ਨਾਬਾਲਗ ਕੈਨੇਡੀਅਨ ਲੜਕੀ ਨਾਲ ਛੇੜਛਾੜ ਦੇ ਦੋਸ਼ 'ਚ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਦਾ ਸਪੁੱਤਰ ਰਾਗੀ ਅਜੈ ਸਿੰਘ ਦੋਸ਼ੀ ਕਰਾਰ - 90 ਦਿਨ ਲਈ ਜੇਲ੍ਹ 'ਚ ਭੇਜਿਆ
ਐਬਟਸਫੋਰਡ (ਗੁਰਪ੍ਰੀਤ ਸਿੰਘ ਸਹੋਤਾ)- ਬੀ ਸੀ ਦੇ ਸ਼ਹਿਰ ਐਬਟਸਫੋਰਡ ਦੀ ਇੱਕ 13 ਸਾਲਾ ਸਿੱਖ ਲੜਕੀ ਨਾਲ ਸਰੀਰਕ ਛੇੜਛਾੜ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਰਾਗੀ ਅਜੈ ਸਿੰਘ ਨੂੰ ਐਬਟਸਫੋਰਡ ਦੀ ਅਦਾਲਤ ਦੇ ਮਾਨਯੋਗ ਜੱਜ ਨੇ ਇਸ ਮਾਮਲੇ 'ਚ ਦੋਸ਼ੀ ਕਰਾਰ ਦਿੰਦਿਆਂ 90 ਦਿਨ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਫੈਸਲੇ ਉਪਰੰਤ ਰਾਗੀ ਅਜੈ ਸਿੰਘ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਜੇਲ੍ਹ ਭੇਜ ਦਿੱਤਾ। ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਦਾ ਪੁੱਤਰ ਰਾਗੀ ਅਜੈ ਸਿੰਘ ਆਪਣੇ ਰਾਗੀ ਜਥੇ ਨਾਲ ਕੈਨੇਡਾ ਵਿੱਚ ਕੀਰਤਨ ਕਰਨ ਆਇਆ ਸੀ ਅਤੇ ਇਸ ਘਰ ਵਿੱਚ ਰੁਕਿਆ ਸੀ। ਸਮਝਿਆ ਜਾ ਰਿਹਾ ਹੈ ਕਿ ਜੇਲ੍ਹ ਕੱਟਣ ਤੋਂ ਬਾਅਦ ਰਾਗੀ ਅਜੈ ਸਿੰਘ ਨੂੰ ਤੁਰੰਤ ਭਾਰਤ ਭੇਜ ਦਿੱਤਾ ਜਾਵੇਗਾ ਅਤੇ ਸ਼ਾਇਦ ਹੀ ਮੁੜ ਕੇ ਕਦੀ ਕੈਨੇਡਾ ਆ ਸਕੇ।
ਲੜਕੀ ਦੇ ਪਿਤਾ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਅਦਾਲਤ ਨੇ ਇਨਸਾਫ ਦਿੱਤਾ ਹੈ ਪਰ ਇਸ ਗੱਲ ਦਾ ਬਹੁਤ ਰੰਜ ਹੈ ਕਿ ਪਰਿਵਾਰ ਨੇ ਸਹਾਇਤਾ ਲੈਣ ਲਈ ਐਬਟਸਫੋਰਡ ਦੇ ਗੁਰਦੁਆਰਾ ਸਾਹਿਬਾਨਾਂ ਕੋਲ ਪਹੁੰਚ ਕੀਤੀ ਸੀ ਪਰ ਕਿਸੇ ਨੇ ਬਾਂਹ ਨਹੀਂ ਫੜ੍ਹੀ ਅਤੇ ਨਾ ਹੀ ਕੋਈ ਅਫਸੋਸ ਜ਼ਾਹਰ ਕੀਤਾ।