SIKHI AWARENESS & WELFARE SOCIETY SIKHI AWARENESS & WELFARE SOCIETY Author
Title: ਸੱਚ ਬੋਲਣ ਵਾਲੇ ਨੂੰ ਸਜਾ ਦੇਣ ’ਤੇ ਤੁਲੇ ਹੋਣ ਵਾਲੇ ਕੀ ਆਪਣੇ ਆਪ ਨੂੰ ਧਰਮੀ ਅਖਵਾਉਣ ਦੇ ਹੱਕਦਾਰ ਹਨ? -: ਕਿਰਪਾਲ ਸਿੰਘ ਬਠਿੰਡਾ
Author: SIKHI AWARENESS & WELFARE SOCIETY
Rating 5 of 5 Des:
ਸੱਚ ’ਤੇ ਪਹਿਰਾ ਦੇਣ ਵਾਲੇ ਭਾਈ ਰਣਜੀਤ ਸਿੰਘ ਅਤੇ ਭਾਈ ਸ਼ਿਵਤੇਗ ਸਿੰਘ ਦਾ ਡਟ ਕੇ ਸਾਥ ਦਿੱਤਾ ਜਾਵੇ ਤਾਂ ਕਿ ਉਨ੍ਹਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਸੱਚ ਬੋਲਣ ਕਰਕੇ ਉਨ...
ਸੱਚ ’ਤੇ ਪਹਿਰਾ ਦੇਣ ਵਾਲੇ ਭਾਈ ਰਣਜੀਤ ਸਿੰਘ ਅਤੇ ਭਾਈ ਸ਼ਿਵਤੇਗ ਸਿੰਘ ਦਾ ਡਟ ਕੇ ਸਾਥ ਦਿੱਤਾ ਜਾਵੇ ਤਾਂ ਕਿ ਉਨ੍ਹਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਸੱਚ ਬੋਲਣ ਕਰਕੇ ਉਨ੍ਹਾਂ ਨੂੰ ਬੁਰਛਾ ਗਰਦਾਂ ਹੱਥਾਂ ਜ਼ਲਾਲਤ ਸਹਿਣੀ ਪੈ ਰਹੀ ਹੈ। 


ਸਿੱਖੀ ਨੂੰ ਬਦਨਾਮ ਕਰਨ ਵਾਲੇ; ਧਰਮ ਦੇ ਕੁਝ ਐਸੇ ਆਪੂੰ ਬਣੇ ਠੇਕੇਦਾਰ ਸਿੱਖ ਧਰਮ ਵਿੱਚ ਘੁਸਪੈਠ ਕਰ ਗਏ ਹਨ ਜਿਹੜੇ ਹਮੇਸ਼ਾਂ ਕੂੜ ਦੇ ਪਸਾਰੇ ਨਾਲ ਜੁੜੇ ਰਹਿਣ ਕਾਰਣ ਉਨ੍ਹਾਂ ਨੂੰ ਗੁਰਬਾਣੀ ਦਾ ਸੱਚ ਕਦੇ ਵੀ ਰਾਸ ਨਹੀਂ ਆਉਂਦਾ। ਕਿਉਂਕਿ: ‘ਜਿਨਾ ਅੰਦਰਿ ਕੂੜੁ ਵਰਤੈ; ਸਚੁ ਨ ਭਾਵਈ ॥ ਜੇ ਕੋ ਬੋਲੈ ਸਚੁ; ਕੂੜਾ ਜਲਿ ਜਾਵਈ ॥ ਕੂੜਿਆਰੀ ਰਜੈ ਕੂੜਿ; ਜਿਉ ਵਿਸਟਾ ਕਾਗੁ ਖਾਵਈ ॥’ (ਪੰਨਾ 646)। ਇਹੋ ਕਾਰਣ ਹੈ ਕਿ ਜਦੋਂ ਵੀ ਗੁਰਬਾਣੀ ਦੇ ਸੱਚ ਦਾ ਪ੍ਰਚਾਰ ਕਰਨ ਵਾਲਾ ਕੋਈ ਪ੍ਰਚਾਰਕ ਜਾਂ ਸੱਚ ਲਿਖਣ ਵਾਲਾ ਕੋਈ ਲੇਖਕ ਇਨ੍ਹਾਂ ਭੱਦਰ ਪੁਰਸ਼ਾਂ ਦੀ ਨਜ਼ਰੀਂ ਪੈ ਜਾਂਦਾ ਹੈ ਤਾਂ ਇਹ ਅਜਿਹੇ ਪ੍ਰਚਾਰਕਾਂ ਜਾਂ ਲੇਖਕਾਂ ਨੂੰ ਮਿਸ਼ਨਰੀ, ਕਾਮਰੇਡ ਅਤੇ ਨਾਸਤਕ ਕਹਿ ਕੇ ਭੰਡਦੇ ਹਨ। ਇੱਥੋਂ ਤੱਕ ਕਿ ਸੱਚ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕ/ ਲੇਖਕ ਨੂੰ ਬਦਨਾਮ ਕਰਨ ਲਈ ਅਤਿ ਘਟੀਆ ਦਰਜੇ ਦੀਆਂ ਸਾਜਿਸ਼ਾਂ ਰਚਣ ਤੋਂ ਵੀ ਬਾਜ਼ ਨਹੀਂ ਆਉਂਦੇ। ਇਸ ਦੀ ਤਾਜ਼ਾ ਘਟਨਾ ਭਾਈ ਸ਼ਿਵਤੇਗ ਸਿੰਘ ਦੀ ਹੈ ਜਿਸ ਨੂੰ ਬਦਨਾਮ ਕਰਨ ਲਈ ਬਿਲਕੁਲ ਅਪਰਾਧਕ ਜਗਤ ਨਾਲ ਜੁੜੇ ਲੋਕਾਂ ਵਾਂਗ ਧਰਮ ਦੇ ਆਪੂੰ ਬਣੇ ਠੇਕੇਦਾਰਾਂ ਨੇ ਤਬਲਾ ਵਾਦਕ ਭਾਈ ਰਣਜੀਤ ਸਿੰਘ ਨੂੰ ਭੈਭੀਤ ਅਤੇ ਮਜ਼ਬੂਰ ਕਰਕੇ ਉਸ ਰਾਹੀਂ ਭਾਈ ਸ਼ਿਵਤੇਗ ਸਿੰਘ ’ਤੇ ਝੂਠਾ ਇਲਜ਼ਾਮ ਲਵਾਉਣ ਵਿੱਚ ਸਫਲ ਹੋ ਗਏ। ਭਾਈ ਰਣਜੀਤ ਸਿੰਘ ਨੇ ਭਾਵੇਂ ਡਰ ਅਧੀਨ ਹੀ ਝੂਠ ਬੋਲਿਆ ਪਰ ਉਸ ਵਿੱਚ ਧਰਮ ਦੀ ਚਿਣਗ ਹੋਣ ਕਾਰਣ ਉਸ ਦੀ ਅੰਤਰ ਆਤਮਾ ਨੇ ਉਸ ਦੇ ਮਨ ਨੂੰ ਐਸਾ ਝੰਝੋੜਿਆ ਕਿ ਉਸ ਨੇ ਆਖਰ ਸਿੱਖ ਜਗਤ ਦੇ ਸਾਹਮਣੇ ਕਥਿਤ ਦੋਸ਼ਾਂ ਦਾ ਅਸਲੀ ਸੱਚ ਨਸ਼ਰ ਕਰਕੇ ਭਾਈ ਸ਼ਿਵਤੇਗ ਸਿੰਘ ਤੋਂ; ਓਨਟੋਰੀਓ ਖ਼ਾਲਸਾ ਦਰਬਾਰ ਗੁਰਦੁਆਰਾ ਡਿਕਸੀ ਰੋਡ ਮਿਸੀਗਾਸਾ ਦੀ ਪ੍ਰਬੰਧਕ ਕਮੇਟੀ (ਜਿਸ ਪਾਸ ਉਸ ਨੂੰ ਭਾਈ ਸ਼ਿਵਤੇਗ ਸਿੰਘ ’ਤੇ ਝੂਠੇ ਦੋਸ਼ ਲਾਉਣ ਲਈ ਮਜ਼ਬੂਰ ਹੋਣਾ ਪਿਆ ਸੀ ਅਤੇ ਸਮੁੱਚੇ ਸਿੱਖ ਜਗਤ ਤੋਂ ਮੁਆਫੀ ਮੰਗ ਕੇ) ਆਪਣੀ ਆਤਮਾ ਤੋਂ ਭਾਰ ਉਤਾਰਿਆ। ਭਾਈ ਰਣਜੀਤ ਸਿੰਘ ਨੇ ਲਿਖਤੀ ਰੂਪ ਵਿੱਚ ਜੋ ਸੱਚ ਬਿਆਨ ਕੀਤਾ ਉਹ ਖ਼ਾਲਸਾ ਨਿਊਜ਼.ਓਰਗ, ਸਿੰਘ ਸਭਾ ਯੂਐੱਸਏ.ਕਾਮ, ਯੂ ਨਿਊਜ਼ ਟੂਡੇ.ਕਾਮ ਆਦਿਕ ਵੈੱਬਸਾਈਟਾਂ’ਤੇ ਪੜ੍ਹਿਆ ਜਾ ਕਸਦਾ ਹੈ। ਧਰਮ ਦੇ ਸੱਚ ਨਾਲ ਜੁੜੇ ਗੁਰਸਿੱਖਾਂ ਨੇ ਤਾਂ ਭਾਈ ਰਣਜੀਤ ਸਿੰਘ ਦੇ ਇਸ ਦਲੇਰੀ ਭਰੇ ਕਦਮ ਦੀ ਬਹੁਤ ਸ਼ਾਲਾਘਾ ਕੀਤੀ ਪਰ ਕੂੜ ਨਾਲ ਜੁੜੇ ਲੋਕਾਂ: ‘ਜਿਨਾ ਅੰਦਰਿ ਕੂੜੁ ਵਰਤੈ; ਸਚੁ ਨ ਭਾਵਈ ॥ ਜੇ ਕੋ ਬੋਲੈ ਸਚੁ; ਕੂੜਾ ਜਲਿ ਜਾਵਈ ॥’ ਦਾ ਸ਼ਰਮਨਾਕ ਚਿਹਰਾ ਜੱਗ ਜ਼ਾਹਰ ਕਰ ਦਿੱਤਾ ਸੀ ਉਹ ਆਪਣੀ ਕੀਤੀ ਦਾ ਪਛੁਤਾਵਾ ਕਰਕੇ ਅੱਗੇ ਤੋਂ ਸੁਧਰਨ ਦੀ ਥਾਂ ਸੱਪ ਵਾਂਗ ਜ਼ਹਿਰ ਘੋਲਣ ਲੱਗ ਪਏ ਹਨ। ਇਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਜਿਸ ਦਿਨ ਭਾਈ ਰਣਜੀਤ ਸਿੰਘ ਵੱਲੋਂ ਸੱਚ ਬਿਆਨ ਕਰਦੀ ਲਿਖਤ ਉਨ੍ਹਾਂ ਦੇ ਸਾਹਮਣੇ ਆਈ ਤਾਂ ਉਸੇ ਦਿਨ ਭਾਈ ਰਣਜੀਤ ਸਿੰਘ ਨੂੰ ਸੱਚ ਬੋਲਣ ਦੀ ਸਜਾ ਦੇਣ ਲਈ ਉਸ ਨੂੰ ਗੁਰਦੁਆਰਾ ਡਿਕਸੀ ਰੋਡ ਵਿਖੇ ਕੀਰਤਨੀ ਜਥੇ ਨਾਲ ਤਬਲਾ ਬਜਾਉਣ ਦੀ ਸੇਵਾ ਤੋਂ ਜਵਾਬ ਮਿਲ ਗਿਆ। ਕੁਝ ਦਿਨ ਬਾਅਦ ਉਸ ਨੂੰ ਮਾਲਟਨ ਗੁਰਦੁਆਰੇ ਵਿੱਖੇ ਇੱਕ ਕੀਰਤਨੀ ਜਥੇ ਨਾਲ ਤਬਲਾ ਵਜਾਉਣ ਦੀ ਸੇਵਾ ਮਿਲ ਗਈ। ਝੂਠ ਦੇ ਪਸਾਰੇ ਵਾਲੇ ਅਖੌਤੀ ਧਰਮੀਆਂ ਜਿਨ੍ਹਾਂ ਨੇ ਇੱਕ ਡਰਾਉਣੀ ਡੂੰਘੀ ਸਾਜਿਸ਼ ਰਾਹੀਂ ਭਾਈ ਰਣਜੀਤ ਸਿੰਘ ਨੂੰ ਭਾਈ ਸ਼ਿਵਤੇਗ ਸਿੰਘ ’ਤੇ ਝੂਠਾ ਇਲਜ਼ਾਮ ਲਵਾਉਣ ਵਿੱਚ ਸਫਲਤਾ ਹਾਸਲ ਕਰ ਲਈ ਸੀ; ਉਹ ਦੂਸਰਿਆਂ ਨੂੰ ਵੀ ਆਪਣੇ ਵਰਗਾ ਹੀ ਸਮਝਦੇ ਹੋਣ ਕਰਕੇ ਉਨ੍ਹਾਂ ਪ੍ਰਚਾਰ ਕਰਨਾ ਅਰੰਭ ਕਰ ਦਿੱਤਾ ਕਿ ਰਣਜੀਤ ਸਿੰਘ ਨੇ ਕਿਸੇ ਦਬਾਅ ਅਧੀਨ ਆਪਣਾ ਬਿਆਨ ਬਦਲਿਆ ਹੈ। ਆਖਰ ਕੁਝ ਮੀਡੀਏ ਵਾਲੇ ਜਿਵੇਂ ਕਿ ਸਿੰਘ ਨਾਦ ਰੇਡੀਓ ਯੂ.ਕੇ. ਅਤੇ ਸ਼ੇਰੇ ਪੰਜਾਬ ਰੇਡੀਓ ਕੈਨੇਡਾ ਨੇ ਸੱਚ ਦੁਨੀਆਂ ਦੇ ਸਾਹਮਣੇ ਲਿਆਉਣ ਲਈ ਭਾਈ ਰਣਜੀਤ ਸਿੰਘ ਨੂੰ ਕਰਮਵਾਰ ਪਿਛਲੇ ਸਨਿਚਰਵਾਰ ਅਤੇ ਐਤਵਾਰ ਨੂੰ ਲਾਈਵ ਟਾਕ ਸ਼ੋਅ ਵਿੱਚ ਸ਼ਾਮਲ ਕੀਤਾ। ਭਾਈ ਰਣਜੀਤ ਸਿੰਘ ਨੇ ਦੋਵਾਂ ਹੀ ਟਾਕ ਸ਼ੋਅ ਪ੍ਰੋਗਰਾਮਾਂ ਵਿੱਚ ਇੱਕ ਇੱਕ ਅੱਖਰ ਓਹੀ ਕੁਝ ਬੋਲਿਆ ਜੋ ਉਸ ਨੇ ਲਿਖਤੀ ਰੂਪ ਵਿੱਚ ਭਾਈ ਸ਼ਿਵਤੇਗ ਸਿੰਘ ਨੂੰ ਲਿਖ ਕੇ ਦਿੱਤਾ ਸੀ। ਇਸ ਤੋਂ ਪਤਾ ਲਗਦਾ ਹੈ ਕਿ ਜੋ ਭਾਈ ਰਣਜੀਤ ਸਿੰਘ ਹੁਣ ਕਹਿ ਰਿਹਾ ਹੈ ਅਤੇ ਆਪਣੀ ਪਿਛਲੀ ਗਲਤੀ ’ਤੇ ਪਛੁਤਾਵਾ ਕਰ ਰਿਹਾ ਹੈ; ਉਹ ਬਿਨਾਂ ਕਿਸੇ ਬਾਹਰੀ ਡਰ ਭੈ ਦੇ ਆਪਣੇ ਦਿਲ ਦੀ ਗਹਿਰਾਈਆਂ ਤੋਂ ਸੱਚ ਬਿਆਨ ਕਰ ਰਿਹਾ ਹੈ। ਇਸ ਸੱਚ ਨੂੰ ਸਵੀਕਾਰ ਕਰਨ ਦੀ ਥਾਂ ਸਾਜਿਸ਼ਕਾਰੀ ਆਪਣੀ ਘਿਨਾਉਣੀ ਤਸ਼ਵੀਰ ਸਭ ਦੇ ਸਾਹਮਣੇ ਪੇਸ਼ ਕਰਨ ਦਾ ਸਬੂਤ ਦਿੰਦੇ ਹੋਏ ਭਾਈ ਰਣਜੀਤ ਸਿੰਘ ਨੂੰ ਮਾਲਟਨ ਗੁਰਦੁਆਰੇ ਵਿੱਚੋਂ ਵੀ ਤਬਲਾ ਵਜਾਉਣ ਦੀ ਸੇਵਾ ਤੋਂ ਵਿਹਲਾ ਕਰਵਾਉਣ ਵਿੱਚ ਸਫਲ ਹੋ ਗਏ। ਭਾਈ ਰਣਜੀਤ ਸਿੰਘ ਦੇ ਦੱਸਣ ਅਨੁਸਾਰ ਕੀਰਤਨੀ ਜਥੇ ਦੇ ਮੁਖੀ ਨੇ ਉਸ ਨੂੰ ਸਾਫ ਤੌਰ ’ਤੇ ਦੱਸ ਦਿੱਤਾ ਹੈ ਕਿ ਡਿਕਸੀ ਰੋਡ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਨੇ ਮਾਲਟਨ ਗੁਰਦੁਆਰਾ ਕਮੇਟੀ ਮੈਬਰਾਂ ਨੂੰ ਕਿਹਾ ਹੈ ਕਿ ਰਣਜੀਤ ਸਿੰਘ ਨੇ ਪਹਿਲਾ ਬਿਆਨ ਬਦਲ ਕੇ ਸਾਡੀ ਬਹੁਤ ਬੇਇਜ਼ਤੀ ਕੀਤੀ ਹੈ ਇਸ ਲਈ ਇਸ ਨੂੰ ਸੇਵਾ ਤੋਂ ਤੁਰੰਤ ਹਟਾ ਦਿੱਤਾ ਜਾਵੇ; ਇਸ ਲਈ ਸਾਡੀ ਮਜ਼ਬੂਰੀ ਹੈ ਕਿ ਤੁਹਾਨੂੰ ਅਸੀਂ ਆਪਣੇ ਜਥੇ ਨਾਲ ਨਹੀਂ ਰੱਖ ਸਕਦੇ। ਭਾਈ ਰਣਜੀਤ ਸਿੰਘ ਨੂੰ ਪ੍ਰੇਸ਼ਾਨ ਕਰਕੇ ਇਹ ਸਿੱਧ ਕੀਤਾ ਜਾ ਰਿਹਾ ਹੈ ਕਿ ਭਾਈ ਸ਼ਿਵਤੇਗ ਸਿੰਘ ਨੂੰ ਬਦਨਾਮ ਕਰਨ ਲਈ ਘੜੀ ਗਈ ਸਾਜਿਸ਼ ਵਿੱਚ ਉਹ ਸਿੱਧੇ ਤੌਰ ’ਤੇ ਭਾਈਵਾਵਲ ਹਨ ਜਾਂ ਰਣਜੀਤ ਸਿੰਘ ਵਾਂਗ ਸਾਜਿਸ਼ਕਾਰੀਆਂ ਦੇ ਭਾਰੀ ਦਬਾਅ ਹੇਠ ਹੋਣ ਕਰਕੇ ਉਹ ਐਸਾ ਕਰ ਰਹੇ ਹਨ। ਭਾਈ ਚੈਨ ਸਿੰਘ ਨੇ ਕਿਹਾ ਭਾਈ ਰਣਜੀਤ ਸਿੰਘ ਨੇ ਇੱਕ ਵਾਰ ਲਿਖਤੀ ਅਤੇ ਦੋ ਵਾਰ ਵੱਖ ਵੱਖ ਰੇਡੀਓ ’ਤੇ ਔਨ ਲਾਈਨ ਸੱਚ ਦਾ ਬਿਆਨ ਕੀਤਾ ਹੈ ਅਤੇ ਤਿੰਨਾਂ ਹੀ ਬਿਆਨਾਂ ਵਿੱਚ ਰਾਈ ਭਰ ਦਾ ਫਰਕ ਨਹੀਂ ਹੈ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਉਨ੍ਹਾਂ ’ਤੇ ਆਪਣਾ ਬਿਆਨ ਬਦਲਣ ਲਈ ਨਾ ਕੋਈ ਬਾਹਰੀ ਦਬਾਅ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਲਾਲਚ; ਕਿਉਂਕਿ ਦਬਾਅ ਜਾਂ ਲਾਲਚ ਅਧੀਨ ਬੋਲਣ ਵਾਲੇ ਦੀ ਜ਼ਬਾਨ ਜਰੂਰ ਕਦੇ ਨਾ ਕਦੇ ਥਥਲਾ ਜਾਂਦੀ ਹੈ ਪਰ ਰਣਜੀਤ ਸਿੰਘ ਦੇ ਬਿਆਨ ਐਸਾ ਕੋਈ ਵੀ ਪ੍ਰਭਾਵ ਨਹੀਂ ਦੇ ਰਹੇ ਜਿਸ ਤੋਂ ਉਸ ’ਤੇ ਕੋਈ ਸ਼ੱਕ ਕੀਤਾ ਜਾ ਸਕੇ। ਭਾਈ ਚੈਨ ਸਿੰਘ ਨੇ ਕਿਹਾ ਭਾਈ ਰਣਜੀਤ ਸਿੰਘ ਅਤੇ ਭਾਈ ਸ਼ਿਵਤੇਗ ਸਿੰਘ ਦੀ ਸਥਿਤੀ ਤਾਂ ਪੂਰੀ ਤਰ੍ਹਾਂ ਸਪਸ਼ਟ ਹੈ ਹੁਣ ਅਜਿਹੀਆਂ ਝੂਠੀਆਂ ਖ਼ਬਰਾਂ ਫੈਲਾਉਣ ਵਾਲੇ ਜਾਂ ਉਨ੍ਹਾਂ ਖ਼ਬਰਾਂ ’ਤੇ ਭਾਈ ਸ਼ਿਵਤੇਗ ਸਿੰਘ ਵਿਰੋਧੀ ਕੂਮੈਂਟਸ ਲਿਖਣ ਵਾਲਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਸਥਿਤੀ ਸਪਸ਼ਟ ਕਰਨ ਕਿ ਕੀ ਉਹ ਭਾਈ ਸ਼ਿਵਤੇਗ ਸਿੰਘ ਨੂੰ ਬਦਨਾਮ ਕਰਨ ਦੀ ਸਾਜਿਸ਼ ਦਾ ਹਿੱਸਾ ਹਨ ਜਾਂ ਸਾਜਿਸ਼ਕਾਰੀਆਂ ਦੇ ਭਾਰੀ ਦਬਾਉ ਹੇਠ ਹਨ। ਜੇ ਉਹ ਆਪਣੀ ਸਥਿਤੀ ਸਪਸ਼ਟ ਨਹੀਂ ਕਰਦੇ ਤਾਂ ਇਨ੍ਹਾਂ ਉੱਪਰ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੇ ਇਹ ਸ਼ਬਦ ਪੂਰੀ ਤਰ੍ਹਾਂ ਠੀਕ ਢੁੱਕਦੇ ਹਨ: ‘ਸਰਮੁ ਧਰਮੁ ਦੁਇ ਛਪਿ ਖਲੋਏ; ਕੂੜੁ ਫਿਰੈ ਪਰਧਾਨੁ ਵੇ ਲਾਲੋ ॥’(ਮ: 1, ਪੰਨਾ 722) ‘ਸੱਚ ਕਿਨਾਰੇ ਰਹਿ ਗਿਆ; ਖਹਿ ਮਰਦੇ ਬਹੁ ਬਾਮਣ ਮੌਲਾਣੇ॥’ਅਤੇ ‘ਕਲ ਕਾਤੀ ਰਾਜੇ ਕਸਾਈ; ਧਰਮ ਪੰਖ ਕਰਿ ਉਡਰਿਆ॥’ ( ਭਾ.ਗੁ.)  ਭਾਈ ਚੈਨ ਸਿੰਘ ਨੇ ਧਰਮ ਦਾ ਚੋਲ਼ਾ ਪਹਿਨ ਕਿ ਧਰਮ ਨੂੰ ਬਦਨਾਮ ਕਰਨ ਵਾਲਿਆਂ ਨੂੰ ਕਿਹਾ ਕਿ ਗੁਰਮਤਿ ਦੇ ਜਿਨ੍ਹਾਂ ਪ੍ਰਚਾਰਕਾਂ ਨੂੰ ਤੁਸੀਂ ਕਾਮਰੇਡ ਜਾਂ ਨਾਸਤਕ ਕਹਿ ਕਿ ਸੰਬੋਧਨ ਕਰਦੇ ਹੋ ਉਨ੍ਹਾਂ ਨੂੰ ਤਾਂ ਤੁਾਹਡੇ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ ਪਰ ਤੁਹਾਨੂੰ ਇੱਕ ਗੱਲ ਚੇਤੇ ਰੱਖ ਲੈਣੀ ਚਾਹੀਦੀ ਹੈ ਕਿ ਕਾਮਰੇਡ ਜਾਂ ਨਾਸਤਕ ਲੋਕ ਤਾਂ ਕਿਸੇ ਰੱਬ ਦੀ ਹੋਂਦ, ਜਾਂ ਰੱਬ ਦੀ ਦਰਗਾਹ ਵਿੱਚ ਲੇਖਾ ਦੇਣ ਦੀ ਗੱਲ ਨੂੰ ਉਹ ਨਹੀਂ ਮੰਨਦੇ ਪਰ ਤੁਸੀਂ ਤਾਂ ਆਪਣੇ ਆਪ ਨੂੰ ਆਸਤਕ ਕਹਾਉਂਦੇ ਹੋ ਇਸ ਲਈ ਤੁਹਾਨੂੰ ਤਾਂ ਮੰਨਣਾ ਹੀ ਪਏਗਾ ਕਿ ਤੁਸੀਂ ਰੱਬ ਦੀ ਦਰਗਾਹ ਵਿੱਚ ਲੇਖਾ ਦੇਣਾ ਹੈ: 
‘ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ; ਬਹੁ ਦੇਇ ਸਜਾਈ ॥ ਜੇਹਾ ਨਿੰਦਕ ਅਪਣੈ ਜੀਇ ਕਮਾਵਦੇ; ਤੇਹੋ ਫਲੁ ਪਾਈ ॥ ਅੰਦਰਿ ਕਮਾਣਾ ਸਰਪਰ ਉਘੜੈ; ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥ ਜਨ ਨਾਨਕੁ ਦੇਖਿ ਵਿਗਸਿਆ; ਹਰਿ ਕੀ ਵਡਿਆਈ ॥2॥’(ਪੰਨਾ 316)।
‘ਖੰਡੇ ਧਾਰ ਗਲੀ ਅਤਿ ਭੀੜੀ ॥ ਲੇਖਾ ਲੀਜੈ ਤਿਲ ਜਿਉ ਪੀੜੀ ॥ ਮਾਤ ਪਿਤਾ ਕਲਤ੍ਰ ਸੁਤ ਬੇਲੀ ਨਾਹੀ; ਬਿਨੁ ਹਰਿ ਰਸ ਮੁਕਤਿ ਨ ਕੀਨਾ ਹੇ ॥10॥’ (ਪੰਨਾ 1028)।
ਸੋ ਸਾਜਿਸ਼ਾਂ ਕਰਨੀਆਂ; ਸਾਜਿਸ਼ਾਂ ਵਿੱਚ ਭਾਈਵਾਲ ਬਣਨਾ ਅਤੇ ਅਕਾਲ ਪੁਰਖ ਦੀ ਥਾਂ ਆਪਣੇ ਆਪ ਨੂੰ ਹੀ ਰਿਜ਼ਕਦਾਤਾ ਸਮਝ ਕੇ ਕਿਸੇ ਦਾ ਰੁਜ਼ਗਾਰ ਖੋਹਣ ਵਰਗੇ ਨੀਚ ਕਰਮਾਂ ਤੋਂ ਤੋਬਾ ਕਰਦੇ ਹੋਏ ਗੁਰੂ ਦੇ ਇਸ ਉਪਦੇਸ਼ ਨੂੰ ਸਮਝੋ ਤੇ ਇਸ ’ਤੇ ਅਮਲ ਕਰਨ ਦਾ ਉਪਰਾਲਾ ਕਰੋ ਜੀ:‘ਧਨਾਸਰੀ ਮਹਲਾ 5 ॥ ਜਿਹ ਕਰਣੀ ਹੋਵਹਿ ਸਰਮਿੰਦਾ; ਇਹਾ ਕਮਾਨੀ ਰੀਤਿ ॥ ਸੰਤ ਕੀ ਨਿੰਦਾ, ਸਾਕਤ ਕੀ ਪੂਜਾ; ਐਸੀ ਦ੍ਰਿੜ੍ਹ੍ਹੀ ਬਿਪਰੀਤਿ ॥1॥ ’(ਪੰਨਾ 673)

ਭਾਈ ਚੈਨ ਸਿੰਘ ਨੇ ਗੁਰਦੁਆਰਿਆਂ ਦੇ ਜਾਗਰੂਕ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਧਰਮ ਦਾ ਬੁਰਕਾ ਪਹਿਨ ਕੇ ਧਰਮ ਦੇ ਆਪੂੰ ਬਣੇ ਠੇਕੇਦਾਰਾਂ ਦੀਆਂ ਚਾਲਾਂ ਨੂੰ ਸਮਝ ਕੇ ਉਹ ਸੱਚ ’ਤੇ ਪਹਿਰਾ ਦੇਣ ਵਾਲੇ ਭਾਈ ਰਣਜੀਤ ਸਿੰਘ ਅਤੇ ਭਾਈ ਸ਼ਿਵਤੇਗ ਸਿੰਘ ਦਾ ਡਟ ਕੇ ਸਾਥ ਦੇਣ ਤਾਂ ਕਿ ਉਨ੍ਹਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਸੱਚ ਬੋਲਣ ਕਰਕੇ ਉਨ੍ਹਾਂ ਨੂੰ ਬੁਰਛਾ ਗਰਦਾਂ ਹੱਥਾਂ ਜ਼ਲਾਲਤ ਸਹਿਣੀ ਪੈ ਰਹੀ ਹੈ।

ਕਿਰਪਾਲ ਸਿੰਘ ਬਠਿੰਡਾ
ਮੋਬ: 9855480797

Advertisement

 
Top