SIKHI AWARENESS & WELFARE SOCIETY SIKHI AWARENESS & WELFARE SOCIETY Author
Title: ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਕੇਵਲ ਬ੍ਰਹਮਣਵਾਦ ਵਿਰੋਧੀ ਹੈ? : ਗਿਆਨੀ ਅਵਤਾਰ ਸਿੰਘ
Author: SIKHI AWARENESS & WELFARE SOCIETY
Rating 5 of 5 Des:
ਵਿਦਵਾਨ ਸੱਜਣ ਸਾਖੀਆਂ ਰਾਹੀਂ ਸਪੱਸ਼ਟ ਕਰਿਆ ਕਰਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸਰਬ ਕਾਲੀ ਅਤੇ ਸਰਬ ਪ੍ਰਮਾਣਿਤ ਰਚਨਾ ਹੈ ਪਰ ਅਜੋਕੇ ਪ੍ਰਚਾਰ ਪੱਧਰ ਰ...

ਵਿਦਵਾਨ ਸੱਜਣ ਸਾਖੀਆਂ ਰਾਹੀਂ ਸਪੱਸ਼ਟ ਕਰਿਆ ਕਰਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸਰਬ ਕਾਲੀ ਅਤੇ ਸਰਬ ਪ੍ਰਮਾਣਿਤ ਰਚਨਾ ਹੈ ਪਰ ਅਜੋਕੇ ਪ੍ਰਚਾਰ ਪੱਧਰ ਰਾਹੀਂ ਜੋ ਵੇਖਣ ਅਤੇ ਸੁਣਨ ਨੂੰ ਮਿਲ ਰਿਹਾ ਹੈ, ਉਸ ’ਤੋਂ ਕੇਵਲ ਇਹ ਸੋਚ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸ਼ਾਇਦ ਗੁਰੂ ਸਿਧਾਂਤ ਦਾ ਬਹੁਤ ਵੱਡਾ ਭਾਗ ਕੇਵਲ ਇੱਕ ਸਮੁਦਾਏ ਦੇ ਪ੍ਰਥਾਏ ਭਾਵ ਪਾਖੰਡ ਅਤੇ ਕਰਮਕਾਂਡਾ ’ਤੇ ਹੀ ਆਧਾਰਤ ਹੈ।  ਇਸ ਤਰ੍ਹਾਂ ਦੇ ਪ੍ਰਚਾਰ ਪੱਧਰ ਨੂੰ ਗੁਰੂ ਸਿਧਾਂਤ ਦੀ ਕਸੌਟੀ ’ਤੇ ਵਿਚਾਰਨਾ ਹੀ ਇਸ ਲੇਖ ਦਾ ਅਧਾਰ ਹੈ।
 ਅੱਜ ਦੇ ਵਿਸ਼ੇ ਨੂੰ ਤਿੰਨ ਭਾਗਾਂ ’ਚ ਵੰਡ ਕੇ ਵਿਚਾਰਨਾ ਲਾਹੇਵੰਦ ਹੋ ਸਕਦਾ ਹੈ:- 1. ਸਮਾਜਿਕ ਨੈਤਿਕ ਕਦਰਾਂ ਦੇ ਅਧਾਰ ’ਤੇ।
2. ਅਧੂਰੀਆਂ ਜਾਂ ਲਾਭ ਰਹਿਤ ਮੰਨਤਾਂ ਦੇ ਅਧਾਰ ’ਤੇ।   (ਅਤੇ) 
3. ਵਿਗਿਆਨਕ ਸੋਚ ਦੇ ਅਧਾਰ ’ਤੇ।
(ਭਾਗ ਨੰ. 1). ਸਮਾਜਿਕ ਨੈਤਿਕ ਕਦਰਾਂ ਦੇ ਅਧਾਰ ’ਤੇ:- ਸਮਾਜ ਦੀ ਉੱਨਤੀ ਲਈ ਪਹਿਲੀ ਸ਼ਰਤ ਜੀਵਨ ਦਾ ਗ੍ਰਿਹਸਤੀ ਹੋਣਾ ਹੈ:-
(ੳ). ਭਗਤ ਜਨਾ ਕਉ ਸਰਧਾ ਆਪਿ ਹਰਿ ਲਾਈ ॥  ਵਿਚੇ ਗ੍ਰਿਸਤ ਉਦਾਸ ਰਹਾਈ ॥ ਗੂਜਰੀ (ਮ:4/ਅੰਗ 494)
(ਅ). ਤਜੈ ਗਿਰਸਤੁ ਭਇਆ ਬਨ ਵਾਸੀ, ਇਕੁ ਖਿਨੁ ਮਨੂਆ ਟਿਕੈ ਨ ਟਿਕਈਆ ॥ ਬਿਲਾਵਲੁ (ਮ:4/ਅੰਗ 835)
  ਗ੍ਰਿਹਸਤੀ ਜੀਵਨ ’ਤੋਂ ਉਪਰੰਤ ਕਿਰਤੀ ਹੋਣਾ ਜਰੂਰੀ ਹੈ:-
ਗਿਆਨ ਵਿਹੂਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥ ਮਖਟੂ ਹੋਇ ਕੈ ਕੰਨ ਪੜਾਏ ॥  ਫਕਰੁ ਕਰੇ ਹੋਰੁ ਜਾਤਿ ਗਵਾਏ ॥  ਗੁਰੁ ਪੀਰੁ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ ॥  ਘਾਲਿ ਖਾਇ ਕਿਛੁ ਹਥਹੁ ਦੇਇ ॥  ਨਾਨਕ ਰਾਹੁ ਪਛਾਣਹਿ ਸੇਇ ॥ ਸਾਰੰਗ ਕੀ ਵਾਰ (ਮ:1/ਅੰਗ 1245)
ਘੱਟ ਖਾਣਾ ਅਤੇ ਘੱਟ ਸੌਣਾ ਵੀ ਲਾਭਕਾਰੀ ਹੈ:-
ਖੰਡਿਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ ॥ ਰਾਮਕਲੀ ਗੋਸਟਿ (ਮ:1/ਅੰਗ 939)
ਹਮੇਸ਼ਾਂ ਲੰਬੀ/ਦੀਰਘ ਸੋਚ ਜਰੂਰੀ ਹੈ:-
ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥ ਮਾਰੂ ਵਾਰ:2 (ਮ:5/ਅੰਗ 1096)
ਗੰਦੇ ਵਾਤਾਵਰਨ ’ਤੋਂ ਸੁਚੇਤ ਰਹਿਣਾ ਜਰੂਰੀ ਹੈ:-
(ੳ). ਮੇਰੇ ਮੋਹਨ! ਸ੍ਰਵਨੀ ਇਹ ਨ ਸੁਨਾਏ ॥  ਸਾਕਤ ਗੀਤ ਨਾਦ ਧੁਨਿ ਗਾਵਤ, ਬੋਲਤ ਬੋਲ ਅਜਾਏ ॥ ਬਿਲਾਵਲੁ (ਮ:5/ਅੰਗ 820)
(ਅ). ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ ॥ ਨਾਨਕ! ਨਾਲਿ ਨ ਚਲਨੀ, ਜਲਿ ਬਲਿ ਹੋਏ ਛਾਰੁ ॥ ਗਉੜੀ ਕੀ ਵਾਰ:2 (ਮ:5/ਅੰਗ 318)
ਹਰ ਪ੍ਰਕਾਰ ਦਾ ਨਸ਼ਾ ਨੁਕਸਾਨਦੇਹ ਹੈ:-
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥.........ਝੂਠਾ ਮਦੁ ਮੂਲਿ ਨ ਪੀਚਈ, ਜੇ ਕਾ ਪਾਰਿ ਵਸਾਇ ॥ ਬਿਹਾਗੜੇ ਕੀ ਵਾਰ (ਮ:3/ਅੰਗ 554) 
ਔਰਤ ਨੂੰ ਬਰਾਬਰ ਦੇ ਅਧਿਕਾਰ ਜਰੂਰੀ ਹੈ:-
ਭੰਡਿ ਜੰਮੀਐ ਭੰਡਿ ਨਿੰਮੀਐ, ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ ॥ ਭੰਡੁ ਮੁਆ, ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ ॥ ਆਸਾ ਕੀ ਵਾਰ (ਮ:1/ਅੰਗ 473)
ਬੇ ਸਹਾਰਿਆਂ ਦੀ ਸੇਵਾ ਵੀ ਜਿੰਦਗੀ ਦਾ ਮੁੱਢਲਾ ਫਰਜ਼ ਹੈ:-
(ੳ). ਪਰਉਪਕਾਰੁ ਨਿਤ ਚਿਤਵਤੇ, ਨਾਹੀ ਕਛੁ ਪੋਚ ॥ ਬਿਲਾਵਲੁ (ਮ:5/ਅੰਗ 815)  
(ਅ). ਵਿਦਿਆ ਵੀਚਾਰੀ ਤਾਂ, ਪਰਉਪਕਾਰੀ ॥ ਆਸਾ (ਮ:1/ਅੰਗ 356)
ਗੁਰੂ ਦੀ ਗੋਲਕ ਗ਼ਰੀਬ ਦਾ ਮੂੰਹ:-
ਗਰੀਬਾ ਉਪਰਿ, ਜਿ ਖਿੰਜੈ ਦਾੜੀ ॥ ਪਾਰਬ੍ਰਹਮਿ, ਸਾ ਅਗਨਿ ਮਹਿ ਸਾੜੀ ॥ ਗਉੜੀ (ਮ:5/ਅੰਗ 199)
ਪਰਉਪਕਾਰ ਲਈ ਪ੍ਰੇਮ ਜਰੂਰੀ ਹੈ:- 
(ੳ). ਅੰਦਰੁ ਖਾਲੀ ਪ੍ਰੇਮ ਬਿਨੁ, ਢਹਿ ਢੇਰੀ ਤਨੁ ਛਾਰੁ ॥ ਸਿਰੀਰਾਗੁ (ਮ:1/ਅੰਗ 62)
(ਅ). ਜਿਸ ਨੋ ਆਇਆ ਪ੍ਰੇਮ ਰਸੁ, ਤਿਸੈ ਹੀ ਜਰਣੇ ॥ ਗਉੜੀ ਕੀ ਵਾਰ:2 (ਮ:5/ਅੰਗ 320)
(ੲ). ਹਿਚਹਿ, ਤ ਪ੍ਰੇਮ ਕੈ ਚਾਬੁਕ ਮਾਰਉ ॥ ਗਉੜੀ (ਭ. ਕਬੀਰ/ਅੰਗ 329)
ਚੰਗਾ ਲੀਡਰ ਵੀ ਜਰੂਰੀ ਹੈ:-
(ੳ). ਅੰਧਾ ਆਗੂ ਜੇ ਥੀਐ, ਕਿਉ ਪਾਧਰੁ ਜਾਣੈ ॥ ਸੂਹੀ (ਮ:1/ਅੰਗ 767) 
(ਅ). ਰਾਜੇ ਸੀਹ ਮੁਕਦਮ ਕੁਤੇ ॥  ਜਾਇ ਜਗਾਇਨ੍ਹਿ ਬੈਠੇ ਸੁਤੇ ॥  ਚਾਕਰ ਨਹਦਾ ਪਾਇਨ੍ਹਿ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥ ਮਲਾਰ ਕੀ ਵਾਰ (ਮ:1/ਅੰਗ 1288)
(ੲ). ਫਾਂਧੀ ਲਗੀ ਜਾਤਿ ਫਹਾਇਨਿ, ਅਗੈ ਨਾਹੀ ਥਾਉ ॥ ਮਲਾਰ ਕੀ ਵਾਰ (ਮ:1/ਅੰਗ 1288) (ਭਾਵ ਸੁਆਰਥੀ ਲੀਡਰ ਆਪਣੇ ਕਬੀਲੇ ਨੂੰ ਵੀ ਹਿਰਨ ਦੀ ਤਰ੍ਹਾਂ ਵੇਚ, ਕੈਦ ਕਰਵਾ ਦੇਂਦਾ ਹੈ)
ਵਿਕਾਰਾਂ ਨੂੰ ਕਾਬੂ ’ਚ ਰੱਖ ਕੇ ਹੀ ਇਨਸਾਨੀਅਤ ਕਮਾਈ ਜਾ ਸਕਦੀ ਹੈ:-
(ੳ). ਮਾਰੇ ਪੰਚ ਬਿਖਾਦੀਆ ॥ ਗੁਰ ਕਿਰਪਾ ਤੇ ਦਲੁ ਸਾਧਿਆ ॥ ਗਉੜੀ (ਮ:5/ਅੰਗ 210) 
(ਅ). ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ ॥ ਮਲਾਰ ਕੀ ਵਾਰ (ਮ:1/ਅੰਗ 1288) 
(ੲ).  ਅਸਤਿ ਚਰਮ ਬਿਸਟਾ ਕੇ ਮੂੰਦੇ, ਦੁਰਗੰਧ ਹੀ ਕੇ ਬੇਢੇ ॥ ਕੇਦਾਰਾ (ਭ. ਕਬੀਰ/ਅੰਗ 1124)
(ਸ).  ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ ॥ ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ ॥ ਸੰਨ੍ਹੀ ਦੇਨ੍ਹਿ ਵਿਖੰਮ ਥਾਇ, ਮਿਠਾ ਮਦੁ ਮਾਣੀ ॥ ਗਉੜੀ ਕੀ ਵਾਰ:1 (ਮ:4/ਅੰਗ 315)
ਕੁਝ ਧਾਰਮਿਕ ਰੁਚੀ ਵੀ ਜਰੂਰੀ ਹੁੰਦੀ ਹੈ:-
ਫਰੀਦਾ! ਬੇ ਨਿਵਾਜਾ ਕੁਤਿਆ! ਏਹ ਨ ਭਲੀ ਰੀਤਿ ॥ ਸਲੋਕ (ਭ. ਫਰੀਦ/ਅੰਗ 1381)            ਆਦਿ।
(ਨੋਟ-ਉਪਰੋਕਤ ਬਿਆਨ ਕੀਤੇ ਗਏ ਬੰਦਗੀ ਮਾਤ੍ਰ ਸੰਕੇਤਾਂ ਦਾ ਵਿਰੋਧ ਕੋਈ ਵੀ ਜਾਗਰੂਕ ਵਿਅਕਤੀ ਨਹੀਂ ਕਰ ਸਕਦਾ ਬੇਸ਼ੱਕ ਕੋਈ ਆਸਤਕ ਹੈ ਜਾਂ ਨਾਸਤਕ, ਕਰਮਕਾਂਡੀ ਹੈ ਜਾਂ ਤਰਕਸ਼ੀਲ ਆਦਿ।)
(ਭਾਗ ਨੰ. 2). ਅਧੂਰੀਆਂ ਜਾਂ ਲਾਭ ਰਹਿਤ ਮੰਨਤਾਂ ਦੇ ਅਧਾਰ ’ਤੇ:- (ਨੋਟ- ਹੇਠਾਂ ਦਿੱਤੇ ਜਾ ਰਹੇ ਗੁਰੂ ਉਪਦੇਸ਼ਾਂ ਦਾ ਵਿਰੋਧ ਕਰਮਕਾਂਡੀ ਵਰਗ ਕਰੇਗਾ ਜਦਕਿ ਵਿਗਿਆਨ, ਤਰਕਸ਼ੀਲ ਆਦਿ ਮਦਦਗਾਰ ਬਣਨਗੇ ਕਿਉਂਕਿ ਰੂੜ੍ਹੀਵਾਦੀ ਸਮਾਜ ਬਦਲਾਵ ਨਹੀਂ ਚਾਹੁੰਦਾ ਹੈ।)
ਜਾਤ-ਪਾਤ ਸਮਾਜ ਲਈ ਕਲੰਕ ਹੈ:-
(ੳ). ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ ॥  ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ ॥ ਸਿਰੀਰਾਗੁ (ਮ:1/ਅੰਗ 15)
 (ਅ). ਅਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ ॥ ਆਸਾ ਕੀ ਵਾਰ (ਮ:1/ਅੰਗ 469)
(ੲ). ਕਹਿ ਕਮੀਰ!  ਕੁਲ ਜਾਤਿ ਪਾਂਤਿ ਤਜਿ, ਚੀਟੀ ਹੋਇ ਚੁਨਿ ਖਾਈ ॥ ਰਾਮਕਲੀ (ਭ. ਕਬੀਰ/ਅੰਗ 972)
(ਸ). ਜਾਤਿ ਕਾ ਗਰਬੁ, ਨ ਕਰੀਅਹੁ ਕੋਈ ॥ ਭੈਰਉ (ਮ:3/ਅੰਗ 1127)
(ਹ). ਜਾਤਿ ਕਾ ਗਰਬੁ, ਨ ਕਰਿ ਮੂਰਖ ਗਵਾਰਾ ॥ ਭੈਰਉ (ਮ:3/ਅੰਗ 1127)
(ਕ). ਸਾ ਜਾਤਿ ਸਾ ਪਤਿ ਹੈ, ਜੇਹੇ ਕਰਮ ਕਮਾਇ ॥ ਪ੍ਰਭਾਤੀ (ਮ:1/ਅੰਗ 1330)
(ਖ). ਕਬੀਰ! ਮੇਰੀ ਜਾਤਿ ਕਉ, ਸਭੁ ਕੋ ਹਸਨੇਹਾਰੁ ॥ ਸਲੋਕ (ਭ. ਕਬੀਰ/ਅੰਗ 1364)
(ਗ). ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ ॥ ਆਸਾ (ਮ:1/ਅੰਗ 349)
ਵਹਿਮ-ਭਰਮ ਸਮਾਜ ਦੇ ਵਿਕਸਤ ਹੋਣ ਲਈ ਵੱਡੀ ਰੁਕਾਵਟ ਹੈ:-
ਜਲਿ ਹੈ ਸੂਤਕੁ, ਥਲਿ ਹੈ ਸੂਤਕੁ, ਸੂਤਕ ਓਪਤਿ ਹੋਈ ॥ ਜਨਮੇ ਸੂਤਕੁ ਮੂਏ ਫੁਨਿ ਸੂਤਕੁ, ਸੂਤਕ ਪਰਜ ਬਿਗੋਈ ॥1॥ ਕਹੁ ਰੇ ਪੰਡੀਆ! ਕਉਨ ਪਵੀਤਾ ॥ ਐਸਾ ਗਿਆਨੁ ਜਪਹੁ, ਮੇਰੇ ਮੀਤਾ ॥1॥ ਰਹਾਉ ॥ ਨੈਨਹੁ ਸੂਤਕੁ, ਬੈਨਹੁ ਸੂਤਕ, ਸੂਤਕੁ ਸ੍ਰਵਨੀ ਹੋਈ॥ ਊਠਤ ਬੈਠਤ ਸੂਤਕੁ ਲਾਗੈ, ਸੂਤਕੁ ਪਰੈ ਰਸੋਈ ॥2॥  ਫਾਸਨ ਕੀ ਬਿਧਿ ਸਭੁ ਕੋਊ ਜਾਨੈ, ਛੂਟਨ ਕੀ ਇਕੁ ਕੋਈ ॥ ਕਹਿ ਕਬੀਰ! ਰਾਮੁ ਰਿਦੈ ਬਿਚਾਰੈ, ਸੂਤਕੁ ਤਿਨੈ ਨ ਹੋਈ ॥ ਗਉੜੀ (ਭ. ਕਬੀਰ/ਅੰਗ 331)
ਜੰਤ੍ਰ, ਮੰਤ੍ਰ ਅਤੇ ਤੰਤ੍ਰ ਮਨੁੱਖ ਦੇ ਬਿਬੇਕ ਨੂੰ ਮਾਰ ਦਿੰਦੇ ਹਨ:-
(ੳ).ਤੰਤੁ ਮੰਤੁ ਪਾਖੰਡੁ ਨ ਜਾਣਾ, ਰਾਮੁ ਰਿਦੈ ਮਨੁ ਮਾਨਿਆ ॥ ਸੂਹੀ (ਮ:1/ਅੰਗ 766)
(ਅ).ਤੰਤੁ ਮੰਤੁ ਨਹ ਜੋਹਈ, ਤਿਤੁ ਚਾਖੁ ਨ ਲਾਗੈ ॥ ਬਿਲਾਵਲੁ (ਮ:5/ਅੰਗ 818)
(ੲ).ਤੰਤੁ ਮੰਤੁ ਪਾਖੰਡੁ ਨ ਕੋਈ, ਨਾ ਕੋ ਵੰਸੁ ਵਜਾਇਦਾ ॥ ਮਾਰੂ ਸੋਲਹੇ (ਮ:1/ਅੰਗ 1035)
ਬ੍ਰਤ ਰੱਖਣਾ ਔਰਤ ਦੀ ਅਜ਼ਾਦੀ ਲਈ ਵੱਡੀ ਰੁਕਾਵਟ ਹੈ:-
ਛੋਡਹਿ ਅੰਨੁ ਕਰਹਿ ਪਾਖੰਡ ॥ ਨਾ ਸੋਹਾਗਨਿ ਨਾ ਓਹਿ ਰੰਡ ॥ ਗੋਂਡ (ਭ. ਕਬੀਰ/ਅੰਗ 873) 
ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥ ਭੈਰਉ (ਮ:5/ਅੰਗ 1136)
ਬੋਲਿ ਸੁਧਰਮੀੜਿਆ!  ਮੋਨਿ ਕਤ ਧਾਰੀ ਰਾਮ ॥ ਬਿਹਾਗੜਾ (ਮ:5/ਅੰਗ 547) (ਮੋਨ ਬ੍ਰਤ ਲਈ ਡਾਕਟਰਾਂ ਨੇ ਅੰਨਾ ਹਜਾਰੇ ਨੂੰ ਮਨ੍ਹਾ ਕੀਤਾ ਸੀ ਕਿਉਂਕਿ ਇਉਂ ਕੀਤਿਆਂ ਸਰੀਰਕ ਰੋਗ ਵਧ ਰਹੇ ਸਨ।)
ਤਾਰਿਆਂ ਦਾ ਪ੍ਰਭਾਵ ਅੰਧਵਿਸਵਾਸ਼ ਹੈ:- ਗਰਹ ਨਿਵਾਰੇ ਸਤਿਗੁਰੂ, ਦੇ ਅਪਣਾ ਨਾਉ ॥ ਆਸਾ (ਮ:5/ਅੰਗ 400)
ਅਹੰਕਾਰ ਆਪਸੀ ਪ੍ਰੇਮ ਲਈ ਰੁਕਾਵਟ ਹੈ:-
ਮੁਸਲਮਾਣੁ ਕਹਾਵਣੁ ਮੁਸਕਲੁ, ਜਾ ਹੋਇ ਤਾ ਮੁਸਲਮਾਣੁ ਕਹਾਵੈ ॥ ਮਾਝ ਕੀ ਵਾਰ (ਮ:1/ਅੰਗ 141)
ਮੁਸਲਮਾਣੁ, ਮੋਮ ਦਿਲਿ ਹੋਵੈ ॥ ਮਾਰੂ ਸੋਲਹੇ (ਮ:5/ਅੰਗ 1084)
ਦਖਨ ਦੇਸਿ ਹਰੀ ਕਾ ਬਾਸਾ, ਪਛਿਮਿ ਅਲਹ ਮੁਕਾਮਾ ॥ ਦਿਲ ਮਹਿ ਖੋਜਿ, ਦਿਲੈ ਦਿਲਿ ਖੋਜਹੁ, ਏਹੀ ਠਉਰ ਮੁਕਾਮਾ ॥ ਪ੍ਰਭਾਤੀ (ਭ. ਕਬੀਰ/ਅੰਗ 1349)
ਵਿਖਾਵੇ ਦੇ ਧਾਰਮਿਕ ਕਰਮ ਆਪਣੇ ਆਪ ਲਈ ਅਤੇ ਸਮਾਜ ਲਈ ਧੋਖਾ ਹੈ:-
(ੳ). ਪਾਖੰਡਿ, ਜਮਕਾਲੁ ਨ ਛੋਡਈ, ਲੈ ਜਾਸੀ ਪਤਿ ਗਵਾਇ ॥ ਵਡਹੰਸ ਕੀ ਵਾਰ (ਮ:3/ਅੰਗ 587)
(ਅ). ਪਾਖੰਡਿ, ਭਗਤਿ ਨ ਹੋਵਈ, ਪਾਰਬ੍ਰਹਮੁ ਨ ਪਾਇਆ ਜਾਇ ॥ ਬਿਲਾਵਲੁ ਕੀ ਵਾਰ (ਮ:3/ਅੰਗ 849)
(ੲ). ਵਰਤ ਨੇਮੁ ਸੁਚ ਸੰਜਮੁ ਪੂਜਾ, ਪਾਖੰਡਿ ਭਰਮੁ ਨ ਜਾਇ ॥ ਸਲੋਕ ਵਾਰਾਂ ਤੇ ਵਧੀਕ (ਮ:4/ਅੰਗ 1423) 
 (ਸ). ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥  ਲੋਗਨ ਰਾਮੁ ਖਿਲਉਨਾ ਜਾਨਾਂ ॥ ਭੈਰਉ (ਭ. ਕਬੀਰ/ਅੰਗ 1158)
(ਹ). ਕਾਦੀ ਕੂੜੁ ਬੋਲਿ, ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥ ਧਨਾਸਰੀ (ਮ:1/ਅੰਗ 662)
(ਕ). ਬਾਰਹ ਮਹਿ ਰਾਵਲ ਖਪਿ ਜਾਵਹਿ, ਚਹੁ ਛਿਅ ਮਹਿ ਸੰਨਿਆਸੀ ॥  ਜੋਗੀ ਕਾਪੜੀਆ ਸਿਰਖੂਥੇ, ਬਿਨੁ ਸਬਦੈ ਗਲਿ ਫਾਸੀ ॥ ਪ੍ਰਭਾਤੀ (ਮ:1/ਅੰਗ 1332)
(ਖ). ਭੈਰਉ ਭੂਤ ਸੀਤਲਾ ਧਾਵੈ ॥  ਖਰ ਬਾਹਨੁ ਉਹੁ ਛਾਰੁ ਉਡਾਵੈ ॥ ਗੋਂਡ (ਭ. ਨਾਮਦੇਵ/ਅੰਗ 874)
(ਗ). ਕਿਆ ਨਾਗੇ ਕਿਆ ਬਾਧੇ ਚਾਮ ॥ ਗਉੜੀ (ਭ. ਕਬੀਰ/ਅੰਗ 324)
(ਘ). ਇਨ ਬਿਧਿ ਨਾਗੇ ਜੋਗੁ ਨਾਹਿ ॥ ਬਸੰਤੁ (ਮ:1/ਅੰਗ 1189)
(ਙ). ਬੈਸਨੋ ਨਾਮੁ ਕਰਮ ਹਉ ਜੁਗਤਾ, ਤੁਹ ਕੁਟੇ, ਕਿਆ ਫਲੁ ਪਾਵੈ ॥ ਰਾਮਕਲੀ ਕੀ ਵਾਰ:2 (ਮ:5/ਅੰਗ 960)
(ਚ). ਕਬੀਰ! ਬੈਸਨੋ ਹੂਆ ਤ ਕਿਆ ਭਇਆ, ਮਾਲਾ ਮੇਲੀਂ ਚਾਰਿ ॥ ਸਲੋਕ (ਭ. ਕਬੀਰ/ਅੰਗ 1372)
(ਛ). ਮਿਟੀ ਮੁਸਲਮਾਨ ਕੀ, ਪੇੜੈ ਪਈ ਕੁਮ੍ਹਿਆਰ ॥  ਘੜਿ ਭਾਂਡੇ ਇਟਾ ਕੀਆ, ਜਲਦੀ ਕਰੇ ਪੁਕਾਰ ॥ ਆਸਾ ਕੀ ਵਾਰ (ਮ:1/ਅੰਗ 466)
(ਜ). ਜੋਗੀ ਗੋਰਖੁ ਗੋਰਖੁ ਕਰੈ॥ ਹਿੰਦੂ ਰਾਮ ਨਾਮੁ ਉਚਰੈ ॥ ਮੁਸਲਮਾਨ ਕਾ ਏਕੁ ਖੁਦਾਇ॥ ਕਬੀਰ ਕਾ ਸੁਆਮੀ, ਰਹਿਆ ਸਮਾਇ॥ ਭੈਰਉ (ਭ. ਕਬੀਰ/ਅੰਗ 1160)
(ਝ). ਮੁਸਲਮਾਨੀਆ ਪੜਹਿ ਕਤੇਬਾ, ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਤਿਲੰਗ (ਮ:1/ਅੰਗ 722)
(ਞ). ਨਾਨਕ! ਜੇ ਸਿਰਖੁਥੇ ਨਾਵਨਿ ਨਾਹੀ, ਤਾ ਸਤ ਚਟੇ ਸਿਰਿ ਛਾਈ ॥ ਮਾਝ ਕੀ ਵਾਰ (ਮਚ 1/ਅੰਗ 150)
(ਤ). ਰੰਨਾ ਹੋਈਆ ਬੋਧੀਆ, ਪੁਰਸ ਹੋਏ ਸਈਆਦ ॥ ਸੀਲੁ ਸੰਜਮੁ ਸੁਚ ਭੰਨੀ, ਖਾਣਾ ਖਾਜੁ ਅਹਾਜੁ ॥ ਸਰਮੁ ਗਇਆ ਘਰਿ ਆਪਣੈ, ਪਤਿ ਉਠਿ ਚਲੀ ਨਾਲਿ ॥ ਸਾਰੰਗ ਕੀ ਵਾਰ (ਮ:1/ਅੰਗ 1243)
(ਥ). ਹੋਰੁ ਫਕੜੁ ਹਿੰਦੂ ਮੁਸਲਮਾਣੈ ॥ ਰਾਮਕਲੀ ਕੀ ਵਾਰ:1 (ਮ:1/ਅੰਗ 952)
(ਦ). ਹਿੰਦੂ ਅੰਨ੍ਹਾ ਤੁਰਕੂ ਕਾਣਾ ॥ ਗੋਂਡ (ਭ. ਨਾਮਦੇਵ/ਅੰਗ 875)
(ਧ). ਨਾ ਹਮ ਹਿੰਦੂ ਨ ਮੁਸਲਮਾਨ ॥  ਅਲਹ ਰਾਮ ਕੇ ਪਿੰਡੁ ਪਰਾਨ ॥ ਭੈਰਉ (ਮ:5/ਅੰਗ 1136)
(ਨ). ਸਚੁ ਵੇਖਣੁ ਸਚੁ ਬੋਲਣਾ, ਤਨੁ ਮਨੁ ਸਚਾ ਹੋਇ ॥ ਸਿਰੀਰਾਗੁ (ਮ:3/ਅੰਗ 69)
ਸਰੀਰਕ ਸੁਖ (ਸ਼ਾਂਤੀ) ਦੀ ਬਜਾਏ ਕਲਪਨਿਕ ਨਗਰੀ ਦਾ ਲਾਲਚ ਮਨੁੱਖਾ ਜਿੰਦਗੀ ਨੂੰ ਅਜਾਈਂ ਵਿਅਰਥ ਗਵਾਉਣਾ ਹੈ:-
ਕਵਨੁ ਨਰਕੁ ਕਿਆ ਸੁਰਗੁ ਬਿਚਾਰਾ, ਸੰਤਨ ਦੋਊ ਰਾਦੇ ॥ ਰਾਮਕਲੀ (ਭ. ਕਬੀਰ/ਅੰਗ 969)
ਮਰਨ ਉਪਰੰਤ ਸਦੀਵੀ ਮੁਕਤੀ ਦੀ ਆਰੰਭਤਾ ਜੀਵਨ ਕਾਲ ’ਚ ਆਪਣੇ ਹੱਥੀਂ ਆਪ ਕਰਨੀ ਹੈ:-
ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥ ਸਿਰੀਰਾਗੁ (ਭ. ਬੇਣੀ/ਅੰਗ 93) 
ਪ੍ਰਭੂ ਜੀ ਦੀ ਬਖ਼ਸ਼ੀ ਜਿੰਦਗੀ ’ਤੇ ਵਿਸ਼ਵਾਸ਼ ਨਾ ਹੋਣਾ, ਮਨੁੱਖਾ ਜੀਵਨ-ਸ਼ਾਂਤੀ ਲਈ ਨੁਕਸਾਨਦੇਹ ਹੈ:-
(ੳ). ਸੁੰਨਤਿ ਕੀਏ ਤੁਰਕੁ ਜੇ ਹੋਇਗਾ, ਅਉਰਤ ਕਾ ਕਿਆ ਕਰੀਐ ॥  ਅਰਧ ਸਰੀਰੀ ਨਾਰਿ ਨ ਛੋਡੈ, ਤਾ ਤੇ ਹਿੰਦੂ ਹੀ ਰਹੀਐ ॥ ਆਸਾ (ਭ. ਕਬੀਰ/ਅੰਗ 477)
(ਅ). ਨਾਪਾਕ ਪਾਕੁ ਕਰਿ ਹਦੂਰਿ ਹਦੀਸਾ, ਸਾਬਤ ਸੂਰਤਿ ਦਸਤਾਰ ਸਿਰਾ ॥ ਮਾਰੂ ਸੋਲਹੇ (ਮ:5/ਅੰਗ 1084)
ਬਾਹਰਲਾ ਇਸਨਾਨ ਕੇਵਲ ਸਰੀਰਕ ਸਫਾਈ ਹੈ ਨਾ ਕਿ ਮਨ ਦੀ ਸ਼ੁੱਧਤਾ ਜਾਂ ਬਦਲਾਵ:-
(ੳ). ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥ ਵਡਹੰਸ (ਮ:3/ਅੰਗ 558)

(ਅ). ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ ॥ ਮਾਝ ਕੀ ਵਾਰ (ਮ:1/ਅੰਗ 150)
(ੲ). ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥ ਆਸਾ ਕੀ ਵਾਰ (ਮ:1/ਅੰਗ 473)
(ਸ). ਕਾਇ ਕਮੰਡਲੁ ਕਾਪੜੀਆ ਰੇ ਅਠਸਠਿ ਕਾਇ ਫਿਰਾਹੀ ॥ ਗੂਜਰੀ (ਭ. ਤ੍ਰਿਲੋਚਨ/ਅੰਗ 526)
(ਹ). ਲਉਕੀ ਅਠਸਠਿ ਤੀਰਥ ਨਵਾਈ ॥ ਸੋਰਠਿ (ਭ. ਕਬੀਰ/ਅੰਗ 656)
(ਕ). ਅਠਸਠਿ ਤੀਰਥ ਜਹ ਸਾਧ ਪਗ ਧਰਹਿ ॥ ਰਾਮਕਲੀ (ਮ:5/ਅੰਗ 890)
ਆਕਾਰ ਪੂਜਾ ਨਾਲ ਨਿਰਾਕਾਰ ’ਤੋਂ ਦੂਰੀ ਬਣਾਉਣਾ ਜਾਂ ਟੁੱਟ ਜਾਣਾ ਹੈ:-
(ੳ). ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ ॥ ਸੋਰਠਿ (ਮ:5/ਅੰਗ 613) 
(ਭਾਵ ਪੈਦਾ ਕੀਤੇ ਆਕਾਰ ਨੂੰ ਲੋਕਾਂ ਨੇ ਮੇਰੂ ਪਰਬਤ ਵਾਂਗ ਵੱਡਾ ਸਮਝ ਲਿਆ ਜਦਕਿ ਜਿਸ ਨਿਰਾਕਾਰ ਪ੍ਰਭੂ ਜੀ ਨੇ ਇਹਨਾਂ ਪੂਜਨੀਕ ਆਕਾਰਾਂ ਨੂੰ ਬਣਾਇਆ ਉਸ ਨੂੰ ਸਮਾਜ ਨੇ ਘਾਹ ਦੇ ਤੀਲੇ ਵਾਂਗ ਮਾਮੂਲੀ ਜਿਹਾ ਹੀ ਸਮਝ ਰੱਖਿਆ ਹੈ।)
(ਅ). ਹਿੰਦੂ ਪੂਜੈ ਦੇਹੁਰਾ, ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ, ਜਹ ਦੇਹੁਰਾ ਨ ਮਸੀਤਿ ॥
ਗੋਂਡ (ਭ. ਨਾਮਦੇਵ/ਅੰਗ 875)
(ੲ). ਸੋ ਮੁਖੁ ਜਲਉ, ਜਿਤੁ ਕਹਹਿ ਠਾਕੁਰੁ ਜੋਨੀ ॥ ਭੈਰਉ (ਮ:5/ਅੰਗ 1136)
(ਸ). ਦੁਰਗਾ ਕੋਟਿ, ਜਾ ਕੈ ਮਰਦਨੁ ਕਰੈ ॥ ਭੈਰਉ (ਭ. ਕਬੀਰ/ਅੰਗ 1162)
(ਹ). ਕੋਟਿ ਤੇਤੀਸਾ ਦੇਵਤੇ, ਸਣੁ ਇੰਦ੍ਰੈ ਜਾਸੀ ॥ ਮਾਰੂ ਵਾਰ:2 (ਮ:5/ਅੰਗ 1100) ਆਦਿ।
(ਭਾਗ ਨੰ. 3). ਵਿਗਿਆਨਕ ਸੋਚ ਦੇ ਅਧਾਰ ’ਤੇ:- ਨੋਟ-ਇਸ ਵਿਸ਼ੇ ਨੂੰ ਸਮਝਣ ਲਈ ਇਸ ਦਾ ਪਹਿਲਾ ਭਾਗ ‘ਵਿਆਪਕ ਜੋਤਿ’ ਨੂੰ ਵਿਸਥਾਰ ਨਾਲ ਵੀਚਾਰਨਾ ਜਰੂਰੀ ਹੈ ਕਿਉਂਕਿ ਕੁਝ ਸੱਜਣ ਪ੍ਰਮਾਤਮਾ ਦੀ ਸਰਬ ਵਿਆਪਕਤਾ ਨੂੰ ਤੱਤ (ਅੱਗ, ਪਾਣੀ, ਹਵਾ, ਧਰਤੀ ਅਤੇ ਆਕਾਸ) ਰੂਪ ’ਚ ਮੰਨਦੇ ਹਨ ਜਿਸ ਕਾਰਨ ਪ੍ਰਮਾਤਮਾ ਅਦ੍ਰਿਸ਼ ਸ਼ਕਤੀ ਨਾ ਹੋ ਕੇ ਸਿਸਟਮ ਰੂਪ ’ਚ ਪ੍ਰਚਾਰਨਾ ਆਰੰਭ ਕਰ ਦਿੱਤਾ ਗਿਆ ਹੈ। ਜਦਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭਕ ਵਾਕ ਹੀ ਇਉਂ ਹੈ-ਆਦਿ ਸਚੁ ਜੁਗਾਦਿ ਸਚੁ ॥  ਹੈ ਭੀ ਸਚੁ ਨਾਨਕ! ਹੋਸੀ ਭੀ ਸਚੁ ॥1॥  ਜਪੁ (ਮ:1/ਅੰਗ 1) ਜਿਸ ਦੇ ਭਾਗ ‘ਆਦਿ, ਜੁਗਾਦਿ ਸਚੁ ਅਤੇ ਹੋਸੀ ਭੀ ਸਚੁ’ ’ਤੋਂ ਇਲਾਵਾ ਕੇਵਲ ‘ਹੈ ਭੀ ਸਚੁ’ ਨੂੰ ਵੀਚਾਰਿਆਂ ਇਉਂ ਮਾਲੂਮ ਜਾਪਦਾ ਹੈ:-
(ੳ). ਪੰਚ ਤਤ ਰਚਿ, ਜੋਤਿ ਨਿਵਾਜਿਆ ॥ ਪ੍ਰਭਾਤੀ (ਮ:5/ਅੰਗ 1337) (ਭਾਵ ਪੰਜ ਤੱਤ ਅਲੱਗ ਹਨ ਅਤੇ ਜੋਤ ਅਲੱਗ ਹੈ।)
(ਅ). ਮਨ ਮਹਿ ਜੋਤਿ, ਜੋਤਿ ਮਹਿ ਮਨੂਆ, ਪੰਚ ਮਿਲੇ ਗੁਰ ਭਾਈ ॥ ਰਾਮਕਲੀ (ਮ:1/ਅੰਗ 879) (ਭਾਵ ਮਨ ਅਤੇ ਜੋਤ ਅਲੱਗ-ਅਲੱਗ ਹੈ।)
(ੲ). ਮਾਟੀ ਮਹਿ, ਜੋਤਿ ਰਖੀ ਨਿਵਾਜਿ ॥ ਗੋਂਡ (ਮ:5/ਅੰਗ 862) (ਭਾਵ ਸਰੀਰਕ ਹੋਂਦ, ਪੰਜ ਤੱਤ ਅਲੱਗ ਹੈ ਅਤੇ ਜੋਤ ਅਲੱਗ ਹੈ।)
(ਸ). ਮਨੁ ਤਨੁ ਮੈਲਾ, ਵਿਚਿ ਜੋਤਿ ਅਪਾਰਾ ॥ ਮਾਰੂ ਸੋਲਹੇ (ਮ:3/ਅੰਗ 1053) (ਭਾਵ ਮਨ, ਤਨ ਅਤੇ ਜੋਤ ਅਲੱਗ-ਅਲੱਗ ਹੈ।)
(ਹ). ਹਭ ਸਮਾਣੀ ਜੋਤਿ, ਜਿਉ ਜਲ ਘਟਾਊ ਚੰਦ੍ਰਮਾ ॥ ਮਾਰੂ ਵਾਰ:2 (ਮ:5/ਅੰਗ 1099) (ਭਾਵ ਜਿਵੇਂ ਘੜੇ ’ਚ ਪਏ ਪਾਣੀ ’ਚ ਚੰਦ ਵਿਖਾਈ ਦੇਂਦੇ ਹੈ ਉਸ ਤਰ੍ਹਾਂ ਪੰਜ ਤੱਤਾਂ ਦੇ ਸਰੀਰਕ ’ਚ ਜੋਤ ਅਲੱਗ ਵਿਖਾਈ ਦੇਂਦੀ ਹੈ।)
(ਕ). ਕਾਚੇ ਭਾਡੇ ਸਾਜਿ ਨਿਵਾਜੇ, ਅੰਤਰਿ ਜੋਤਿ ਸਮਾਈ ॥ ਰਾਮਕਲੀ (ਮ:5/ਅੰਗ 882)
(ਖ). ਏ ਸਰੀਰਾ ਮੇਰਿਆ!  ਹਰਿ ਤੁਮ ਮਹਿ ਜੋਤਿ ਰਖੀ, ਤਾ ਤੂ ਜਗ ਮਹਿ ਆਇਆ ॥ ਰਾਮਕਲੀ ਅਨੰਦ (ਮ:3/ਅੰਗ 921)
(ਗ). ਇਹੁ ਸਰੀਰੁ ਸਭੁ ਧਰਮੁ ਹੈ, ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥ ਗਉੜੀ ਕੀ ਵਾਰ:1 (ਮ:4/ਅੰਗ 309)
(ਘ). ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ, ਜੋਤਿ ਰਾਖੀ ਤਾ ਤੂ ਜਗ ਮਹਿ ਆਇਆ ॥ ਰਾਮਕਲੀ ਅਨੰਦ (ਮ:3/ਅੰਗ 921)
(ਙ). ਏਕਾ ਮਾਟੀ ਏਕਾ ਜੋਤਿ ॥ ਗਉੜੀ (ਮ:5/ਅੰਗ 188) 
(ਚ). ਜੋਤਿ ਦਾਤਿ ਜੇਤੀ ਸਭ ਤੇਰੀ,  ਤੂ ਕਰਤਾ ਸਭ ਠਾਈ ਹੇ ॥4॥ ਮਾਰੂ ਸੋਲਹੇ (ਮ:1/ਅੰਗ 1022)
(ਛ). ਜੀਅ ਕੀ ਜੋਤਿ ਨ ਜਾਨੈ ਕੋਈ ॥ ਪ੍ਰਭਾਤੀ (ਭ. ਨਾਮਦੇਵ/ਅੰਗ 1351) (ਭਾਵ ਅੰਦਰੂਨੀ ਜੋਤ ਦੀ ਸਮਝ ਦੁਨਿਆਵੀ ਜੀਵ ਨਹੀਂ ਸਮਝਦਾ ਹੈ। )
(ਜ). ਅਗਨਿ ਪਾਣੀ ਜੀਉ ਜੋਤਿ ਤੁਮਾਰੀ!  ਸੁੰਨੇ ਕਲਾ ਰਹਾਇਦਾ ॥2॥ ਮਾਰੂ ਸੋਲਹੇ (ਮ:1/ਅੰਗ 1037)
(ਜ). ਜੋਤਿ ਓਹਾ, ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ ॥ ਰਾਮਕਲੀ ਕੀ ਵਾਰ:3 (ਬਲਵੰਡ ਸਤਾ/ਅੰਗ 966) (ਭਾਵ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੀ ਨਿਰਮਲ ਜੋਤ ਅਤੇ ਜੁਗਤੀ ਇੱਕ ਸਮਾਨ ਸੀ।)
(ਜ). ਜੋਤਿ ਸਮਾਣੀ ਜੋਤਿ ਮਾਹਿ, ਆਪੁ ਆਪੈ ਸੇਤੀ ਮਿਕਿਓਨੁ ॥ ਰਾਮਕਲੀ ਕੀ ਵਾਰ:3 (ਬਲਵੰਡ ਸਤਾ/ਅੰਗ 967) 
(ਜ). ਰਾਮਦਾਸਿ ਗੁਰੂ ਜਗ ਤਾਰਨ ਕਉ, ਗੁਰ ਜੋਤਿ ਅਰਜੁਨ ਮਾਹਿ ਧਰੀ ॥ ਸਵਈਏ ਮਹਲੇ ਪੰਜਵੇਂ ਕੇ (ਭਟ ਮਥੁਰਾ/ਅੰਗ 1409)
 ਗੋਂਡ ॥ ਨਾ ਇਹੁ ਮਾਨਸੁ, ਨਾ ਇਹੁ ਦੇਉ ॥  ਨਾ ਇਹੁ ਜਤੀ ਕਹਾਵੈ ਸੇਉ ॥  ਨਾ ਇਹੁ ਜੋਗੀ, ਨਾ ਅਵਧੂਤਾ ॥  ਨਾ ਇਸੁ ਮਾਇ, ਨ ਕਾਹੂ ਪੂਤਾ ॥1॥  ਇਆ ਮੰਦਰ ਮਹਿ ਕੌਨ ਬਸਾਈ ॥ ਤਾ ਕਾ ਅੰਤੁ ਨ ਕੋਊ ਪਾਈ ॥1॥ ਰਹਾਉ ॥  ਨਾ ਇਹੁ ਗਿਰਹੀ, ਨਾ ਓਦਾਸੀ ॥  ਨਾ ਇਹੁ ਰਾਜ, ਨ ਭੀਖ ਮੰਗਾਸੀ ॥  ਨਾ ਇਸੁ ਪਿੰਡੁ, ਨ ਰਕਤੂ ਰਾਤੀ ॥  ਨਾ ਇਹੁ ਬ੍ਰਹਮਨੁ, ਨਾ ਇਹੁ ਖਾਤੀ ॥2॥  ਨਾ ਇਹੁ ਤਪਾ ਕਹਾਵੈ ਸੇਖੁ ॥  ਨਾ ਇਹੁ ਜੀਵੈ, ਨ ਮਰਤਾ ਦੇਖੁ ॥ ਇਸੁ ਮਰਤੇ ਕਉ ਜੇ ਕੋਊ ਰੋਵੈ ॥  ਜੋ ਰੋਵੈ ਸੋਈ ਪਤਿ ਖੋਵੈ ॥3॥  ਗੁਰ ਪ੍ਰਸਾਦਿ ਮੈ ਡਗਰੋ ਪਾਇਆ ॥  ਜੀਵਨ ਮਰਨੁ ਦੋਊ ਮਿਟਵਾਇਆ ॥  ਕਹੁ ਕਬੀਰ! ਇਹੁ ਰਾਮ ਕੀ ਅੰਸੁ ॥  ਜਸ ਕਾਗਦ ਪਰ ਮਿਟੈ ਨ ਮੰਸੁ ॥ ਗੋਂਡ (ਭ. ਕਬੀਰ/ਅੰਗ 871)
ਇਸ ਜੋਤ ਰੂਪ ’ਚ ਹੀ ਪ੍ਰਮਾਤਮਾ ਨੂੰ ਵਿਆਪਕ ਵੇਖਣ ਦਾ ਉਪਦੇਸ਼ ਗੁਰੂ ਜੀ ਕਰ ਰਹੇ ਹਨ:-
ਏਕ ਅਨੇਕ ਬਿਆਪਕ ਪੂਰਕ, ਜਤ ਦੇਖਉ ਤਤ ਸੋਈ ॥ ਆਸਾ (ਭ. ਨਾਮਦੇਵ/ਅੰਗ 485)
ਬਿਆਪਿਕ ਰਾਮ ਸਗਲ ਸਾਮਾਨ ॥14॥ ਗਉੜੀ ਥਿਤੀ (ਭ. ਕਬੀਰ/ਅੰਗ 344)
ਸਰਬ ਬਿਆਪਿਕ ਅੰਤਰ ਹਰੀ ॥ ਮਲਾਰ (ਭ. ਨਾਮਦੇਵ/ਅੰਗ 1292)
ਸਭ ਮਹਿ ਜੋਤਿ, ਜੋਤਿ ਹੈ ਸੋਇ ॥ ਸੋਹਿਲਾ ਧਨਾਸਰੀ (ਮ:1/ਅੰਗ 13)
ਜਲ ਤੇ ਤ੍ਰਿਭਵਣੁ ਸਾਜਿਆ, ਘਟਿ ਘਟਿ ਜੋਤਿ ਸਮੋਇ ॥ ਸਿਰੀਰਾਗੁ (ਮ:1/ਅੰਗ 19)
ਘਟਿ ਘਟਿ ਜੋਤਿ ਨਿਰੰਤਰੀ, ਬੂਝੈ ਗੁਰਮਤਿ ਸਾਰੁ ॥ ਸਿਰੀਰਾਗੁ (ਮ:1/ਅੰਗ 20)
ਜੋਤਿ ਨਿਰੰਤਰਿ ਜਾਣੀਐ, ਨਾਨਕ! ਸਹਜਿ ਸੁਭਾਇ ॥  ਸਿਰੀਰਾਗੁ (ਮ:1/ਅੰਗ 55)
ਸਭ ਏਕਾ ਜੋਤਿ, ਜਾਣੈ ਜੇ ਕੋਈ ॥ ਮਾਝ (ਮ:3/ਅੰਗ 120)
ਨਿਰਮਲ ਜੋਤਿ,  ਸਭ ਮਾਹਿ ਸਮਾਣੀ ॥ ਮਾਝ (ਮ:3/ਅੰਗ 121)
ਸਭ ਇਕਾ ਜੋਤਿ ਵਰਤੈ ਭਿਨਿ ਭਿਨਿ, ਨ ਰਲਈ ਕਿਸੈ ਦੀ ਰਲਾਈਆ ॥ ਮਾਝ (ਮ:4/ਅੰਗ 96)
ਏਕਾ ਜੋਤਿ, ਜੋਤਿ ਹੈ ਸਰੀਰਾ ॥ ਮਾਝ (ਮ:3/ਅੰਗ 125)
ਜਿਚਰੁ ਤੇਰੀ ਜੋਤਿ, ਤਿਚਰੁ ਜੋਤੀ ਵਿਚਿ ਤੂੰ ਬੋਲਹਿ, ਵਿਣੁ ਜੋਤੀ, ਕੋਈ ਕਿਛੁ ਕਰਿਹੁ ਦਿਖਾ, ਸਿਆਣੀਐ ॥ ਮਾਝ ਕੀ ਵਾਰ (ਮ:2/ਅੰਗ 138)
ਪ੍ਰਭ ਕੀ ਜੋਤਿ, ਸਗਲ ਘਟ ਸੋਹੈ ॥ ਗਉੜੀ ਸੁਖਮਨੀ (ਮ:5/ਅੰਗ 28)
ਸਰਬ ਜੋਤਿ ਮਹਿ, ਜਾ ਕੀ ਜੋਤਿ ॥ ਗਉੜੀ ਸੁਖਮਨੀ (ਮ:5/ਅੰਗ 294)
ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ ॥ ਆਸਾ (ਮ:1/ਅੰਗ 349)
ਸਰਬ ਜੋਤਿ ਪੂਰਨ ਭਗਵਾਨੁ ॥ ਆਸਾ (ਮ:1/ਅੰਗ 352)
ਤ੍ਰਿਭਵਣ ਮਹਿ ਜੋਤਿ, ਤ੍ਰਿਭਵਣ ਮਹਿ ਜਾਣਿਆ ॥ ਆਸਾ (ਮ:1/ਅੰਗ 352)
ਜੋਤੀ ਜੋਤਿ ਮਿਲਾਵਣਹਾਰਾ ॥ ਆਸਾ (ਮ:1/ਅੰਗ 411)
ਮਨ! ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ ॥ ਆਸਾ (ਮ:3/ਅੰਗ 441)
ਇਕਤੁ ਸੂਤਿ ਪਰੋਇ, ਜੋਤਿ ਸੰਜਾਰੀਐ ॥ ਗੂਜਰੀ ਕੀ ਵਾਰ:2 (ਮ:5/ਅੰਗ 518)
ਜਹ ਜਹ ਦੇਖਾ, ਤਹ ਜੋਤਿ ਤੁਮਾਰੀ, ਤੇਰਾ ਰੂਪੁ ਕਿਨੇਹਾ ॥ ਸੋਰਠਿ (ਮ:1/ਅੰਗ 596)
ਊਚ ਨੀਚ ਮਹਿ ਜੋਤਿ ਸਮਾਣੀ, ਘਟਿ ਘਟਿ ਮਾਧਉ ਜੀਆ ॥ ਸੋਰਠਿ (ਮ:5/ਅੰਗ 617)
ਜਬ ਲਗੁ ਜੋਤਿ, ਕਾਇਆ ਮਹਿ ਬਰਤੈ, ਆਪਾ ਪਸੂ ਨ ਬੂਝੈ ॥ ਧਨਾਸਰੀ (ਭ. ਕਬੀਰ/ਅੰਗ 692)
ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ! ਤਬ ਕੋਈ ਕਰਉ ਦਿਖਾ, ਵਖਿਆਨਾ ॥ ਬਿਲਾਵਲੁ (ਮ:3/ ਅੰਗ 797)
ਸੁਣਿ ਸੁਣਿ ਮਾਨੈ, ਵੇਖੈ ਜੋਤਿ ॥ ਬਿਲਾਵਲੁ (ਮ:1/ਅੰਗ 831)
ਘਟ ਘਟ ਅੰਤਰਿ, ਜਿਸ ਕੀ ਜੋਤਿ ਸਮਾਨੀ ॥ ਬਿਲਾਵਲੁ (ਮ:3/ਅੰਗ 832)
ਰਾਮ ਨਾਮੁ ਹੈ ਜੋਤਿ ਸਬਾਈ, ਗੁਰਮੁਖਿ ਆਪੇ ਅਲਖੁ ਲਖਈਆ ॥ ਬਿਲਾਵਲੁ (ਮ:4/ਅੰਗ 833)
ਜੋਤੀ ਜੋਤਿ ਰਲੀ, ਸੰਪੂਰਨੁ ਥੀਆ ਰਾਮ ॥ ਬਿਲਾਵਲੁ (ਮ:5/ਅੰਗ 846)
ਮੂਰਖੁ ਸਿਆਣਾ ਏਕੁ ਹੈ, ਏਕ ਜੋਤਿ ਦੁਇ ਨਾਉ ॥ ਮਾਰੂ (ਮ:1/ਅੰਗ 1015)
ਸਰਬ ਜੀਆ ਜਗਿ ਜੋਤਿ ਤੁਮਾਰੀ!  ਜੈਸੀ ਪ੍ਰਭਿ ਫੁਰਮਾਈ ਹੇ ॥11॥ ਮਾਰੂ ਸੋਲਹੇ (ਮ:1/ਅੰਗ 1021)
ਤ੍ਰਿਭਵਣ ਜੋਤਿ ਧਰੀ ਪਰਮੇਸਰਿ, ਅਵਰੁ ਨ ਦੂਜਾ ਭਾਈ ਹੇ ॥1॥ ਮਾਰੂ ਸੋਲਹੇ (ਮ:1/ਅੰਗ 1024)
ਸਰਬ ਜੋਤਿ ਤੇਰੀ, ਪਸਰਿ ਰਹੀ ॥ ਰਾਮਕਲੀ (ਮ:1/ਅੰਗ 876)
ਅੰਡਜ ਜੇਰਜ ਸੇਤਜ ਉਤਭੁਜ, ਘਟਿ ਘਟਿ ਜੋਤਿ ਸਮਾਣੀ ॥ ਤੁਖਾਰੀ ਬਾਰਹਮਾਹਾ (ਮ:1/ਅੰਗ 1109)
ਜਿਉ ਪਸਰੀ ਸੂਰਜ ਕਿਰਣਿ ਜੋਤਿ ॥ ਬਸੰਤੁ (ਮ:4/ਅੰਗ 1177)
ਸਭ ਜੋਤਿ ਤੇਰੀ, ਜਗਜੀਵਨਾ!  ਤੂ ਘਟਿ ਘਟਿ ਹਰਿ ਰੰਗ ਰੰਗਨਾ ॥ ਕਾਨੜੇ ਕੀ ਵਾਰ (ਮ:4/ਅੰਗ 1313)
ਸਭ ਤੇਰੀ ਜੋਤਿ, ਜੋਤੀ ਵਿਚਿ ਵਰਤਹਿ, ਗੁਰਮਤੀ ਤੁਧੈ ਲਾਵਣੀ ॥ ਕਾਨੜੇ ਕੀ ਵਾਰ (ਮ:4/ਅੰਗ 1314)
ਜੋਤੀ ਜੋਤਿ ਮਿਲਾਇ, ਜੋਤਿ ਰਲਿ ਜਾਵਹਗੇ ॥ ਕਲਿਆਨ (ਮ:4/ਅੰਗ 1321)
ਜੋਤਿ ਬਿਨਾ ਜਗਦੀਸ ਕੀ, ਜਗਤੁ ਉਲੰਘੇ ਜਾਇ ॥ ਸਲੋਕ (ਭ. ਕਬੀਰ/ਅੰਗ 1370)
ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਅਗਰ ਸਾਰੇ ਸਰੀਰਾਂ ’ਚ ਪ੍ਰਮਾਤਮਾ ਦੀ ਜੋਤ ਹੈ ਤਾਂ ਕਿਸੇ ਦੀ ਸਰੀਰਕ ਮੋਤ ’ਤੋਂ ਉਪਰੰਤ ਉਹ ਜੋਤ ਕਿੱਥੇ ਚਲੀ ਜਾਂਦੀ ਹੈ? ਪ੍ਰਭੂ ’ਚ ਲੀਨ ਜਾਂ ਜੂਨਾਂ ’ਚ। ਗੁਰੂ ਨਾਨਕ ਦੇਵ ਜੀ ਵੱਲੋਂ ਬਖ਼ਸ਼ਸ਼ ਕੀਤੇ ਗਏ ‘ਜਪੁ ਅਤੇ ਆਸਾ ਦੀ ਵਾਰ’ ਰਾਹੀਂ ਨਿਤਨੇਮ ਦਾ ਭਾਗ ਬਣਾਏ ਇਹ ਪਾਵਨ ਵਾਕ ਇਸ ਤਰ੍ਹਾਂ ਫੁਰਮਾ ਰਹੇ ਹਨ:- ਇਕਨਾ ਹੁਕਮੀ ਬਖਸੀਸ, ਇਕਿ ਹੁਕਮੀ ਸਦਾ ਭਵਾਈਅਹਿ ॥ ਜਪੁ (ਮ:1/ਅੰਗ 1)
ਇਕਨ੍ਹਾ ਹੁਕਮਿ ਸਮਾਇ ਲਏ, ਇਕਨ੍ਹਾ ਹੁਕਮੇ ਕਰੇ ਵਿਣਾਸੁ ॥ ਆਸਾ ਕੀ ਵਾਰ (ਮ:1/ਅੰਗ 463)  ਭਾਵ ਕਈਆਂ ਨੂੰ ਆਪਣੇ ’ਚ ਲੀਨ ਕਰ ਲੈਂਦਾ ਹੈ ਅਤੇ ਕਈਆਂ ਨੂੰ ਜੂਨਾਂ ’ਚ ਘੁਮਾਉਂਦਾ ਹੈ। ਹੋਰ ਉਦਾਹਰਣ ਵੇਖੋ:-
ਫਿਰਿ ਫਿਰਿ ਜੂਨਿ ਭਵਾਈਅਨਿ, ਜਮ ਮਾਰਗਿ ਮੁਤੇ ॥ ਗਉੜੀ ਕੀ ਵਾਰ:2 (ਮ:5/ਅੰਗ 321)
ਓਇ ਮਾਣਸ ਜੂਨਿ ਨ ਆਖੀਅਨਿ, ਪਸੂ ਢੋਰ ਗਾਵਾਰ ॥ ਸਲੋਕ ਵਾਰਾਂ ਤੇ ਵਧੀਕ (ਮ:3/ਅੰਗ 1418) (ਭਾਵ ਮਾਨਸ ਜਨਮ ਇੱਕ ਜੂਨੀ ਹੈ)
ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ, ਕਾਲਾ ਹੋਆ ਸਿਆਹੁ ॥ ਸੋਰਠਿ ਕੀ ਵਾਰ (ਮ:3/ਅੰਗ 651)
ਚਾਰਿ ਪਾਵ ਦੁਇ ਸਿੰਗ ਗੁੰਗ ਮੁਖ, ਤਬ ਕੈਸੇ ਗੁਨ ਗਈਹੈ ॥ ਗੂਜਰੀ (ਭ. ਕਬੀਰ/ਅੰਗ 524) 
ਚਿਤਿ ਨ ਆਇਓ ਪਾਰਬ੍ਰਹਮੁ, ਤਾ ਸਰਪ ਕੀ ਜੂਨਿ ਗਇਆ ॥ ਸਿਰੀਰਾਗੁ (ਮ:5/ਅੰਗ 70) 
ਗੂਜਰੀ ॥  ਅੰਤਿ ਕਾਲਿ ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ ॥  ਸਰਪ ਜੋਨਿ, ਵਲਿ ਵਲਿ ਅਉਤਰੈ ॥1॥  ਅਰੀ ਬਾਈ! ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥  ਅੰਤਿ ਕਾਲਿ, ਜੋ ਇਸਤ੍ਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ ॥  ਬੇਸਵਾ ਜੋਨਿ, ਵਲਿ ਵਲਿ ਅਉਤਰੈ ॥2॥  ਅੰਤਿ ਕਾਲਿ, ਜੋ ਲੜਿਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ, ਵਲਿ ਵਲਿ ਅਉਤਰੈ ॥3॥  ਅੰਤਿ ਕਾਲਿ, ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ ॥  ਪ੍ਰੇਤ ਜੋਨਿ, ਵਲਿ ਵਲਿ ਅਉਤਰੈ ॥4॥  ਅੰਤਿ ਕਾਲਿ, ਨਾਰਾਇਣੁ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ ॥  ਬਦਤਿ ਤਿਲੋਚਨੁ, ਤੇ ਨਰ ਮੁਕਤਾ, ਪੀਤੰਬਰੁ ਵਾ ਕੇ ਰਿਦੈ ਬਸੈ ॥5॥ ਗੂਜਰੀ (ਭ. ਤ੍ਰਿਲੋਚਨ/ਅੰਗ 526)
  ਵੀਚਾਰਨ ਯੋਗ ਨੁਕਤਾ ਇਹ ਵੀ ਹੈ ਕਿ ਜਦ ਪ੍ਰਮਾਤਮਾ ਜੋਤ ਰੂਪ ਸ਼ਕਤੀ ਰਾਹੀਂ ਹਰ ਇੱਕ ’ਚ ਵਿਆਪਕ ਹੈ ਤਾਂ ਜੋਤ ਰੂਪ ’ਚ ਗੁਰੂ ਜੀ ਵੀ ਸਾਡੀ ਅਗਵਾਈ ਸਦੀਵੀ ਕਰ ਰਹੇ ਹਨ ਨਾ ਕਿ ਕੇਵਲ ਗਿਆਨ ਰੂਪ ਗ੍ਰੰਥ ਰਾਹੀਂ।
ਗੁਰਿ ਤੀਜੀ ਪੀੜੀ ਵੀਚਾਰਿਆ, ਕਿਆ ਹਥਿ ਏਨਾ ਵੇਚਾਰੇ ॥ ਗਉੜੀ ਕੀ ਵਾਰ:1 (ਮ:4/ਅੰਗ 307)
ਗੁਰੁ ਚਉਥੀ ਪੀੜੀ ਟਿਕਿਆ, ਤਿਨਿ ਨਿੰਦਕ ਦੁਸਟ ਸਭਿ ਤਾਰੇ ॥ ਗਉੜੀ ਕੀ ਵਾਰ:1 (ਮ:4/ਅੰਗ 307)
ਹਰਿ ਜੁਗਹ ਜੁਗੋ, ਜੁਗ ਜੁਗਹ ਜੁਗੋ,  ਸਦ ਪੀੜੀ ਗੁਰੂ ਚਲੰਦੀ ॥ ਸਿਰੀਰਾਗੁ (ਮ:4/ਅੰਗ 79)
ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ, ਜਿਨੀ ਗੁਰਮੁਖਿ ਨਾਮੁ ਧਿਆਇਆ ॥ ਸਿਰੀਰਾਗੁ (ਮ:4/ਅੰਗ 79)
ਵਧੀ ਵੇਲਿ ਬਹੁ ਪੀੜੀ ਚਾਲੀ ॥ ਆਸਾ (ਮ:5/ਅੰਗ 396) (ਭਾਵ ਗੁਰੂ ਅਤੇ ਸਿੱਖ ਰੂਪ ’ਚ ਵੰਸ਼ ਬਹੁਤ ਵਧ ਗਿਆ।)
 ਗੁਰੂ ਅਤੇ ਪ੍ਰਮਾਤਮਾ ਦੀ ਸ਼ਕਤੀ ਮਨੁੱਖਾ ਜੂਨੀ ਦੇ ਕਲਿਆਣ ਲਈ ਬਰਾਬਰ ਦਾ ਦਰਜਾ ਰੱਖਦੀ ਹੈ:-
ਗੁਰੁ ਪਰਮੇਸਰੁ ਏਕੋ ਜਾਣੁ ॥ ਗੋਂਡ (ਮ:5/ਅੰਗ 864)
ਸਦੀਵੀ ਖਸਮ ਪ੍ਰਭੂ ਨਾਲ ਮਿਲਾਉਣ ਲਈ ਸਦੀਵੀ ਵਿਚੋਲਾ ਗੁਰੂ ਵੀ ਚਾਹੀਦਾ ਹੈ:-
ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ, ਜੈ ਮਿਲਿ ਕੰਤੁ ਪਛਾਣਾ ॥ ਰਾਮਕਲੀ ਕੀ ਵਾਰ:2 (ਮ:5/ਅੰਗ 964)
ਜਨੁ ਨਾਨਕੁ ਅਨਦਿਨੁ ਹਰਿ ਗੁਣ ਗਾਵੈ, ਮਿਲਿ ਸਤਿਗੁਰ ਗੁਰ ਵੇਚੋਲੀ ॥ ਗਉੜੀ (ਮ:4/ਅੰਗ 169)
ਮੈ ਮੇਲੇ ਮਿਤ੍ਰੁ ਸਤਿਗੁਰੁ ਵੇਚੋਲੇ ਜੀਉ ॥ ਗਉੜੀ (ਮ:4/ਅੰਗ 173)
ਜਦ ਗੁਰੂ ਜੀ ਅਤੇ ਪ੍ਰਮਾਤਮਾ ਜੀ ਇੱਕ ਰੂਪ ਹਨ ਤਾਂ ਬਖ਼ਸ਼ਸ਼ ਲਈ ਬੇਨਤੀ ਦੀ ਵੀ ਜਰੂਰੀ ਹੈ:-
ਨਾਨਕ ਕੀ ਪ੍ਰਭ ਪਾਹਿ ਬਿਨੰਤੀ, ਕਾਟਹੁ ਅਵਗੁਣ ਮੇਰੇ ॥ ਸੋਰਠਿ (ਮ:5/ਅੰਗ 615)
ਕਰ ਜੋੜਿ ਗੁਰ ਪਹਿ ਕਰਿ ਬਿਨੰਤੀ, ਰਾਹੁ ਪਾਧਰੁ ਗੁਰੁ ਦਸੈ ॥6॥ ਸੂਹੀ (ਮ:1/ਅੰਗ 767)
ਕਰ ਜੋੜਿ ਪ੍ਰਭ ਪਹਿ ਕਰਿ ਬਿਨੰਤੀ, ਮਿਲੈ ਹਰਿ ਜਸੁ ਲਾਹਾ ॥ ਬਿਲਾਵਲੁ (ਮ:5/ਅੰਗ 845)
ਗੁਰੂ ਜੀ ਅਤੇ ਰੱਬ ਜੀ ਦੀ ਬਖ਼ਸ਼ਸ਼ ’ਤੋਂ ਬਿਨਾ ਜੀਵ ਆਪਣੀ ਮੰਜਿਲ ਸਰ ਨਹੀਂ ਕਰ ਸਕਦਾ:-
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥ ਜਪੁ (ਮ:1/ਅੰਗ 1)
ਅਮੁਲੁ ਬਖਸੀਸ ਅਮੁਲੁ ਨੀਸਾਣੁ ॥ ਜਪੁ (ਮ:1/ਅੰਗ 5)
ਜਿਥੈ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ ॥ ਸਿਰੀਰਾਗੁ (ਮ:1/ਅੰਗ 15)
ਇਹ ਬਖਸੀਸ ਖਸਮ ਤੇ ਪਾਵਾ ॥ ਮਾਰੂ ਸੋਲਹੇ (ਮ:5/ਅੰਗ 1077)
(ਨੋਟ-ਭਾਗ ਨੰ.3 ’ਚ ਬਿਆਨ ਕੀਤੀ ਗਈ ਗੁਰੂ ਸਿਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਭ ’ਤੋਂ ਵੱਡੀ ਰੁਕਾਵਟ ਅੱਜ ਤੱਕ ਮੰਨਿਆ ਗਿਆ ਉਹ ਅਪੂਰਨ ਵਿਗਿਆਨਕ ਦ੍ਰਿਸ਼ਟੀਕੌਣ ਹੈ ਜੋ ਰੱਬ ਦੀ ਹੋਂਦ, ਗੁਰੂ ਦੀ ਹੋਂਦ, ਬਖ਼ਸ਼ਸ਼, ਅਰਦਾਸ, ਜੂਨਾਂ ਆਦਿ ਅਦ੍ਰਿਸ਼ ਵਿਸ਼ਿਆਂ ਦਾ ਵਿਰੋਧ ਕਰਦਾ ਹੈ ਜਦਕਿ ਪੁਰਾਤਨ ਰੁੜ੍ਹੀਵਾਦੀ ਵਿਚਾਰਧਾਰਾ ਇਹਨਾਂ ਵਿਸ਼ਿਆਂ ’ਤੇ ਗੁਰਮਤਿ ਨੂੰ ਸਹਿਯੋਗ ਕਰਦੀ ਹੈ ਪਰ ਕੁਝ ਗੁਰਸਿੱਖ ਪ੍ਰਚਾਰਕ ਅਜੋਕੇ ਵਿਗਿਆਨਕ ਦ੍ਰਿਸ਼ਟੀਕੌਣ ਦੀ ਚਨੌਤੀ ਨੂੰ ਸਵੀਕਾਰ ਕਰਨ ਦੀ ਬਜਾਏ ਅੱਖਾਂ ਬੰਦ ਕਰਕੇ ਹਰ ਵਿਸ਼ੇ ’ਤੇ ਬ੍ਰਹਮਣਵਾਦ ਦੇ ਪਿੱਛੇ ਪੈਣਾ ਹੀ ਅਸਲ ਵਿਦਿਵਤਾ ਮੰਨੀ ਬੈਠੈ ਹਨ। ਅਦ੍ਰਿਸ਼ ਵਿਸ਼ਿਆਂ ’ਤੇ ਗੁਰੂ ਜੀ ਅਤੇ ਪ੍ਰਭੂ ਜੀ ਪ੍ਰਤੀ ਸ਼ਰਧਾ ਬਣਾਏ ਰੱਖਣ ਲਈ ਗੁਰਬਾਣੀ ਉਪਦੇਸ਼ ਹਨ:-
ਹਰਿ ਜਨ ਕੇ ਵਡ ਭਾਗ ਵਡੇਰੇ, ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥ ਸੋਦਰੁ ਗੂਜਰੀ (ਮ:4/ਅੰਗ 10)
ਸਤਿਗੁਰੁ ਹੋਇ ਦਇਆਲੁ, ਤ ਸਰਧਾ ਪੂਰੀਐ ॥ ਮਾਝ ਕੀ ਵਾਰ (ਮ:1/ਅੰਗ 149)
ਪਾਰਬ੍ਰਹਮ! ਮੇਰੀ ਸਰਧਾ ਪੂਰਿ ॥ ਗਉੜੀ ਸੁਖਮਨੀ (ਮ:5/ਅੰਗ 289)
ਜੋ ਜੋ ਸੁਨੈ ਪੇਖੈ ਲਾਇ ਸਰਧਾ, ਤਾ ਕਾ ਜਨਮ ਮਰਨ ਦੁਖੁ ਭਾਗੈ ॥ ਆਸਾ (ਮ:5/ਅੰਗ 381)
ਭਗਤ ਜਨਾ ਕਉ ਸਰਧਾ, ਆਪਿ ਹਰਿ ਲਾਈ ॥ ਗੂਜਰੀ (ਮ:4/ਅੰਗ 494)
ਤੂ ਵਡ ਦਾਤਾ ਅੰਤਰਜਾਮੀ!  ਮੇਰੀ ਸਰਧਾ ਪੂਰਿ ਹਰਿ ਰਾਇਆ ॥ ਵਡਹੰਸ (ਮ;4/ਅੰਗ 573)
ਤਹਾ ਬੈਕੁੰਠੁ, ਜਹ ਕੀਰਤਨੁ ਤੇਰਾ, ਤੂੰ ਆਪੇ ਸਰਧਾ ਲਾਇਹਿ ॥ ਸੂਹੀ (ਮ:5/ਅੰਗ 749)
ਗੁਰ ਚਰਣੀ ਇਕ ਸਰਧਾ ਉਪਜੀ, ਮੈ ਹਰਿ ਗੁਣ ਕਹਤੇ ਤ੍ਰਿਪਤਿ ਨ ਭਈਆ ॥ ਬਿਲਾਵਲੁ (ਮ:4/ਅੰਗ 834)
ਸਰਧਾ ਸਰਧਾ ਉਪਾਇ ਮਿਲਾਏ, ਮੋ ਕਉ ਹਰਿ ਗੁਰ ਗੁਰਿ ਨਿਸਤਾਰੇ ॥ ਨਟ (ਮ:4/ਅੰਗ 983)
ਮਿਲਿ ਸੰਗਤਿ ਸਰਧਾ ਊਪਜੈ, ਗੁਰ ਸਬਦੀ ਹਰਿ ਰਸੁ ਚਾਖੁ ॥ ਮਾਰੂ (ਮ:4/ਅੰਗ 997)
ਹਰਿ ਹਰਿ ਕ੍ਰਿਪਾ ਕਰਹੁ ਜਗਜੀਵਨ!  ਮੈ ਸਰਧਾ ਨਾਮਿ ਲਗਾਵੈਗੋ ॥ ਕਾਨੜਾ (ਮ:4/ਅੰਗ 1310)
  ਗੁਰੂ ਅਤੇ ਰੱਬੀ ਸ਼ਕਤੀ ਲਈ ਪ੍ਰੇਮ ਪੈਦਾ ਹੋਣ ’ਤੋਂ ਬਿਨਾ ਸ਼ਰਧਾ ਪ੍ਰਗਟ ਨਹੀਂ ਹੁੰਦੀ:-
ਅਕਥ ਕਹਾਣੀ ਪ੍ਰੇਮ ਕੀ, ਕੋ ਪ੍ਰੀਤਮੁ ਆਖੈ ਆਇ ॥ ਸੂਹੀ (ਮ:4/ਅੰਗ 759)
ਪ੍ਰੇਮ ਕੀ ਸਾਰ ਸੋਈ ਜਾਣੈ, ਜਿਸ ਨੋ ਨਦਰਿ ਤੁਮਾਰੀ ਜੀਉ ॥ ਮਾਰੂ (ਮ:3/ਅੰਗ 1016)
ਨਾਮਦੇਵ! ਜਾ ਕੇ ਜੀਅ ਐਸੀ, ਤੈਸੋ ਤਾ ਕੈ ਪ੍ਰੇਮ ਪ੍ਰਗਾਸ ॥ ਸਾਰੰਗ (ਭ. ਨਾਮਦੇਵ/ਅੰਗ 1253)
ਸੰਮਨ! ਜਉ ਇਸ ਪ੍ਰੇਮ ਕੀ, ਦਮ ਕ੍ਹਿਹੁ ਹੋਤੀ ਸਾਟ ॥ ਚਉਬੋਲੇ (ਮ:5/ਅੰਗ 1363)
ਮੂਸਨ! ਨਿਮਖਕ ਪ੍ਰੇਮ ਪਰਿ, ਵਾਰਿ ਵਾਰਿ ਦੇਂਉ ਸਰਬ ॥ ਚਉਬੋਲੇ (ਮ:5/ਅੰਗ 1364)
ਗੁਰ ਰਾਮਦਾਸ ਕਲ੍ਰੁਚਰੈ, ਤੈ ਹਰਿ ਪ੍ਰੇਮ ਪਦਾਰਥੁ ਪਾਇਅਉ ॥ ਸਵਈਏ ਮਹਲੇ ਚਉਥੇ ਕੇ (ਭਟ ਕਲ੍ਹ/ਅੰਗ 1397)
ਪ੍ਰੇਮ ਭਗਤਿ ਨਹੀ ਊਪਜੈ, ਤਾ ਤੇ ਰਵਿਦਾਸ ਉਦਾਸ ॥ ਗਉੜੀ (ਭ. ਰਵਿਦਾਸ/ਅੰਗ 346)
ਪ੍ਰੇਮ ਕੀ ਜੇਵਰੀ, ਬਾਧਿਓ ਤੇਰੋ ਜਨ ॥ ਆਸਾ (ਭ. ਰਵਿਦਾਸ/ਅੰਗ 487)
ਪ੍ਰੇਮ ਪਟੋਲਾ ਤੈ ਸਹਿ ਦਿਤਾ, ਢਕਣ ਕੂ ਪਤਿ ਮੇਰੀ ॥ ਗੂਜਰੀ ਕੀ ਵਾਰ:2 (ਮ:5/ਅੰਗ 520)
ਕਹੁ ਕਬੀਰ! ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ ॥ ਸੋਰਠਿ (ਭ. ਕਬੀਰ/ਅੰਗ 655)
ਜਉ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬਧਨਿ ਤੁਮ ਬਾਧੇ ॥ ਸੋਰਠਿ (ਭ. ਰਵਿਦਾਸ/ਅੰਗ 658) 
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਲੋਕ ਵਾਰਾਂ ਤੇ ਵਧੀਕ (ਮ:1/ਅੰਗ 1412)
ਪੰਥਾ ਪ੍ਰੇਮ ਨ ਜਾਣਈ, ਭੂਲੀ ਫਿਰੈ ਗਵਾਰਿ ॥ ਸਲੋਕ ਵਾਰਾਂ ਤੇ ਵਧੀਕ (ਮ:5/ਅੰਗ 1426)
   ਉਪਰੋਕਤ ਬਿਆਨ ਕੀਤੇ ਗਏ ਭਾਗ ਨੰ.1 ’ਤੋਂ ਭਾਗ ਨੰ.3 ਤੱਕ ਗੁਰੂ ਉਪਦੇਸ਼ਾਂ ’ਤੋਂ ਜੋ ਜਾਣਕਾਰੀ ਸਾਨੂੰ ਪ੍ਰਾਪਤ ਹੁੰਦੀ ਹੈ, ’ਤੋਂ ਸਪੱਸ਼ਟ ਹੈ ਕਿ ਗੁਰੂ ਦੇ ਉਪਦੇਸ਼ ਰਾਹੀਂ ਮਨੁੱਖਾਂ ਨੂੰ ਬਹੁ ਪੱਖੀ ਗਿਆਨ ਬਖ਼ਸ਼ਸ਼ ਹੁੰਦਾ ਹੈ। ਇਸ ਨੂੰ ਇੱਕ ਲੇਖ ਵਿੱਚ ਸਮਾਪਤ ਕਰਨਾ ਨਾ ਮੁਮਕਿਨ ਹੈ, ਅਸੰਭਵ ਹੈ।  ਜਿਸ ਨੂੰ ਕੇਵਲ ਇੱਕ ਫਿਰਕੇ ਪ੍ਰਤੀ ਸੀਮਿਤ ਕਰਨਾ ਸਾਡੀ ਅਗਿਆਨਤਾ ਦਾ ਪ੍ਰਤੀਕ ਹੈ।  ਸਾਨੂੰ ਆਪਣੇ ਆਪ ’ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਕੁਝ ਭਗਤਾਂ ਦੀ ਬਾਣੀ ਉਸ ਸਮੇਂ ਲਿਖੀ ਗਈ ਸੀ ਜਦ ਗੁਰੂ ਨਾਨਕ ਦੇਵ ਜੀ ਪੈਦਾ ਵੀ ਨਹੀਂ ਹੋਏ ਸਨ। ਤਦ ਉਹਨਾਂ ਨੂੰ ਇਹ ਬ੍ਰਹਮ ਗਿਆਨ ਕਿਸ ਗ੍ਰੰਥ ’ਚੋਂ ਮਿਲਿਆ?  ਕਦੇ ਅਸੀਂ ਨਾ-ਸਮਝੀ ਕਾਰਨ ਉਸ ਨੂੰ ਅਖੌਤੀ ਤਾਂ ਨਹੀਂ ਕਹਿ ਰਹੇ ਹਾਂ?  ਪ੍ਰਮਾਤਮਾ ਸਮੇਤ ਸਮਾਜ ਦੀ ਅਸਲੀਅਤ ਦੀ ਜਾਣਕਾਰੀ ਦੇਣ ਵਾਲੇ ਗੁਰੂ ਜੀ ਦੇ ਬਹੁ ਪੱਖੀ ਉਦਾਰਵਾਦੀ ਨਜ਼ਰੀਏ ਨੂੰ ਅਸੀਂ ਆਪਣੀ ਤੰਗਦਿਲੀ ਕਾਰਨ ਨੁਕਸਾਨ ਤਾਂ ਨਹੀਂ ਪਹੁੰਚਾ ਰਹੇ? ਤਾਂ ਜੋ ਕਿਤੇ ਅਸੀਂ ਗੁਰੂ ਨਜ਼ਰਾਂ ’ਚ ਅਕ੍ਰਿਤਘਣ ਹੋ ਜਾਈਏ? 

ਬੀਚੁ ਨ ਕੋਇ ਕਰੇ, ਅਕ੍ਰਿਤਘਣੁ ਵਿਛੁੜਿ ਪਇਆ ॥ ਬਿਹਾਗੜਾ (ਮ:5/ਅੰਗ 546)
ਕੀਆ ਨ ਜਾਣੈ ਅਕਿਰਤਘਣ, ਵਿਚਿ ਜੋਨੀ ਫਿਰਤੇ ॥ ਗਉੜੀ ਕੀ ਵਾਰ:1 (ਮ:4/ਅੰਗ 317)
ਨਰਕ ਘੋਰ ਬਹੁ ਦੁਖ ਘਣੇ, ਅਕਿਰਤਘਣਾ ਕਾ ਥਾਨੁ ॥ ਗਉੜੀ ਕੀ ਵਾਰ:1 (ਮ:4/ਅੰਗ 315)
ਮਦ ਵਿਚਿ ਰਿਧਾ ਪਾਇਕੈ, ਕੁਤੇ ਦਾ ਮਾਸੁ। ਧਰਿਆ ਮਾਣਸ ਖੋਪਰੀ, ਤਿਸੁ ਮੰਦੀ ਵਾਸੁ। ਰਤੂ ਭਰਿਆ ਕਪੜਾ, ਕਰਿ ਕਜਣੁ ਤਾਸੁ।
ਢਕਿ ਲੈ ਚਲੀ ਚੂਹੜੀ, ਕਰਿ ਭੋਗ ਬਿਲਾਸੁ। ਆਖਿ ਸੁਣਾਏ ਪੁਛਿਆ, ਲਾਹੇ ਵਿਸਵਾਸੁ।
ਨਦਰੀ ਪਵੈ ਅਕਿਰਤਘਣੁ, ਮਤੁ ਹੋਇ ਵਿਣਾਸੁ ॥ 9॥ ਭਾਈ ਗੁਰਦਾਸ ਜੀ (ਵਾਰ 35 ਪਉੜੀ 9) 

ਗਿਆਨੀ ਅਵਤਾਰ ਸਿੰਘ
ਸੰਪਾਦਕ ‘ਮਿਸ਼ਨਰੀ ਸੇਧਾਂ’
ਪੰਜਾਬ-98140-35202   (8-6-2014)

Advertisement

 
Top