਣ ਕਰਿ, ਕੰਤੁ ਰੀਝਾਇਆ ॥ ਵਸਿ ਕਰਿ ਲੀਨਾ, ਗੁਰਿ ਭਰਮੁ ਚੁਕਾਇਆ ॥’ (ਮ: 5, ਪੰਨਾ 737)
‘ਢੂਢੇਦੀਏ ਸੁਹਾਗ ਕੂ, ਤਉ ਤਨਿ ਕਾਈ ਕੋਰ ॥ ਜਿਨ੍ਹ੍ਹਾ ਨਾਉ ਸੁਹਾਗਣੀ; ਤਿਨ੍ਹ੍ਹਾ ਝਾਕ ਨ ਹੋਰ ॥114॥ ... ਨਿਵਣੁ ਸੁ ਅਖਰੁ, ਖਵਣੁ ਗੁਣੁ, ਜਿਹਬਾ ਮਣੀਆ ਮੰਤੁ ॥ ਏ ਤ੍ਰੈ ਭੈਣੇ ਵੇਸ ਕਰਿ; ਤਾˆ ਵਸਿ ਆਵੀ ਕੰਤੁ ॥127॥’ (ਸਲੋਕ ਫਰੀਦ ਜੀ ਪੰਨਾ 1384)
ਬਿਨਾ ਸ਼ੱਕ ਇਹ ਗੁਰ ਫੁਰਮਾਨ ਸਾਡੇ ਸਭਨਾ ਦੇ ਸਾਂਝੇ ਭਰਤੇ ਅਕਾਲ ਪੁਰਖ (ਕੰਤ) ਲਈ ਹਨ ਪਰ ਗ੍ਰਿਹਸਤੀ ਜੀਵਨ ਵਿੱਚ ਦੁਨਿਆਵੀ ਰਿਸ਼ਤਿਆਂ ਵਿੱਚ ਅਪਨਾਉਣ ਨਾਲ ਆਪਸੀ ਪਿਆਰ ਸਤਿਕਾਰ ਵਿੱਚ ਵਾਧਾ ਹੁੰਦਾ ਹੈ ਅਤੇ ਇੱਕ ਦੂਜੇ ਪ੍ਰਤੀ ਜਿੰਮੇਵਾਰੀਆਂ ਤੇ ਫਰਜਾਂ ਦੀ ਪੂਰਤੀ ਕਰਕੇ ਰਿਸ਼ਤੇ ਮਿਠਾਸ ਭਰਪੂਰ ਤੇ ਅਨੰਦਮਈ ਬਣ ਜਾਂਦੇ ਹਨ। ਸੋ ਗ੍ਰਿਹਸਤੀ ਜੀਵਨ ਦੀਆਂ ਉਦਾਹਰਣਾਂ ਦੇ ਕੇ ਜੀਵ ਇਸਤਰੀਆਂ ਨੂੰ ਸਮਝਾਇਆ ਗਿਆ ਹੈ ਕਿ ਜਿਸ ਤਰ੍ਹਾਂ ਸਮਾਜ ਵਿੱਚ ਰਹਿੰਦਿਆਂ ਪਤੀ ਦੀ ਆਗਿਆ ਤੇ ਸੇਵਾ ਵਿੱਚ ਰਹਿ ਕੇ ਪਤੀ ਨੂੰ ਪ੍ਰਸੰਨ ਕਰੀਦਾ ਹੈ ਇਸੇ ਤਰ੍ਹਾਂ ਸਾਡੇ ਸਾਂਝੇ ਭਰਤਾ ਅਕਾਲ ਪੁਰਖ ਦਾ ਹੁਕਮ ਪਛਾਣ ਕੇ ਉਸ ਦੀ ਆਗਿਆ ਵਿੱਚ ਰਹਿਣ ਨਾਲ ਪ੍ਰਭੂ ਦਾ ਮਿਲਾਪ ਹਾਸਲ ਕੀਤਾ ਜਾ ਸਕਦਾ ਹੈ। ਹਿੰਦੂ ਧਰਮ ਵਿੱਚ ਪਤੀ ਦੀ ਮੌਤ ਉਪ੍ਰੰਤ ਪਤਨੀ ਵੱਲੋਂ ਜਿਉਂਦੇ ਜੀਅ ਪਤੀ ਦੀ ਚਿਤਾ ਵਿੱਚ ਸੜ ਕੇ ਸਤੀ ਹੋਣ ਦੀ ਪ੍ਰਥਾ ਦਾ ਭਰਪੂਰ ਖੰਡਨ ਕਰਦੇ ਹੋਏ ਗੁਰੂ ਸਾਹਿਬ ਜੀ ਸਤੀ ਹੋਣ ਵਾਲੀ ਇਸਤਰੀ ਨੂੰ ਉਪਦੇਸ਼ ਕਰਦੇ ਹਨ ਕਿ ਮਨ ਦੇ ਹਠ ਨਾਲ ਦੇਖਾ ਦੇਖੀ ਪਤੀ ਦੀ ਚਿਤਾ ਵਿੱਚ ਸੜਨ ਨਾਲ ਪਤੀ ਦਾ ਸੰਗ ਨਹੀਂ ਮਿਲਦਾ ਬਲਕਿ ਜੂਨਾਂ ਦੀਆਂ ਭੜਕਣਾ ਵਿੱਚ ਹੀ ਪੈ ਜਾਈਦਾ ਹੈ; ਉਹੀ ਜੀਵ ਇਸਤਰੀ ਦਰਗਾਹ ਵਿੱਚ ਪ੍ਰਵਾਨ ਚੜ੍ਹਦੀ ਹੈ ਜਿਸ ਨੇ ਪਤੀ ਨੂੰ ਪਰਮੇਸ਼ਰ ਕਰਕੇ ਮੰਨਿਆਂ ਤੇ ਉਸ ਦੀ ਆਗਿਆ ਵਿੱਚ ਰਹੀ:
‘ਕਲਿਜੁਗ ਮਹਿ ਮਿਲਿ ਆਏ ਸੰਜੋਗ ॥ ਜਿਚਰੁ ਆਗਿਆ ਤਿਚਰੁ ਭੋਗਹਿ ਭੋਗ ॥1॥ ਜਲੈ ਨ ਪਾਈਐ ਰਾਮ ਸਨੇਹੀ ॥ ਕਿਰਤਿ ਸੰਜੋਗਿ ਸਤੀ ਉਠਿ ਹੋਈ ॥1॥ ਰਹਾਉ ॥ ਦੇਖਾ ਦੇਖੀ ਮਨਹਠਿ ਜਲਿ ਜਾਈਐ ॥ ਪ੍ਰਿਅ ਸੰਗੁ ਨ ਪਾਵੈ ਬਹੁ ਜੋਨਿ ਭਵਾਈਐ ॥2॥ ਸੀਲ ਸੰਜਮਿ ਪ੍ਰਿਅ ਆਗਿਆ ਮਾਨੈ ॥ ਤਿਸੁ ਨਾਰੀ ਕਉ ਦੁਖੁ ਨ ਜਮਾਨੈ ॥3॥ ਕਹੁ ਨਾਨਕ ਜਿਨਿ ਪ੍ਰਿਉ ਪਰਮੇਸਰੁ ਕਰਿ ਜਾਨਿਆ ॥ ਧੰਨੁ ਸਤੀ ਦਰਗਹ ਪਰਵਾਨਿਆ ॥4॥30॥99॥’ ( ਮ: 5 ਪੰਨਾ 185)
ਜਿਸ ਮਨੁੱਖ ਨੂੰ ਪਤੀ ਪ੍ਰਮੇਸ਼ਰ ਦੀ ਸੰਗਿਆ ਦਿੱਤੀ ਗਈ ਹੈ ਉਸ ਦਾ ਵੀ ਫਰਜ ਬਣਦਾ ਹੈ ਕਿ ਉਹ ਪ੍ਰਮੇਸ਼ਰ ਵਾਲੇ ਗੁਣ ਧਾਰਨ ਕਰਕੇ ਆਪਣੇ ਫਰਜ਼ ਨਿਭਾਏ। ਪਤੀ ਹੋਣ ਦੇ ਹੰਕਾਰ ਵਿੱਚ ਨਾ ਰਹੇ, ਕੌੜਾ ਬੋਲ ਬੋਲਣ ਦੀ ਥਾਂ ਮਿੱਠ ਬੋਲੜਾ ਬਣੇ ਉੱਚੇ ਆਚਰਣ ਦਾ ਧਾਰਨੀ ਬਣੇ:
‘ਮਿਠ ਬੋਲੜਾ ਜੀ; ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ; ਓਹੁ ਕਦੇ ਨ ਬੋਲੈ ਕਉਰਾ ॥ ਕਉੜਾ ਬੋਲਿ ਨ ਜਾਨੈ, ਪੂਰਨ ਭਗਵਾਨੈ; ਅਉਗਣੁ ਕੋ ਨ ਚਿਤਾਰੇ ॥ ਪਤਿਤ ਪਾਵਨੁ ਹਰਿ ਬਿਰਦੁ ਸਦਾਏ; ਇਕੁ ਤਿਲੁ ਨਹੀ ਭੰਨੈ ਘਾਲੇ ॥’ (ਮ: 5, ਪੰਨਾ 784)
‘ਕਿਆ ਗਾਲਾਇਓ ਭੂਛ; ਪਰ ਵੇਲਿ ਨ ਜੋਹੇ ਕੰਤ ਤੂ ॥ ਨਾਨਕ! ਫੁਲਾ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ ॥3॥’ ( ਮ: 5, 1095)
‘ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥ ਸਾਧ ਕੀ ਟਹਲ ਸੰਤਸੰਗਿ ਹੇਤ ॥ ਕਰਨ ਨ ਸੁਨੈ ਕਾਹੂ ਕੀ ਨਿੰਦਾ ॥ ਸਭ ਤੇ ਜਾਨੈ ਆਪਸ ਕਉ ਮੰਦਾ ॥ ਗੁਰ ਪ੍ਰਸਾਦਿ ਬਿਖਿਆ ਪਰਹਰੈ ॥ ਮਨ ਕੀ ਬਾਸਨਾ ਮਨ ਤੇ ਟਰੈ ॥ ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ॥ ਨਾਨਕ ਕੋਟਿ ਮਧੇ ਕੋ ਐਸਾ ਅਪਰਸ ॥1॥’ (ਮ: 5, ਪੰਨਾ 274)
ਜਿਸ ਤਰ੍ਹਾਂ ਅਕਾਲਪੁਰਖ ਮਾਤਾ ਪਿਤਾ ਵਾਂਗ ਅਪਣੇ ਸੇਵਕਾਂ ਤੇ ਸ੍ਰਿਸ਼ਟੀ ਦੇ ਸਾਰੇ ਜੀਵਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੋਇਆ ਉਨ੍ਹਾਂ ਦੀ ਸੰਭਾਲ ਕਰਦਾ ਹੈ ਉਸੇ ਤਰ੍ਹਾਂ ਪ੍ਰਵਾਰ ਦਾ ਮੁਖੀ ਹੋਣ ਦੇ ਨਾਤੇ, ਪਤਨੀ ਦਾ ਪਤੀ ਅਤੇ ਬੱਚਿਆਂ ਦਾ ਪਿਤਾ ਹੋਣ ਦੇ ਨਾਤੇ ਪ੍ਰਵਾਰਕ ਜੀਵਨ ਨਿਰਵਾਹ ਕਰਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਮਿਹਨਤ ਤੇ ਉੱਦਮ ਕਰਨਾ ਚਾਹੀਦਾ ਹੈ। ਜਦ ਪਤੀ ਪਤਨੀ ਇਸ ਤਰ੍ਹਾਂ ਆਪਣੇ ਫਰਜਾਂ ਦੀ ਪੂਰਤੀ ਕਰਦੇ ਹੋਏ ਇੱਕ ਦੂਜੇ ਨੂੰ ਸਮ੍ਰਪਤ ਹੋਣਗੇ ਤਾਂ ਸਰੀਰ ਭਾਵੇਂ ਦੋ ਹੋਣਗੇ ਉਨ੍ਹਾਂ ਦੀ ਜੋਤ ਇੱਕ ਹੀ ਹੋਵੇਗੀ; ਇਸ ਤਰ੍ਹਾਂ ਦੇ ਜੀਵਨ ਵਾਲੇ ਸੰਪਤੀ ਜੋੜੇ ਨੂੰ ਹੀ ਗੁਰਮਤਿ ਵਿੱਚ ਪਤੀ ਪਤਨੀ ਪ੍ਰਵਾਨ ਕੀਤਾ ਗਿਆ ਹੈ: ‘ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥3॥’ (ਮ: 3, ਪੰਨਾ 788)। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪਤੀ ਪਤਨੀ ਦੇ ਅਤੁੱਟ ਰਿਸ਼ਤੇ ਸਦਾ ਲਈ ਕਾਇਮ ਰੱਖਣ ਲਈ ਆਪੋ ਆਪਣੇ ਫਰਜਾਂ ਦੀ ਪੂਰਤੀ ਲਈ ਗੁਰਬਾਣੀ ਵਿੱਚ ਦਿੱਤੇ ਇਨ੍ਹਾਂ ਸੁਨਹਿਰੀ ਉਪਦੇਸ਼ਾਂ ਦੇ ਬਾਵਯੂਦ; ਹੋਰਨਾਂ ਧਰਮਾਂ ਵਾਂਗ ਸਿੱਖ ਘਰਾਂ ਵਿੱਚ ਵੀ ਗ੍ਰਿਹਸਤੀ ਧਰਮ ਦੇ ਰਿਸ਼ਤੇ ਤਿੜਕਣ ਅਤੇ ਨੌਬਤ ਤਲਾਕ ਤੱਕ ਪਹੁੰਚਣ ਦੀਆਂ ਚਿੰਤਾਜਨਕ ਘਟਨਾਵਾਂ ਦਿਨੋ ਦਿਨ ਕਿਉਂ ਵਧ ਰਹੀਆਂ ਹਨ? ਉਸ ਦਾ ਕਾਰਣ ਇਹ ਹੈ ਕਿ ਸਿੱਖ ਬੱਚੇ ਬੱਚੀਆਂ ਨੂੰ ਗੁਰਮਤਿ ਦੀ ਇਹ ਸਿੱਖਿਆ ਹੀ ਨਹੀਂ ਦਿੱਤੀ ਜਾਂਦੀ। ਅਨੰਦ ਕਾਰਜ ਦੀ ਮਰਿਆਦਾ ਹੀ ਜੇ ਠੀਕ ਢੰਗ ਨਾਲ ਨਿਭਾਈ ਜਾਵੇ ਤਾਂ ਵੀ ਉਥੋਂ ਕਾਫੀ ਕੁਝ ਸਿੱਖਣ ਨੂੰ ਮਿਲ ਸਕਦਾ ਪਰ ਅਫਸੋਸ ਹੈ ਕਿ ਇਹ ਮਰਿਆਦਾ ਵੀ ਮਹਿਜ ਇੱਕ ਰਸਮ ਦੇ ਤੌਰ ’ਤੇ ਹੀ ਨਿਭਾਈ ਜਾਂਦੀ ਹੈ ਬਾਕੀ ਸਾਰੇ ਦਾ ਸਾਰਾ ਸਮਾਂ ਫਜੂਲ ਦੀਆਂ ਰਸਮਾਂ; ਜਿਹੜੀਆਂ ਕੇਵਲ ਹਊਮੈ ਦਾ ਵਿਖਾਵਾ ਅਤੇ ਵੇਕਾਰਾਂ ਦਾ ਪਾਸਾਰਾ ਹੋਣ ਕਰਕੇ ਗੁਰਮਤਿ ਵਿਰੋਧੀ ਹੀ ਹੁੰਦਾ ਹੈ; ਵਿੱਚ ਗਵਾਇਆ ਜਾ ਰਿਹਾ ਹੈ। ਰਿਸ਼ਤੇ ਤਹਿ ਕਰਨ ਸਮੇਂ ਬੱਚੇ ਬੱਚੀ ਦਾ ਮਾਨਸਿਕ ਪੱਧਰ, ਵਿਦਿਅਕ ਯੋਗਤਾ, ਗੁਰਮਤਿ ਵੀਚਾਰਧਾਰਾ ਤੇ ਉਨ੍ਹਾਂ ਦੇ ਨਿੱਜੀ ਸੁਭਾਉ ਨੂੰ ਪਹਿਲ ਦੇਣ ਦੀ ਥਾਂ, ਚਮਕ ਦਮਕ, ਜਾਇਦਾਦ, ਸਮਾਜਕ ਰੁਤਬਾ ਅਤੇ ਦਾਜ ਦੇਣ ਦੀ ਸਮਰਥਾ ਨੂੰ ਪਹਿਲ ਦਿੱਤੀ ਜਾਂਦੀ ਹੈ। ਦਾਜ ਪ੍ਰਥਾ ਪਤੀ ਪਤਨੀ ਦੇ ਰਿਸ਼ਤਿਆਂ ਵਿੱਚ ਬਹੁਤ ਵੱਡੀ ਤ੍ਰੇੜ ਪੈਦਾ ਕਰਦੀ ਹੈ ਕਿਉਂਕਿ ਜੇ ਕਰ ਲੜਕੀ; ਲੜਕੇ ਵਾਲੇ ਪ੍ਰਵਾਰ ਦੀ ਮਿਥੀ ਹੋਈ ਹੈਸੀਅਤ ਨਾਲੋਂ ਕੁਝ ਘੱਟ ਦਾਜ ਲੈ ਕੇ ਆਉਂਦੀ ਹੈ ਤਾਂ ਉਸ ਨੂੰ ਸਹੁਰਾ ਪ੍ਰਵਾਰ ਵੱਲੋਂ ਤਾਹਨੇ ਮਿਹਣੇ ਸੁਣ ਕੇ ਮਾਨਸਿਕ ਅਤੇ ਕਈ ਵਾਰ ਸਰੀਰਕ ਤਸੀਹੇ ਵੀ ਸਹਿਣੇ ਪੈਂਦੇ ਹਨ। ਜੇ ਕਰ ਲੜਕੇ ਦੇ ਪ੍ਰਵਾਰ ਦੀ ਹੈਸੀਅਤ ਨਾਲੋਂ ਲੜਕੀ ਵੱਧ ਦਾਜ਼ ਲੈ ਕੇ ਆਉਂਦੀ ਹੈ ਤਾਂ ਉਹ ਲੜਕੀ ਵੱਧ ਦਾਜ ਲਿਆਉਣ ਦੀ ਹਊਮੈ ਤੋਂ ਪੀੜਤ ਹੋਣ ਕਰਕੇ ਸਹੁਰਾ ਪ੍ਰਵਾਰ ਨਾਲ ਵਰਤੋਂ ਵਿਹਾਰ ਵਿੱਚ ਲੜਕੀ ਦਾ ਹੰਕਾਰ ਝਲਕਦਾ ਰਹਿੰਦਾ ਹੈ ਜਿਸ ਨਾਲ ਹਮੇਸ਼ਾਂ ਤਨਾਅ ਵਾਲੀ ਸਥਿਤੀ ਬਣੀ ਰਹਿੰਦੀ ਹੈ। ਇਸੇ ਕਾਰਣ ਇਸ ਹਊਮੈ ਦੇ ਵਿਖਾਵੇ ਵਾਲੇ ਦਾਜ ਨਾਲੋਂ ਆਤਮਿਕ ਗੁਣਾਂ ਦੇ ਦਾਜ ਦੇਣ ਦਾ ਉਪਦੇਸ਼ ਗੁਰੂ ਸਾਹਿਬ ਜੀ ਨੇ ਕੀਤਾ ਹੈ: ‘ਹਰਿ ਪ੍ਰਭੁ ਮੇਰੇ ਬਾਬੁਲਾ; ਹਰਿ ਦੇਵਹੁ ਦਾਨੁ, ਮੈ ਦਾਜੋ ॥ ਹਰਿ ਕਪੜੋ, ਹਰਿ ਸੋਭਾ ਦੇਵਹੁ; ਜਿਤੁ ਸਵਰੈ ਮੇਰਾ ਕਾਜੋ ॥ ਹਰਿ ਹਰਿ ਭਗਤੀ ਕਾਜੁ ਸੁਹੇਲਾ; ਗੁਰਿ ਸਤਿਗੁਰਿ ਦਾਨੁ ਦਿਵਾਇਆ ॥ ਖੰਡਿ ਵਰਭੰਡਿ ਹਰਿ ਸੋਭਾ ਹੋਈ; ਇਹੁ ਦਾਨੁ ਨ ਰਲੈ ਰਲਾਇਆ ॥ ਹੋਰਿ; ਮਨਮੁਖ ਦਾਜੁ ਜਿ ਰਖਿ ਦਿਖਾਲਹਿ; ਸੁ ਕੂੜੁ ਅਹੰਕਾਰੁ ਕਚੁ ਪਾਜੋ ॥ ਹਰਿ ਪ੍ਰਭ ਮੇਰੇ ਬਾਬੁਲਾ; ਹਰਿ ਦੇਵਹੁ ਦਾਨੁ, ਮੈ ਦਾਜੋ ॥4॥ 78-79’ (ਮ: 4 ਪੰਨਾ 78-79) ਪਰ ਅਸੀਂ ਹਰੀ ਦੇ ਨਾਮ ਅਤੇ ਗੁਰੂ ਦੀ ਸਿੱਖਿਆ ਦਾ ਦਾਜ਼ ਮੰਗਣ ਦੀ ਥਾਂ ਮਨਮੁਖਾਂ ਵਾਂਗ ਕੂੜੇ ਦਾਜ਼ ਦਾ ਵਿਖਾਵਾ ਕਰਕੇ ਹੰਕਾਰ ਵਿੱਚ ਵਾਧਾ ਹੀ ਕਰਦੇ ਹਾਂ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੀ ਸਪੁੱਤਰੀ ਬੀਬੀ ਵੀਰੋ ਦੇ ਵਿਆਹ ਮੌਕੇ ਜੋ ਸਿਖਿਆ ਉਸ ਨੂੰ ਦਿੱਤੀ; ਉਹ ਇਸ ਪ੍ਰਕਾਰ ਹੈ:
‘ਸੁਨ ਬੀਬੀ ਮੈਂ ਤੁਝੇ ਸੁਨਾਊਂ, ਪਤਿ ਕੀ ਮਹਿਮਾ ਕਹਿ ਤੱਕ ਗਾਊਂ।
ਪਤਿ ਸੇਵਕ ਕੀ ਸੇਵਾ ਸਫਲੀ, ਪਤਿ ਬਿਨ ਔਰ ਕਰੈ ਸਭ ਨਿਫਲੀ।
ਗੁਰ ਜਨ ਕੀ ਇੱਜਤ ਬਹੁ ਕਰਨੀ, ਸਾਸ ਸੇਵ ਰਿਦ ਮਹਿ ਸੁ ਧਰਨੀ।
ਸੁਨ ਪੁਤਰੀ ਪ੍ਰਾਨਨ ਤੇ ਪਿਆਰੀ, ਜਿਸ ਤੇ ਬੇਸ ਬਿਤੇ ਸੁੱਖ ਕਾਰੀ।
ਕੁਲ ਕੀ ਬਾਤ ਚਿੱਤ ਮੇਂ ਧਰਨੀ, ਖੋਟੀ ਸੰਗਤ ਨਹੀਂ ਸੁ ਕਰਨੀ।
ਪ੍ਰਾਤਹ ਉਠ ਕਰ ਮਜਨ ਕਰੀਯੋ, ਗੁਰਬਾਨੀ ਕੋ ਮੁੱਖ ਤੇ ਰਰੀਯੋ।
ਫੁਨਹ ਔਰ ਵਿਵਹਾਰ ਜੋ ਹੋਈ, ਭਲੇ ਸੰਭਾਲੋ ਨੀਕੇ ਸੋਈ।’
ਅੱਜ ਅਸੀਂ ਵੇਖਦੇ ਹਾਂ ਕਿ ਅਨੰਦ ਕਾਰਜ ਮੌਕੇ ਇਸ ਤਰ੍ਹਾਂ ਦੀ ਸਿੱਖਿਆ ਦੇਣ ਦੀ ਥਾਂ ਉਥੇ ਲੱਚਰ ਗਾਇਕ ਇਸ ਤਰ੍ਹਾਂ ਦਾ ਗਾਉਂਦੇ ਹਨ ਕਿ ਉਸ ਨੂੰ ਬਾਪ-ਧੀ ਅਤੇ ਭੈਣ-ਭਰਾ ਇਕੱਠੇ ਬੈਠ ਕੇ ਸੁਣ ਵੀ ਨਹੀਂ ਸਕਦੇ ਪਰ ਉਥੇ ਸਭ ਖੁਸ਼ੀ ਮਨਾਉਣ ਦੇ ਨਾਮ ਹੇਠ ਸੁਣਿਆ ਜਾ ਰਿਹਾ ਹੈ ਜਾਂ ਮਜਬੂਰੀ ਵੱਸ ਕਿਸੇ ਨੂੰ ਸੁਣਨਾ ਪੈ ਰਿਹਾ ਹੈ। ਬਹੁਤੇ ਗੀਤ ਰਿਸ਼ਤਿਆਂ ਵਿੱਚ ਮਿਠਾਸ ਅਤੇ ਸਤਿਕਾਰ ਪੈਦਾ ਕਰਨ ਦੀ ਥਾਂ ਕੁੜੱਤਣ ਅਤੇ ਨਫਰਤ ਪੈਦਾ ਕਰਨ ਵਾਲੇ ਹੁੰਦੇ ਹਨ ਜਿਵੇਂ ਕਿ: ‘ਜਰਾ ਹੋਸ਼ ਨਾਲ ਬੋਲੀਂ ਦੁਬਾਰਾ, ਅਸਾਂ ਨਹੀਂ ਕਿਸੇ ਦੀ ਤਨੌੜ ਝੱਲਣੀ’ ; ‘ਅੱਜ ਮੈਂ ਸੱਸ ਕੁੱਟਣੀ, ਕੁੱਟਣੀ ਸਦੂੰਕਾਂ ਉਹਲੇ’ ; ‘ਛੜੇ ਜੇਠ ਨੂੰ ਲੱਸੀ ਨਹੀਂ ਦੇਣੀ, ਦਿਉਰ ਭਾਵੇਂ ਮੱਝ ਚੁੰਘ ਜਾਏ’।
ਇਸੇ ਤਰ੍ਹਾਂ ਗੁਰੂ ਨੇ ਸ਼ਰਾਬ ਪੀਣ ਤੋਂ ਸਿੱਖਾਂ ਨੂੰ ਵਰਜਿਆ ਹੈ: ‘ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥ ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥ ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥1॥’ (ਮ: 3, ਪੰਨਾ 554) ਪਰ ਵਿਆਹਾਂ ਵਿੱਚ ਜਿਸ ਤਰ੍ਹਾਂ ਸ਼ਰਾਬ ਦੀ ਖੁਲ੍ਹੀ ਵਰਤੋਂ ਹੋ ਰਹੀ ਹੁੰਦੀ ਹੈ ਇਹ ਸਿੱਖ ਸੱਭਿਆਚਾਰ ਦੇ ਬਿਲਕੁਲ ਹੀ ਉਲਟ ਹੁੰਦੀ ਹੈ। ਸੋ ਜੇ ਸਾਡੇ ਬੱਚਿਆਂ ਨੂੰ ਸਿੱਖਿਆ ਅਤੇ ਵਿਅਹ ਸਮੇਂ ਦਾ ਸਾਰਾ ਹੀ ਮਹੌਲ ਗੁਰੂ ਦੀ ਸਿੱਖਿਆ ਦੇ ਉਲਟ ਹੋਵੇਗਾ ਤਾਂ ਇਸ ਦਾ ਅਸਰ ਸਾਡੇ ਬੱਚਿਆਂ ਅਤੇ ਉਨ੍ਹਾਂ ਦੇ ਗ੍ਰਿਹਸਤੀ ਜੀਵਨ ’ਤੇ ਪੈਣਾ ਲਾਜਮੀ ਹੋਵੇਗਾ ਜਿਸ ਨਾਲ ਉਨ੍ਹਾਂ ਲਈ ਵਿਆਹ ਵਾਕਿਆ ਹੀ ਬੂਰ ਦੇ ਲੱਡੂ ਹੀ ਸਿੱਧ ਹੋਣਗੇ ਜਿਹੜੇ ਖਾ ਵੀ ਉਨ੍ਹਾਂ ਨੂੰ ਪਛੁਤਾਉਣਾ ਪਵੇਗਾ ਤੇ ਜਿਨ੍ਹਾਂ ਦੇ ਨਸੀਬਾਂ ਵਿੱਚ ਖਾਣ ਦਾ ਮੌਕਾ ਨਾ ਮਿਲਿਆ ਉਨ੍ਹਾਂ ਦੇ ਮਨ ਵਿੱਚ ਵੀ ਪਛੁਤਾਵਾ ਹੀ ਰਹੇਗਾ। ਪਰ ਜੇ ਕਰ ਬੱਚੇ ਸ਼ੁਰੂ ਤੋਂ ਹੀ ਗੁਰਬਾਣੀ ਨਾਲ ਜੁੜ ਕੇ ਗੁਰਮਤਿ ਦੇ ਧਾਰਨੀ ਬਣਨਗੇ; ਵਿਆਹ ਸਮੇਂ ਵਿਸ਼ੇ ਵਿਕਾਰ ਤੇ ਹਊਮੈ ਪੈਦਾ ਕਰਨ ਵਾਲੀਆਂ ਫੋਕਟ ਰਸਮਾਂ ਤੋਂ ਬਿਲਕੁਲ ਰਹਿਤ ਹੋ ਕੇ ਉਹ ਸਮਾਂ ਗੁਰਮਤਿ ਦੇ ਉਕਤ ਉਪਦੇਸ਼ ਦ੍ਰਿੜ ਕਰਨ ਅਤੇ ਅਨੰਦਕਾਰਜ ਸਮੇਂ ਪੜ੍ਹੀਆਂ ਜਾਂਦੀਆਂ ਸੂਹੀ ਰਾਗੁ ਵਿੱਚ ਦਰਜ 4 ਲਾਵਾਂ ਦੇ ਅਰਥ ਸਮਝਾਏ ਜਾਣਗੇ ਤੇ ਬੱਚੇ ਉਸ ਸਿੱਖਿਆ ਨੂੰ ਆਪਣੀ ਵਿਵਹਾਰਿਕ ਜੀਵਨ ਵਿੱਚ ਅਪਨਾਉਣਗੇ ਤਾਂ ਉਨ੍ਹਾਂ ਲਈ ਵਿਆਹ ਬੂਰ ਦੇ ਨਹੀਂ ਬਲਕਿ ਮੋਤੀਚੂਰ ਦੇ ਲੱਡੂ ਸਿੱਧ ਹੋਣਗੇ ਜਿਸ ਨਾਲ ਜਿੰਦਗੀ ਵਿੱਚ ਹਮੇਸ਼ਾਂ ਅਨੰਦ ਹੀ ਬਣਿਆ ਰਹੇਗਾ। ਇਹ ਠੀਕ ਹੈ ਕਿ ਲਾਵਾਂ ਜੀਵ ਆਤਮਾ ਦਾ ਪ੍ਰਮਾਤਮਤ ਨਾਲ ਸੁਮੇਲ (ਵਿਆਹ) ਕਰਨ ਲਈ ਸੱਚਾ ਉਪਦੇਸ਼ ਹੈ ਪਰ ਗੁਰਬਾਣੀ ਸਾਡੇ ਪ੍ਰਮਾਰਥ ਲਈ ਸਹਾਈ ਤਾਂ ਹੈ ਹੀ ਇਸ ਮਨੁੱਖਾ ਜੀਵਨ ਜੀਵਨ ਵਿੱਚ ਵੀ ਉਤਨੀ ਹੀ ਲਾਹੇਵੰਦ ਹੈ ਇਸੇ ਲਈ ਤਾਂ ਗੁਰਬਾਣੀ ਵਿੱਚ ਦਰਜ ਹੈ: ‘ਗੁਰੁ ਸੁਖਦਾਤਾ ਅਵਰੁ ਨ ਭਾਲਿ ॥ ਹਲਤਿ ਪਲਤਿ ਨਿਬਹੀ ਤੁਧੁ ਨਾਲਿ ॥2॥’ (ਮ:1, ਪੰਨਾ 412) ‘ਦੋਵੈ ਥਾਵ ਰਖੇ ਗੁਰ ਸੂਰੇ ॥ ਹਲਤ ਪਲਤ ਪਾਰਬ੍ਰਹਮਿ ਸਵਾਰੇ ਕਾਰਜ ਹੋਏ ਸਗਲੇ ਪੂਰੇ ॥1॥ ਰਹਾਉ ॥’ (ਮ: 5, ਪੰਨਾ 825) ਸੋ ਹੁਣ ਸਾਡੀ ਤੇ ਸਾਡੇ ਬੱਚਿਆਂ ਦੀ ਮਰਜੀ ਹੈ ਕਿ ਉਨ੍ਹਾਂ ਆਪਣੇ ਗ੍ਰਿਹਸਤੀ ਜੀਵਨ ਨੂੰ ਮਨਮੁਖਾਂ ਦੀ ਵੇਖਾ ਵੇਖੀ ਹਊਮੈ ਹੰਕਾਰ ਅਤੇ ਵਿਕਾਰ ਪੈਦਾ ਕਰਨ ਵਾਲੀਆਂ ਰਸਮਾਂ ਨਿਭਾ ਕੇ ਉਸ ਤਰ੍ਹਾਂ ਦੀ ਸਿੱਖਿਆ ਧਾਰਨ ਕਰਕੇ ਆਪਣੇ ਵਿਆਹ ਨੂੰ ਬੂਰ ਦੇ ਲੱਡੂ ਬਣਾਉਣਾ ਹੈ ਜਾਂ ਗੁਰਮਤਿ ਦੀ ਸਿੱਖਿਆ ਧਾਰਨ ਕਰਕੇ, ਅਨੰਦ ਕਾਰਜ ਦੀ ਮਰਯਾਦਾ ਗੁਰਮਤਿ ਅਨੁਸਾਰ ਨਿਭਾ ਕੇ ਅਤੇ ਉਸ ਸਮੇ ਦ੍ਰਿੜ ਕਰਵਾਈ ਸਿੱਖਿਆ ਧਾਰਨ ਕਰਕੇ ਵਿਆਹ ਨੂੰ ਮੋਤੀਚੂਰ ਦੇ ਲੱਡੂ ਭਾਵ ‘ਸਗਲ ਧਰਮ ਮੇਂ ਗ੍ਰਿਹਸਤ ਪਰਧਾਨ’ ਬਣਾਉਣਾ ਹੈ।
ਕਿਰਪਾਲ ਸਿੰਘ ਬਠਿੰਡਾ
ਮੋਬ: 9855480797