ਗੁਰੂ ਅਮਰ ਦਾਸ ਜੀ ਦੀ ਅੰਤਿਮ ਵਸੀਹਤ ਵਿੱਚ ਦਿੱਤੇ ਉਪਦੇਸ਼ ਨੂੰ ਅਪਨਾਉਣ ਦੀ ਲੋੜ
ਸਿੱਖ ਕੌਮ ਦੇ ਤੀਜੇ ਗੁਰੂ ਗੁਰੂ ਅਮਰ ਦਾਸ ਜੀ ਦਾ ਪ੍ਰਕਾਸ਼ ਵੈਸਾਖ ਸੁਦੀ 14 ਸੰਮਤ 1436 (10 ਜੇਠ ਸੰਮਤ 1636) 5 ਮਈ 1479 ਨੂੰ ਪਿੰਡ ਬਾਸਰਕੇ ਜਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਤੇਜ ਭਾਨ ਅਤੇ ਮਾਤਾ ਸੁਲੱਖਣੀ (ਲਛਮੀ) ਦੇ ਘਰ ਹੋਇਆ ਅਤੇ 95 ਸਾਲ ਤੋਂ ਵੱਧ ਸਰੀਰਕ ਉਮਰ ਭੋਗਣ ਉਪ੍ਰੰਤ ਭਾਦੋਂ ਸੁਦੀ 15 ਸੰਮਤ 1631 (2 ਅੱਸੂ ਸੰਮਤ 1631) 1 ਸਤੰਬਰ ਸੰਨ 1574 ਨੂੰ ਜੋਤੀ ਜੋਤ ਸਮਾਏ। ਉਸੇ ਦਿਨ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪ ਜੀ ਨੇ ਆਪਣੇ ਛੋਟੇ ਦਾਮਾਦ ਭਾਈ ਜੇਠਾ ਜੀ ਨੂੰ ਗੁਰਿਆਈ ਦੀ ਜਿੰਮੇਵਾਰੀ ਸੌਂਪੀ; ਜਿਹੜੇ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ। ਇਸ ਨੂੰ ਵੀ ਅਸਚਰਜ ਕੌਤਕ ਹੀ ਸਮਝਿਆ ਜਾ ਸਕਦਾ ਹੈ ਕਿ ਸਿੱਖਾਂ ਦੀ ਗੁਰੂ ਵਜੋਂ 7 ਸਾਲ ਸਫਲ ਅਗਵਾਈ ਕਰਨ ਪਿੱਛੋਂ ਭਾਦੋਂ ਸੁਦੀ 3 ਸੰਮਤ 1638 (2 ਅੱਸੂ ਸੰਮਤ 1638) 1 ਸਤੰਬਰ ਸੰਨ 1581 ਨੂੰ ਆਪਣੇ ਸਭ ਤੋਂ ਛੋਟੇ ਸਪੁੱਤਰ ਗੁਰੂ ਅਰਜੁਨ ਸਾਹਿਬ ਜੀ ਨੂੰ ਗੁਰਿਆਈ ਦੀ ਜਿੰਮੇਵਾਰੀ ਸੌਂਪ ਕੇ ਗੁਰੂ ਰਾਮਦਾਸ ਜੀ ਜੋਤੀ ਸਮਾ ਗਏ। (ਇਹ ਸਾਰੀਆਂ ਤਰੀਖਾਂ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਜੀ ਰਚਿਤ ਮਹਾਨ ਕੋਸ਼ ਵਿੱਚੋਂ ਤਸਦੀਕ ਕੀਤੀਆਂ ਜਾ ਸਕਦੀਆਂ ਹਨ)। ਇਸ ਲਈ 2 ਅੱਸੂ ਗੁਰਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ ਜਿਸ ਦਿਨ 4 ਵੱਡੀਆਂ ਘਟਨਾਵਾਂ ਵਾਪਰੀਆਂ। ਹੋਰ ਲਿਖਤਾਂ ਦਾ ਸਹਾਰਾ ਲੈਣ ਨਾਲੋਂ ਇਸ ਲੇਖ ਵਿੱਚ 2 ਅੱਸੂ ਸੰਮਤ 1631 ਨੂੰ ਵਾਪਰੀ ਵੱਡੀ ਘਟਨਾ, ਜਿਸ ਦਾ ਜ਼ਿਕਰ ਸਾਡੀ ਅਗਵਾਈ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰ: 923 ’ਤੇ ‘ਰਾਮਕਲੀ ਸਦੁ’ ਸਿਰਲੇਖ ਹੇਠ ਦਰਜ ਬਾਣੀ ਵਿੱਚ ਵੀ ਕੀਤਾ ਗਿਆ; ਦੀ ਵੀਚਾਰ ਹੀ ਇਸ ਲੇਖ ਵਿੱਚ ਕੀਤੀ ਗਈ ਹੈ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਆਪਣੇ ਸਾਰੇ ਪ੍ਰਵਾਰ ਅਤੇ ਸਿੱਖਾਂ ਨੂੰ ਬੁਲਾਇਆ ਅਤੇ ਦੱਸਿਆ ਕਿ ਉਨ੍ਹਾਂ ਨੂੰ ਅਕਾਲ ਪੁਰਖ ਦਾ ਸੱਦਾ ਆ ਗਿਆ ਹੈ ਇਸ ਲਈ ਉਹ ਸੁਰਖੁਰੂ ਹੋ ਕੇ ਅਕਾਲ ਪੁਰਖ ਕੋਲ ਜਾ ਰਹੇ ਹਨ। ਉਨ੍ਹਾਂ ਪਿੱਛੋਂ ਗੁਰਮਤਿ ਅਨੁਸਾਰ ਕੀ ਕੀ ਰਸਮਾਂ ਨਿਭਾਉਣੀਆਂ ਹਨ ਅਤੇ ਕੀ ਨਹੀਂ ਕਰਨਾ ਇਸ ਸਬੰਧੀ ਹਦਾਇਤਾਂ ਦੇ ਕੇ ਗੁਰਿਆਈ ਦੀ ਗੱਦੀ ਵੀ ਗੁਰੂ ਰਾਮਦਾਸ ਜੀ ਨੂੰ ਸੌਂਪੀ। ਇਹ ਗੁਰੂ ਅਮਰਦਾਸ ਜੀ ਲਈ ਇੱਕ ਅੰਤਿਮ ਵਸੀਹਤਨਾਮਾ ਹੈ। ਗੁਰੂ ਜੀ ਵੱਲੋਂ ਦੱਸੇ ਗਏ ਸਾਰੇ ਉਪਦੇਸ਼ਾਂ ਨੂੰ ਉਨ੍ਹਾਂ ਦੇ ਪੜਪੋਤੇ ਬਾਬਾ ਸੁੰਦਰ ਜੀ ਨੇ ਕਲਮਬੰਦ ਕੀਤਾ ਅਤੇ ਗੁਰੂ ਅਰਜੁਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਸਮੇ ਇਸ ਨੂੰ ਰਾਮਕਲੀ ਸਦੁ ਸਿਰਲੇਖ ਹੇਠ ਦਰਜ ਕਰਵਾ ਦਿੱਤਾ। ਵੀਚਾਰ ਅਧੀਨ ਇਸ ਬਾਣੀ ਦੇ ਅਰਥ ਵੀ ਓਹੀ ਲਏ ਗਏ ਹਨ ਜੋ ਪੰਥ ਵਿੱਚ ਸਰਬ ਪ੍ਰਵਾਨਿਤ ਪ੍ਰੋ: ਸਾਹਿਬ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਕੀਤੇ ਹਨ।
ਰਾਮਕਲੀ ਸਦੁ ੴ ਸਤਿਗੁਰ ਪ੍ਰਸਾਦਿ ॥
ਸਦੁ-ਲਫ਼ਜ਼ ਪੰਜਾਬੀ ਬੋਲੀ ਵਿੱਚ ਆਮ ਵਰਤਿਆ ਜਾਂਦਾ ਹੈ, ਇਸ ਦਾ ਅਰਥ ਹੈ 'ਵਾਜ'। ਰਾਮਕਲੀ ਰਾਗ ਵਿੱਚ ਲਿਖੀ ਹੋਈ ਇਸ ਬਾਣੀ ਦਾ ਨਾਮ 'ਸਦੁ' ਹੈ, ਇਥੇ ਇਸ ਦਾ ਭਾਵ ਹੈ 'ਰੱਬ ਵੱਲੋਂ ਗੁਰੂ ਅਮਰਦਾਸ ਜੀ ਨੂੰ ਆਇਆ ਹੋਇਆ ਸੱਦਾ'।
‘ਜਗਿ ਦਾਤਾ ਸੋਇ; ਭਗਤਿ ਵਛਲੁ ਤਿਹੁ ਲੋਇ ਜੀਉ॥ ਗੁਰ ਸਬਦਿ ਸਮਾਵਏ; ਅਵਰੁ ਨ ਜਾਣੈ ਕੋਇ ਜੀਉ॥ ਅਵਰੋ ਨ ਜਾਣਹਿ ਸਬਦਿ ਗੁਰ ਕੈ; ਏਕੁ ਨਾਮੁ ਧਿਆਵਹੇ॥ ਪਰਸਾਦਿ ਨਾਨਕ ਗੁਰੂ ਅੰਗਦ; ਪਰਮ ਪਦਵੀ ਪਾਵਹੇ॥ ਆਇਆ ਹਕਾਰਾ ਚਲਣਵਾਰਾ; ਹਰਿ ਰਾਮ ਨਾਮਿ ਸਮਾਇਆ॥ ਜਗਿ ਅਮਰੁ, ਅਟਲੁ, ਅਤੋਲੁ ਠਾਕੁਰੁ; ਭਗਤਿ ਤੇ, ਹਰਿ ਪਾਇਆ ॥1॥’
ਅਰਥ: ਜੋ ਅਕਾਲ ਪੁਰਖ ਜਗਤ ਵਿਚ (ਜੀਵਾਂ ਨੂੰ) ਦਾਤਾਂ ਬਖ਼ਸ਼ਣ ਵਾਲਾ ਹੈ, ਜੋ ਤਿੰਨਾਂ ਲੋਕਾਂ ਵਿਚ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ, (ਉਸ ਅਕਾਲ ਪੁਰਖ ਵਿਚ ਗੁਰੂ ਅਮਰਦਾਸ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਲੀਨ (ਰਿਹਾ) ਹੈ, (ਅਤੇ ਉਸ ਤੋਂ ਬਿਨਾ) ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦਾ। (ਗੁਰੂ ਅਮਰਦਾਸ ਜੀ) ਸਤਿਗੁਰੂ ਦੇ ਸ਼ਬਦਿ ਦੀ ਬਰਕਤਿ ਨਾਲ (ਅਕਾਲ ਪੁਰਖ ਤੋਂ ਬਿਨਾ) ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦੇ (ਰਹੇ) ਹਨ, ਕੇਵਲ ਇੱਕ 'ਨਾਮ' ਨੂੰ ਧਿਆਉਂਦੇ (ਰਹੇ) ਹਨ; ਗੁਰੂ ਨਾਨਕ ਅਤੇ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਨਾਲ ਉਹ ਉੱਚੇ ਦਰਜੇ ਨੂੰ ਪ੍ਰਾਪਤ ਕਰ ਚੁਕੇ ਹਨ। (ਜਿਹੜਾ ਗੁਰੂ ਅਮਰਦਾਸ) ਅਕਾਲ ਪੁਰਖ ਦੇ ਨਾਮ ਵਿਚ ਲੀਨ ਸੀ, (ਧੁਰੋਂ) ਉਸ ਦੇ ਚੱਲਣ ਦਾ ਸੱਦਾ ਆ ਗਿਆ; (ਗੁਰੂ ਅਮਰਦਾਸ ਜੀ ਨੇ) ਜਗਤ ਵਿਚ (ਰਹਿੰਦਿਆਂ) ਅਮਰ, ਅਟੱਲ, ਅਤੋਲ ਠਾਕੁਰ ਨੂੰ ਭਗਤੀ ਰਾਹੀਂ ਪ੍ਰਾਪਤ ਕਰ ਲਿਆ ਹੋਇਆ ਸੀ ॥1॥
❀ ਨੋਟ: ਦੂਜੀ ਤੁਕ ਵਿਚ ਲਫ਼ਜ਼ *ਜਾਣੈ* ਆਇਆ ਹੈ, ਅਤੇ ਤੀਜੀ ਵਿਚ *ਜਾਣਹਿ* ਹੈ। ਵਿਆਕਰਣ ਅਨੁਸਾਰ ਲਫ਼ਜ਼ *ਜਾਣੈ* ਵਰਤਮਾਨ ਕਾਲ, ਅੱਨ ਪੁਰਖ, ਇਕ-ਵਚਨ, ਹੈ। ਇਸ ਸਾਰੀ ਪਉੜੀ ਵਿਚ 'ਗੁਰੂ ਅਮਰਦਾਸ' ਵੱਲ ਇਸ਼ਾਰਾ ਹੈ। ਸੋ ਲਫ਼ਜ਼ 'ਗੁਰੂ ਅਮਰਦਾਸ' ਇਸ ਕ੍ਰਿਆ ਦਾ 'ਕਰਤਾ' ਹੈ। ਇਸ ਦਾ ਅਰਥ ਹੈ '(ਗੁਰੂ ਅਮਰਦਾਸ) ਜਾਣਦਾ ਹੈ'। ਤੀਜੀ ਤੁਕ ਵਿਚ ਲਫ਼ਜ਼ 'ਜਾਣਹਿ' ਹੈ, ਇਹ 'ਜਾਣੈ' ਦਾ ਬਹੁ-ਵਚਨ ਹੈ, ਇਸ ਦਾ ਅਰਥ ਹੈ 'ਜਾਣਦੇ ਹਨ'। ਜਿਵੇਂ 'ਸਤਿਕਾਰ' ਪਰਗਟ ਕਰਨ ਵਾਸਤੇ ਸੁਖਮਨੀ ਸਾਹਿਬ ਵਿਚ ਲਫ਼ਜ਼ 'ਪ੍ਰਭ' ਦੇ ਨਾਲ 'ਜੀ' ਵਰਤ ਕੇ ਇਸ ਦੇ ਨਾਲ 'ਕ੍ਰਿਆ' ਬਹੁ-ਵਚਨ ਵਿਚ ਵਰਤੀ ਗਈ ਹੈ: *ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥* ਤਿਵੇਂ ਇਥੇ ਭੀ 'ਸਤਿਕਾਰ' ਦੇ ਵਾਸਤੇ ਕ੍ਰਿਆ 'ਜਾਣਹਿ' ਬਹੁ-ਵਚਨ ਵਿਚ ਹੈ; ਇਸ ਦਾ ਅਰਥ ਹੈ-'(ਗੁਰੂ ਅਮਰਦਾਸ ਜੀ) ਜਾਣਦੇ ਹਨ'।
‘ਹਰਿ ਭਾਣਾ ਗੁਰ ਭਾਇਆ; ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ॥ ਸਤਿਗੁਰੁ ਕਰੇ ਹਰਿ ਪਹਿ ਬੇਨਤੀ; ਮੇਰੀ ਪੈਜ ਰਖਹੁ ਅਰਦਾਸਿ ਜੀਉ॥ ਪੈਜ ਰਾਖਹੁ ਹਰਿ ਜਨਹ ਕੇਰੀ; ਹਰਿ ਦੇਹੁ ਨਾਮੁ ਨਿਰੰਜਨੋ॥ ਅੰਤਿ ਚਲਦਿਆ ਹੋਇ ਬੇਲੀ; ਜਮਦੂਤ ਕਾਲੁ ਨਿਖੰਜਨੋ॥ ਸਤਿਗੁਰੂ ਕੀ ਬੇਨਤੀ ਪਾਈ; ਹਰਿ ਪ੍ਰਭਿ ਸੁਣੀ ਅਰਦਾਸਿ ਜੀਉ॥ ਹਰਿ ਧਾਰਿ ਕਿਰਪਾ ਸਤਿਗੁਰੁ ਮਿਲਾਇਆ; ਧਨੁ ਧਨੁ ਕਹੈ ਸਾਬਾਸਿ ਜੀਉ॥2॥’
ਅਰਥ: ਅਕਾਲ ਪੁਰਖ ਦੀ ਰਜ਼ਾ ਗੁਰੂ (ਅਮਰਦਾਸ ਜੀ) ਨੂੰ ਪਿਆਰੀ ਲੱਗੀ, ਅਤੇ ਸਤਿਗੁਰੂ (ਜੀ) ਅਕਾਲ ਪੁਰਖ ਦੇ ਕੋਲ ਜਾਣ ਨੂੰ ਤਿਆਰ ਹੋ ਪਏ। ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਅੱਗੇ ਇਹ ਬੇਨਤੀ ਕੀਤੀ: '(ਹੇ ਹਰੀ!) ਮੇਰੀ ਅਰਦਾਸਿ ਹੈ ਕਿ ਮੇਰੀ ਲਾਜ ਰੱਖ। ਹੇ ਹਰੀ! ਆਪਣੇ ਸੇਵਕਾਂ ਦੀ ਲਾਜ ਰੱਖ, ਅਤੇ ਮਾਇਆ ਤੋਂ ਨਿਰਮੋਹ ਕਰਨ ਵਾਲਾ ਆਪਣਾ ਨਾਮ ਬਖ਼ਸ਼, ਜਮਦੂਤਾਂ ਅਤੇ ਕਾਲ ਨੂੰ ਨਾਸ ਕਰਨ ਵਾਲਾ ਨਾਮ ਦੇਹਿ, ਜੋ ਅਖ਼ੀਰ ਚੱਲਣ ਵੇਲੇ ਸਾਥੀ ਬਣੇ। ਸਤਿਗੁਰੂ ਦੀ ਕੀਤੀ ਹੋਈ ਇਹ ਬੇਨਤੀ, ਇਹ ਅਰਦਾਸਿ, ਅਕਾਲ ਪੁਰਖ ਪ੍ਰਭੂ ਨੇ ਸੁਣ ਲਈ, ਅਤੇ ਮਿਹਰ ਕਰ ਕੇ ਉਸ ਨੇ ਗੁਰੂ ਅਮਰਦਾਸ ਜੀ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ ਅਤੇ ਕਹਿਣ ਲੱਗਾ-ਸ਼ਾਬਾਸ਼ੇ! ਤੂੰ ਧੰਨ ਹੈਂ, ਤੂੰ ਧੰਨ ਹੈਂ ॥2॥
‘ਮੇਰੇ ਸਿਖ ਸੁਣਹੁ ਪੁਤ ਭਾਈਹੋ; ਮੇਰੈ ਹਰਿ ਭਾਣਾ, ਆਉ ਮੈ ਪਾਸਿ ਜੀਉ ॥ ਹਰਿ ਭਾਣਾ ਗੁਰ ਭਾਇਆ ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ ॥ ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ ॥ ਆਨੰਦ ਅਨਹਦ ਵਜਹਿ ਵਾਜੇ ਹਰਿ ਆਪਿ ਗਲਿ ਮੇਲਾਵਏ ॥ ਤੁਸੀ ਪੁਤ ਭਾਈ ਪਰਵਾਰੁ ਮੇਰਾ ਮਨਿ ਵੇਖਹੁ ਕਰਿ ਨਿਰਜਾਸਿ ਜੀਉ ॥ ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ॥3॥’
ਅਰਥ: ਹੇ ਮੇਰੇ ਸਿੱਖੋ! ਹੇ ਮੇਰੇ ਪੁੱਤ੍ਰੋ! ਹੇ ਮੇਰੇ ਭਰਾਵੋ! ਸੁਣੋ- ਮੇਰੇ ਅਕਾਲ ਪੁਰਖ ਨੂੰ (ਇਹ) ਚੰਗਾ ਲੱਗਾ ਹੈ (ਅਤੇ ਮੈਨੂੰ ਉਸ ਨੇ ਹੁਕਮ ਕੀਤਾ ਹੈ:) 'ਮੇਰੇ ਕੋਲ ਆਉ'। ਅਕਾਲ ਪੁਰਖ ਦੀ ਰਜ਼ਾ ਗੁਰੂ ਨੂੰ ਮਿੱਠੀ ਲੱਗੀ ਹੈ, ਮੇਰਾ ਪ੍ਰਭੂ (ਮੈਨੂੰ) ਸ਼ਾਬਾਸ਼ ਦੇ ਰਿਹਾ ਹੈ। ਉਹੀ (ਮਨੁੱਖ) ਭਗਤ ਹੈ ਤੇ ਪੂਰਾ ਗੁਰੂ ਹੈ ਜਿਸ ਨੂੰ ਰੱਬ ਦਾ ਭਾਣਾ ਮਿੱਠਾ ਲੱਗਦਾ ਹੈ; (ਉਸ ਦੇ ਅੰਦਰ) ਆਨੰਦ ਦੇ ਵਾਜੇ ਇੱਕ-ਰਸ ਵੱਜਦੇ ਹਨ, ਅਕਾਲ ਪੁਰਖ ਉਸ ਨੂੰ ਆਪ ਆਪਣੇ ਗਲ ਲਾਉਂਦਾ ਹੈ। ਤੁਸੀਂ ਮੇਰੇ ਪੁੱਤਰ ਹੋ, ਮੇਰੇ ਭਰਾ ਹੋ ਮੇਰਾ ਪਰਵਾਰ ਹੋ; ਮਨ ਵਿਚ ਕਿਆਸ ਕਰ ਕੇ ਵੇਖਹੁ, ਕਿ ਧੁਰੋਂ ਲਿਖਿਆ ਹੋਇਆ ਹੁਕਮ (ਕਦੇ) ਟਲ ਨਹੀਂ ਸਕਦਾ; (ਸੋ, ਇਸ ਵਾਸਤੇ, ਹੁਣ) ਗੁਰੂ, ਅਕਾਲ ਪੁਰਖ ਦੇ ਕੋਲ ਜਾ ਰਿਹਾ ਹੈ॥3॥
‘ਸਤਿਗੁਰਿ ਭਾਣੈ ਆਪਣੈ; ਬਹਿ ਪਰਵਾਰੁ ਸਦਾਇਆ ॥ ਮਤ ਮੈ ਪਿਛੈ ਕੋਈ ਰੋਵਸੀ; ਸੋ ਮੈ ਮੂਲਿ ਨ ਭਾਇਆ ॥ ਮਿਤੁ ਪੈਝੈ, ਮਿਤੁ ਬਿਗਸੈ; ਜਿਸੁ ਮਿਤ ਕੀ ਪੈਜ ਭਾਵਏ ॥ ਤੁਸੀ ਵੀਚਾਰਿ ਦੇਖਹੁ ਪੁਤ ਭਾਈ; ਹਰਿ ਸਤਿਗੁਰੂ ਪੈਨਾਵਏ ॥ ਸਤਿਗੁਰੂ ਪਰਤਖਿ ਹੋਦੈ; ਬਹਿ ਰਾਜੁ ਆਪਿ ਟਿਕਾਇਆ ॥ ਸਭਿ ਸਿਖ ਬੰਧਪ ਪੁਤ ਭਾਈ, ਰਾਮਦਾਸ ਪੈਰੀ ਪਾਇਆ ॥4॥’
ਅਰਥ: ਗੁਰੂ (ਅਮਰਦਾਸ ਜੀ) ਨੇ ਬੈਠ ਕੇ ਆਪਣੀ ਮਰਜ਼ੀ ਨਾਲ (ਸਾਰੇ) ਪਰਵਾਰ ਨੂੰ ਸੱਦ ਘੱਲਿਆ; (ਤੇ ਆਖਿਆ-) 'ਮਤਾਂ ਮੇਰੇ ਪਿਛੋਂ ਕੋਈ ਰੋਵੇ, ਮੈਨੂੰ ਉਹ (ਰੋਣ ਵਾਲਾ) ਉੱਕਾ ਹੀ ਚੰਗਾ ਨਹੀਂ ਲੱਗਣਾ। ਜਿਸ ਮਨੁੱਖ ਨੂੰ ਆਪਣੇ ਮਿਤ੍ਰ ਦੀ ਵਡਿਆਈ (ਹੁੰਦੀ) ਚੰਗੀ ਲੱਗਦੀ ਹੈ, ਉਹ ਖ਼ੁਸ਼ ਹੁੰਦਾ ਹੈ (ਜਦੋਂ) ਉਸ ਦੇ ਮਿਤ੍ਰ ਨੂੰ ਆਦਰ ਮਿਲਦਾ ਹੈ। ਤੁਸੀਂ ਭੀ, ਹੇ ਮੇਰੇ ਪੁਤਰੋ ਤੇ ਭਰਾਵੋ! (ਹੁਣ) ਵਿਚਾਰ ਕੇ ਵੇਖ ਲਵੋ ਕਿ ਅਕਾਲ ਪੁਰਖ ਗੁਰੂ ਨੂੰ ਆਦਰ ਦੇ ਰਿਹਾ ਹੈ (ਇਸ ਵਾਸਤੇ ਤੁਸੀਂ ਭੀ ਖ਼ੁਸ਼ ਹੋਵੋ)।' (ਇਹ ਉਪਦੇਸ਼ ਦੇ ਕੇ, ਫਿਰ) ਗੁਰੂ (ਅਮਰਦਾਸ ਜੀ) ਨੇ ਸਰੀਰਕ ਜਾਮੇ ਵਿਚ ਹੁੰਦਿਆਂ ਹੀ ਬੈਠ ਕੇ ਆਪ ਗੁਰਿਆਈ ਦੀ ਗੱਦੀ (ਭੀ) ਥਾਪ ਦਿੱਤੀ, (ਅਤੇ) ਸਾਰੇ ਸਿੱਖਾਂ ਨੂੰ, ਅੰਗਾਂ-ਸਾਕਾਂ ਨੂੰ, ਪੁਤ੍ਰਾਂ ਨੂੰ, ਅਤੇ ਭਰਾਵਾਂ ਨੂੰ (ਗੁਰੂ) ਰਾਮਦਾਸ ਜੀ ਦੀ ਚਰਨੀਂ ਲਾ ਦਿੱਤਾ ॥4॥
‘ਅੰਤੇ ਸਤਿਗੁਰੁ ਬੋਲਿਆ; ਮੈ ਪਿਛੈ, ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥ ਕੇਸੋ ਗੋਪਾਲ ਪੰਡਿਤ ਸਦਿਅਹੁ; ਹਰਿ ਹਰਿ ਕਥਾ ਪੜਹਿ, ਪੁਰਾਣੁ ਜੀਉ ॥ ਹਰਿ ਕਥਾ ਪੜੀਐ, ਹਰਿ ਨਾਮੁ ਸੁਣੀਐ; ਬੇਬਾਣੁ, ਹਰਿ ਰੰਗੁ ਗੁਰ ਭਾਵਏ ॥ ਪਿੰਡੁ, ਪਤਲਿ, ਕਿਰਿਆ, ਦੀਵਾ, ਫੁਲ; ਹਰਿ ਸਰਿ ਪਾਵਏ ॥ ਹਰਿ ਭਾਇਆ ਸਤਿਗੁਰੁ ਬੋਲਿਆ; ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ॥ ਰਾਮਦਾਸ ਸੋਢੀ ਤਿਲਕੁ ਦੀਆ; ਗੁਰ ਸਬਦੁ ਸਚੁ ਨੀਸਾਣੁ ਜੀਉ ॥5॥’
ਇਸ ਪਉੜੀ ਵਿਚ ਵਰਤੇ ਗਏ ਲਫ਼ਜ਼ ਹਨ: (1) ਪੰਡਿਤ, (2) ਪੜਹਿ, ਪੁਰਾਣ (3) ਪਿੰਡੁ ਪਤਲਿ ਕਿਰਿਆ ਦੀਵਾ, ਬੇਬਾਣ (4) ਹਰਿਸਰਿ, (5) ਪਾਵਏ; ਆਦਿਕ ਤੋਂ ਆਮ ਸੂਝ ਵਾਲੇ ਅਤੇ ਗੁਰਬਾਣੀ ਵਿਆਕਰਣ ਨਿਯਮਾਂ ਤੋਂ ਅਣਜਾਣ ਮਨੁੱਖਾਂ ਨੂੰ ਭੁਲੇਖਾ ਪੈਂਦਾ ਹੈ ਕਿ ਸ਼ਾਇਦ ਗੁਰੂ ਅਮਰਦਾਸ ਜੀ ਨੇ ਉਨ੍ਹਾਂ ਪਿੱਛੋਂ ਹਿੰਦੂ ਮਰਿਆਦਾ ਅਨੁਸਾਰ ਕਿਰਿਆ ਕਰਨ ਅਤੇ ਹਰਦੁਆਰ ਵਿਖੇ ਫੁੱਲ ਪਾਉਣ ਦੀ ਸਿੱਖਾਂ ਨੂੰ ਹਿਦਾਇਤ ਕੀਤੀ ਹੈ। ਪਰ ਜਿਸ ਫੋਕਟ ਕਰਮਾਂ ਤੋਂ ਗੁਰੂ ਨਾਨਕ ਸਾਹਿਬ ਜੀ ਹੀ ਸਿੱਖਾਂ ਨੂੰ ਰੋਕ ਗਏ ਸਨ ਓਹੀ ਕਿਰਿਆ ਕਰਮ ਕਰਨ ਲਈ ਗੁਰੂ ਅਮਰਦਾਸ ਜੀ ਕਦਾਚਿਤ ਨਹੀਂ ਕਹਿ ਸਕਦੇ। ਹਿੰਦੂ ਮੱਤ ਦੀ ਪੁੱਠ ਚੜ੍ਹੇ ਸੰਤ ਸਮਾਜ ਅਤੇ ਗਿਆਨ ਵਿਹੂਣੇ ਸਿਆਸੀ ਆਗੂਆਂ ਵੱਲੋਂ ਇਸ ਮਨਮਤ ਨੂੰ ਫੈਲਾਉਣ ਲਈ ਹੋਰ ਹਿੱਸਾ ਪਾਇਆ ਜਾ ਰਿਹਾ ਹੈ ਜਿਸ ਕਾਰਣ ਸਿੱਖ ਕੌਮ ਅੱਜ ਵੀ ਫੋਕਟ ਕਰਮ ਕਾਂਡਾਂ ਵਿੱਚੋਂ ਨਹੀਂ ਨਿਕਲ ਸਕੀ। ਸੋ, ਸਦੁ ਬਾਣੀ ਦੇ ਗੁਰਮਤਿ ਅਨੁਸਾਰੀ ਅਰਥ ਸਮਝਣ ਲਈ ਆਓ, ਵਾਰੋ ਵਾਰੀ ਇਹਨਾˆ ਤੇ ਵਿਚਾਰ ਕਰੀਏ।
(1) ਪੰਡਿਤ: ਜੋ ਵਿਆਕਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਰਤਿਆ ਪ੍ਰਤੱਖ ਮਿਲਦਾ ਹੈ, ਉਸ ਦੇ ਆਧਾਰ ’ਤੇ ਲਫ਼ਜ਼ 'ਪੰਡਿਤ' (ੳ) ਕਰਤਾ ਕਾਰਕ ਬਹੁ-ਵਚਨ ਹੈ, . . (ਅ) ਕਿਤੇ 'ਸੰਬੋਧਨ' ਭੀ ਹੋ ਜਾˆਦਾ ਹੈ। ਅਤੇ ਲਫ਼ਜ਼ 'ਪੰਡਿਤੁ' (ੲ) ਕਰਤਾ ਕਾਰਕ, ਇਕ-ਵਚਨ ਹੈ। . . (ਸ) ਕਰਮ ਕਾਰਕ, ਇਕ-ਵਚਨ ਭੀ। ਇਸ ਨਿਯਮ ਨੂੰ ਪਰਖਣ ਵਾਸਤੇ ਗੁਰਬਾਣੀ ਵਿਚ ਵਰਤੇ ਹੋਏ ਲਫ਼ਜ਼ 'ਪੰਡਿਤ' ਪੜਤਾਲੀਏ:
(ੳ) ਕਰਤਾ ਕਾਰਕ, ਬਹੁ-ਵਚਨ: (1) ਗਾਵਨਿ 'ਪੰਡਿਤ' ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ ॥27॥ (ਜਪੁਜੀ)। (2) 'ਪੰਡਿਤ' ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ ॥ (ਪੰਨਾ 56)। (3) ਕੇਤੇ 'ਪੰਡਿਤ' ਜੋਤਕੀ ਬੇਦਾ ਕਰਹਿ ਬੀਚਾਰੁ ॥ (ਪੰਨਾ 56)।
(ਅ) ਸੰਬੋਧਨ: ਪੰਡਿਤ-ਹੇ ਪੰਡਿਤ! (1) 'ਪੰਡਿਤ', ਹਰਿ ਪੜੁ ਤਜਹੁ ਵਿਕਾਰਾ ॥ (ਪੰਨਾ 56)। (2) ਕਹੁ ਰੇ 'ਪੰਡਿਤ', ਬਾਮਨ ਕਬ ਕੇ ਹੋਏ ॥ (ਪੰਨਾ 324)। (3) ਕਹੁ ਰੇ 'ਪੰਡਿਤ', ਅੰਬਰੁ ਕਾ ਸਿਉ ਲਾਗਾ ॥ (ਪੰਨਾ 329)।
(ੲ) ਕਰਤਾ ਕਾਰਕ, ਇਕ-ਵਚਨ: (1) ਪੜਿ ਪੜਿ 'ਪੰਡਿਤੁ' ਬਾਦੁ ਵਖਾਣੈ ॥ ਭੀਤਰਿ ਹੋਦੀ ਵਸਤੁ ਨ ਜਾਣੈ ॥ (ਪੰਨਾ 152)। (2) 'ਪੰਡਿਤੁ' ਸਾਸਤ ਸਿਮ੍ਰਿਤਿ ਪੜਿਆ॥ (ਪੰਨਾ 163)। (3) ਹਉ 'ਪੰਡਿਤੁ' ਹਉ ਚਤੁਰੁ ਸਿਆਣਾ ॥ (ਪੰਨਾ 178)।
(2) ਪੜਹਿ: ਇਹ ਕ੍ਰਿਆ 'ਬਹੁ-ਵਚਨ' ਹੈ, ਇਸ ਦਾ ਇਕ-ਵਚਨ 'ਪੜੈ' ਹੈ; ਜਿਵੇਂ: ਗਾਵੈ-ਇਕ-ਵਚਨ; ਗਾਵਹਿ-ਬਹੁ-ਵਚਨ। ਕਰੈ-ਇਕ-ਵਚਨ; ਕਰਹਿ-ਬਹੁ-ਵਚਨ। ਪ੍ਰਮਾਣ: (ੳ) ਪੰਡਿਤ 'ਪੜਹਿ' ਸਾਦੁ ਨ ਪਾਵਹਿ ॥ (ਪੰਨਾ 116)। (ਅ) ਮਨਮੁਖ 'ਪੜਹਿ'; ਪੰਡਿਤ ਕਹਾਵਹਿ ॥ (ਪੰਨਾ 128)। (ੲ) ਪੰਡਿਤ 'ਪੜਹਿ' ਵਖਾਣਹਿ ਵੇਦ ॥ (ਪੰਨਾ 355) .. ਇਥੇ ਲਫ਼ਜ਼ 'ਪੜਹਿ' 'ਬਹੁ-ਬਚਨ' ਹੈ।
ਇਕ-ਵਚਨ 'ਪੜੈ':- (ੳ) ਪੰਡਿਤੁ ‘ਪੜੈ’ ਬੰਧਨ ਮੋਹ ਬਾਧਾ ਨਹ ਬੂਝੈ ਬਿਖਿਆ ਪਿਆਰਿ ॥ (ਪੰਨਾ 33)। (ਅ) ਪਾਠੁ ‘ਪੜੈ’ ਨਾ ਬੂਝਈ ਭੇਖੀ ਭਰਮਿ ਭੁਲਾਇ॥ (ਪੰਨਾ 66)। (ੲ) ਦੂਜੈ ਭਾਇ ‘ਪੜੈ’ ਨਹੀ ਬੂਝੈ ॥ (ਪੰਨਾ 127)
ਲਫ਼ਜ਼ 'ਪੰਡਿਤ', 'ਪੰਡਿਤੁ' ਅਤੇ 'ਪੜਹਿ' ਸੰਬੰਧੀ ਗੁਰਬਾਣੀ ਵਿੱਚੋਂ ਕਈ ਪ੍ਰਮਾਣ ਪੜ੍ਹ ਕੇ ਅਸੀਂ ਸਮਝ ਚੁਕੇ ਹਾਂ ਕਿ ਇਸ ਪਉੜੀ ਦੀ ਤੁਕ ਵਿਚ ਵਰਤਿਆ ਹੋਇਆ ਲਫ਼ਜ਼ 'ਪੰਡਿਤ' ਬਹੁ-ਵਚਨ ਹੈ; ਭਾਵ, ਇਥੇ ਕਿਸੇ ਇੱਕ ਪੰਡਿਤ ਵਲ ਇਸ਼ਾਰਾ ਨਹੀਂ ਹੈ, 'ਕਈ ਪੰਡਿਤਾਂ ਨੂੰ' ਸੱਦਣ ਦਾ ਹੁਕਮ ਹੈ, ਜੋ ਆ ਕੇ 'ਹਰਿ ਕਥਾ' ਅਤੇ 'ਹਰਿ ਨਾਮੁ' -ਰੂਪ ਪੁਰਾਣ ਪੜ੍ਹਨ। ਜੇ 'ਕਿਰਿਆ ਕਰਮ' ਕਰਾਉਣ ਦਾ ਹਜ਼ੂਰ ਹੁਕਮ ਦੇਂਦੇ, ਤਾˆ 'ਕੇਵਲ ਇੱਕ ਅਚਾਰਜ' ਨੂੰ ਸੱਦਣ ਦਾ ਸੁਨੇਹਾ ਹੁੰਦਾ, ਕਦੇ ਕਿਸੇ ਘਰ 'ਕਿਰਿਆ' ਵਾਸਤੇ ਬਹੁਤੇ ਅਚਾਰਜਾਂ ਦੀ ਲੋੜ ਨਹੀਂ ਪੈਂਦੀ।
(3) ਪਿੰਡੁ ਪਤਲਿ ਕਿਰਿਆ ਦੀਵਾ:- ਹਿੰਦੂ-ਮਰਯਾਦਾ ਅਨੁਸਾਰ ਜਦੋਂ ਕੋਈ ਪ੍ਰਾਣੀ ਮਰਨ ਲੱਗਦਾ ਹੈ ਤਾਂ ਉਸ ਨੂੰ ਮੰਜੇ ਤੋਂ ਹੇਠਾਂ ਲਾਹ ਲੈਂਦੇ ਹਨ। ਉਸ ਦੇ ਹੱਥ ਦੀ ਤਲੀ ਉਤੇ ਆਟੇ ਦਾ ਦੀਵਾ ਰੱਖ ਕੇ ਜਗਾ ਦੇਂਦੇ ਹਨ, ਤਾ ਕਿ ਜਿਸ ਜਮਾਂ ਦੇ ਅਣਡਿੱਠੇ ਹਨ੍ਹੇਰੇ ਰਸਤੇ ਉਸ ਦੀ ਆਤਮਾ ਨੇ ਜਾਣਾ ਹੈ, ਇਹ ਦੀਵਾ ਉਸ ਰਸਤੇ ਵਿਚ ਚਾਨਣ ਕਰੇ। ਉਸ ਦੇ ਮਰਨ ਪਿਛੋਂ ਜਵਾਂ ਜਾਂ ਚੌਲਾਂ ਦੇ ਆਟੇ ਦੇ ਪੇੜੇ (ਪਿੰਨੇ) ਪੱਤਰਾਂ ਦੀ ਥਾਲੀ (ਪੱਤਲ) ਉਤੇ ਰੱਖ ਕੇ ਮਣਸੇ ਜਾਂਦੇ ਹਨ। ਇਹ ਮਰੇ ਪ੍ਰਾਣੀ ਲਈ ਰਸਤੇ ਦੀ ਖ਼ੁਰਾਕ ਹੁੰਦੀ ਹੈ। ਮੌਤ ਤੋਂ 13 ਦਿਨ ਪਿਛੋਂ 'ਕਿਰਿਆ' ਕੀਤੀ ਜਾਂਦੀ ਹੈ। ਆਚਰਜ (ਕਿਰਿਆ ਕਰਾਣ ਵਾਲਾ ਬ੍ਰਾਹਮਣ) ਵੇਦ-ਮੰਤ੍ਰ ਆਦਿਕ ਪੜ੍ਹਦਾ ਹੈ, ਮਰੇ ਪ੍ਰਾਣੀ ਨਮਿਤ ਇਕ ਲੰਮੀ ਮਰਯਾਦਾ ਕੀਤੀ ਜਾਂਦੀ ਹੈ। 360 ਦੀਵੇ ਤੇ ਇਤਨੀਆਂ ਹੀ ਵੱਟੀਆਂ ਅਤੇ ਤੇਲ ਰੱਖਿਆ ਜਾਂਦਾ ਹੈ। ਉਹ ਵੱਟੀਆਂ ਇਕੱਠੀਆਂ ਹੀ ਤੇਲ ਵਿਚ ਭਿਉਂ ਕੇ ਬਾਲ ਦਿੱਤੀਆਂ ਜਾਂਦੀਆਂ ਹਨ। ਸ਼ਰਧਾ ਇਹ ਹੁੰਦੀ ਹੈ ਕਿ ਮਰੇ ਪ੍ਰਾਣੀ ਨੇ ਇਕ ਸਾਲ ਵਿਚ ਪਿਤਰ-ਲੋਕ ਤਕ ਪਹੁੰਚਣਾ ਹੈ, ਇਹ 360 ਦੀਵੇ (ਇਕ ਇਕ ਦੀਵਾ ਹਰ ਰੋਜ਼) ਇਕ ਸਾਲ ਰਸਤੇ ਵਿਚ ਚਾਨਣ ਕਰਨਗੇ। ਸਸਕਾਰ ਤੋਂ ਚੌਥੇ ਦਿਨ ਮੜ੍ਹੀ ਫੋਲ ਕੇ ਸੜਨ ਤੋਂ ਬਚੀਆਂ ਹੱਡੀਆਂ (ਫੁੱਲ) ਚੁਣ ਲਈਆਂ ਜਾਂਦੀਆਂ ਹਨ। ਇਹ 'ਫੁੱਲ' ਹਰਿਦੁਆਰ ਜਾ ਕੇ ਗੰਗਾ ਵਿਚ ਪਰਵਾਹੇ ਜਾਂਦੇ ਹਨ। ਆਮ ਤੌਰ ’ਤੇ ਕਿਰਿਆ ਤੋਂ ਪਹਿਲਾਂ ਹੀ ਫੁੱਲ ਗੰਗਾ-ਪਰਵਾਹ ਕੀਤੇ ਜਾˆਦੇ ਹਨ। ਸਦੁ ਬਾਣੀ ਦੀ ਪੰਜਵੀਂ ਪਉੜੀ ਵਿਚ ਆਏ ਸ਼ਬਦ ਪੰਡਿਤ, ਪੁਰਾਣ, ਪਿੰਡ, ਪਤਲ, ਕਿਰਿਆ, ਦੀਵਾ, ਫੁੱਲ, ਹਰਿਸਰ ਆਦਿਕ ਤੋਂ ਆਮ ਬੁੱਧੀਵਾਲੇ ਮਨੁੱਖ ਨੂੰ ਇਹ ਭੁਲੇਖਾ ਪੈਂਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਹਿੰਦੂ ਮਰਿਆਦਾ ਅਨੁਸਾਰ ਸਾਰੀ ਕਿਰਿਆ ਕਰਨ, ਗਰੁੜ ਪੁਰਾਣ ਦੀ ਕਥਾ ਕਰਨੀ ਅਤੇ ਹਰਿਦੁਆਰ ਵਿਖੇ ਫੁੱਲ ਪਾਉਣ ਦੀ ਹਿਦਾਇਤ ਕੀਤੀ ਹੈ। ਪਰ ਨਾਮ-ਲੇਵਾ ਸਿੱਖਾˆ ਲਈ ਦੀਵਾ-ਵੱਟੀ, ਪਿੰਡ ਭਰਾਣੇ, ਕਿਰਿਆ ਕਰਾਣੀ, ਫੁੱਲ ਹਰਿਦੁਆਰ ਲੈ ਜਾਣੇ-ਇਸ ਸਾਰੀ ਹੀ ਮਰਯਾਦਾ ਬਾਰੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਸੰਨ 1509 ਦੀ ਵਿਸਾਖੀ ਨੂੰ ਹਰਿਦੁਆਰ ਦੀ ਪ੍ਰਚਾਰ ਸਮੇਂ ਹੀ ਸਪਸ਼ਟ ਹਿਦਾਇਤ ਕਰ ਦਿੱਤੀ ਸੀ ਕਿ ਇਸ ਦਾ ਮ੍ਰਿਤਕ ਪ੍ਰਾਣੀ ਨੂੰ ਕੋਈ ਲਾਭ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਆਪਣੀ ਸੰਸਾਰਕ ਜ਼ਿੰਦਗੀ ਦੇ ਬਾਕੀ ਸਾਢੇ ਤੀਹ ਸਾਲ ਇਸ ਹਿਦਾਇਤ ਦਾ ਪਰਚਾਰ ਕਰਦੇ ਰਹੇ, ਅਤੇ ਆਪਣੇ ਸਿੱਖਾˆ ਨੂੰ ਇਸ ਉਤੇ ਤੋਰਦੇ ਰਹੇ। ਇਹ ਕੋਈ ਨਿੱਕੀ ਜੇਹੀ ਗੱਲ ਨਹੀਂ ਸੀ। ਸਾਰੀ ਹਿੰਦੂ ਜਨਤਾ ਕਿਰਿਆ ਆਦਿਕ ਮਰਯਾਦਾ ਸੰਬੰਧੀ ਸਦੀਆਂ ਤੋਂ ਬ੍ਰਾਹਮਣ ਦੀ ਮੁਥਾਜ ਚਲੀ ਆ ਰਹੀ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖਾˆ ਨੂੰ ਇਨ੍ਹਾਂ ਬੰਧਨਾਂ ਤੋਂ ਸੁਤੰਤਰ ਕਰ ਦਿੱਤਾ। ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਤੀਜੇ ਗੁਰੂ, ਗੁਰੂ ਅਮਰਦਾਸ ਜੀ ਬ੍ਰਾਹਮਣ ਵਾਲੀ ਉਸੇ ਮੁਥਾਜੀ ਵਿਚ ਮੁੜ ਆਪ ਪੈ ਕੇ ਆਪਣੇ ਸਿੱਖਾਂ ਲਈ ਭੀ ਉਹੀ ਮੁਥਾਜੀ ਨਵੇਂ ਸਿਰੇ ਕਾਇਮ ਕਰ ਜਾਂਦੇ।
ਗੁਰਬਾਣੀ ਅਨੁਸਾਰ ਪਿੰਡੁ ਪਤਲਿ ਕਿਰਿਆ ਦੀਵਾ ਦੇ ਅਰਥ ਭਾਵ ਸਮਝਣ ਲਈ ਗੁਰੂ ਨਾਨਕ ਸਾਹਿਬ ਜੀ ਵੱਲੋਂ ਆਸਾ ਰਾਗੁ ਵਿੱਚ ਉਚਾਰੇ ਸ਼ਬਦ ਜੋ ਗੁ:ਗ੍ਰੰ:ਸ: ਦੇ ਪੰਨਾ ਨੰ: 358 ’ਤੇ ਦਰਜ ਹੈ ਦੀ ਸਹਾਇਤਾ ਲੈਣੀ ਪਏਗੀ:-
‘ਆਸਾ ਮਹਲਾ 1 ॥ ਦੀਵਾ ਮੇਰਾ ਏਕੁ ਨਾਮੁ; ਦੁਖੁ, ਵਿਚਿ ਪਾਇਆ ਤੇਲੁ ॥ ਉਨਿ ਚਾਨਣਿ, ਓਹੁ ਸੋਖਿਆ; ਚੂਕਾ ਜਮ ਸਿਉ ਮੇਲੁ ॥1॥
ਅਰਥ: ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਦੀਵਾ ਹੈ (ਜੋ ਮੇਰੀ ਜ਼ਿੰਦਗੀ ਦੇ ਰਸਤੇ ਵਿਚ ਆਤਮਕ ਰੌਸ਼ਨੀ ਕਰਦਾ ਹੈ) ਉਸ ਦੀਵੇ ਵਿਚ ਮੈਂ (ਦੁਨੀਆ ਵਿਚ ਵਿਆਪਣ ਵਾਲਾ) ਦੁੱਖ (-ਰੂਪ) ਤੇਲ ਪਾਇਆ ਹੋਇਆ ਹੈ। ਉਸ (ਆਤਮਕ) ਚਾਨਣ ਨਾਲ ਉਹ ਦੁੱਖ-ਰੂਪ ਤੇਲ ਸੜਦਾ ਜਾਂਦਾ ਹੈ, ਤੇ ਜਮ ਨਾਲ ਮੇਰਾ ਵਾਹ ਭੀ ਮੁੱਕ ਜਾਂਦਾ ਹੈ {ਨੋਟ: ਸੰਬੰਧਕ 'ਵਿਚਿ' ਦਾ ਸੰਬੰਧ ਲਫ਼ਜ਼ 'ਦੁਖੁ' ਨਾਲ ਨਹੀਂ ਹੈ। ਇਉਂ ਅਰਥ ਕਰਨਾ ਹੈ- *ਦੀਵੇ ਵਿਚਿ ‘ਦੁਖੁ’ ਰੂਪੀ ਤੇਲੁ ਪਾਇਆ* ॥1॥
ਲੋਕਾ! ਮਤ ਕੋ ਫਕੜਿ ਪਾਇ ॥ ਲਖ ਮੜਿਆ ਕਰਿ ਏਕਠੇ; ਏਕ ਰਤੀ ਲੇ ਭਾਹਿ ॥1॥ ਰਹਾਉ ॥
ਅਰਥ: ਹੇ ਲੋਕੋ! ਮੇਰੀ ਗੱਲ ਉਤੇ ਮਖ਼ੌਲ ਨ ਉਡਾਓ। ਲੱਖਾਂ ਮਣਾਂ ਲੱਕੜ ਦੇ ਢੇਰ ਇਕੱਠੇ ਕਰ ਕੇ (ਜੇ) ਇੱਕ ਰਤੀ ਜਿਤਨੀ ਅੱਗ ਲਾ ਦੇਖੀਏ (ਤਾਂ ਉਹ ਸਾਰੇ ਢੇਰ ਸੁਆਹ ਹੋ ਜਾਂਦੇ ਹਨ। ਤਿਵੇਂ ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਇੱਕ ਨਾਮ ਮੁਕਾ ਦੇਂਦਾ ਹੈ) ॥1॥ ਰਹਾਉ ॥
ਪਿੰਡੁ ਪਤਲਿ ਮੇਰੀ ਕੇਸਉ; ਕਿਰਿਆ, ਸਚੁ ਨਾਮੁ ਕਰਤਾਰੁ ॥ ਐਥੈ ਓਥੈ ਆਗੈ ਪਾਛੈ; ਏਹੁ ਮੇਰਾ ਆਧਾਰੁ ॥2॥
ਅਰਥ: ਪੱਤਲਾਂ ਉਤੇ ਪਿੰਡ ਭਰਾਣੇ (ਮਣਸਾਣੇ) ਮੇਰੇ ਵਾਸਤੇ ਪਰਮਾਤਮਾ (ਦਾ ਨਾਮ) ਹੀ ਹੈ, ਮੇਰੇ ਵਾਸਤੇ ਕਿਰਿਆ ਭੀ ਕਰਤਾਰ (ਦਾ) ਸੱਚਾ ਨਾਮ ਹੀ ਹੈ। ਇਹ ਨਾਮ ਇਸ ਲੋਕ ਵਿਚ ਪਰਲੋਕ ਵਿਚ ਹਰ ਥਾਂ ਮੇਰੀ ਜ਼ਿੰਦਗੀ ਦਾ ਆਸਰਾ ਹੈ ॥2॥
ਗੰਗ ਬਨਾਰਸਿ, ਸਿਫਤਿ ਤੁਮਾਰੀ; ਨਾਵੈ ਆਤਮ ਰਾਉ ॥ ਸਚਾ ਨਾਵਣੁ ਤਾਂ ਥੀਐ; ਜਾਂ ਅਹਿਨਿਸਿ ਲਾਗੈ ਭਾਉ ॥3॥
ਅਰਥ: (ਹੇ ਪ੍ਰਭੂ!) ਤੇਰੀ ਸਿਫ਼ਤ-ਸਾਲਾਹ ਹੀ ਮੇਰੇ ਵਾਸਤੇ ਗੰਗਾ ਤੇ ਕਾਂਸ਼ੀ (ਆਦਿਕ ਤੀਰਥਾਂ ਦਾ ਇਸ਼ਨਾਨ ਹੈ, ਤੇਰੀ ਸਿਫ਼ਤ-ਸਾਲਾਹ ਵਿਚ ਹੀ ਮੇਰਾ ਆਤਮਾ ਇਸ਼ਨਾਨ ਕਰਦਾ ਹੈ। ਸੱਚਾ ਇਸ਼ਨਾਨ ਹੈ ਹੀ ਤਦੋਂ, ਜਦੋਂ ਦਿਨ ਰਾਤ ਪ੍ਰਭੂ-ਚਰਨਾਂ ਵਿਚ ਪ੍ਰੇਮ ਬਣਿਆ ਰਹੇ ॥3॥
ਇਕ ਲੋਕੀ, ਹੋਰੁ ਛਮਿਛਰੀ; ਬ੍ਰਾਹਮਣੁ, ਵਟਿ ਪਿੰਡੁ ਖਾਇ ॥ ਨਾਨਕ! ਪਿੰਡੁ ਬਖਸੀਸ ਕਾ; ਕਬਹੂੰ ਨਿਖੂਟਸਿ ਨਾਹਿ ॥4॥2॥32॥’
ਅਰਥ: ਬ੍ਰਾਹਮਣ (ਜਵਾਂ ਜਾਂ ਚੌਲਾਂ ਦੇ ਆਟੇ ਦਾ) ਪਿੰਨ ਵੱਟ ਕੇ ਇਕ ਪਿੰਨ ਦੇਵਤਿਆਂ ਨੂੰ ਭੇਟਾ ਕਰਦਾ ਹੈ ਤੇ ਦੂਜਾ ਪਿੰਨ ਪਿਤਰਾਂ ਨੂੰ, (ਪਿੰਨ ਵੱਟਣ ਤੋਂ ਪਿਛੋਂ) ਉਹ ਆਪ (ਖੀਰ-ਪੂਰੀ ਆਦਿਕ ਜਜਮਾਨਾਂ ਦੇ ਘਰੋਂ) ਖਾਂਦਾ ਹੈ। (ਪਰ) ਹੇ ਨਾਨਕ! (ਬ੍ਰਾਹਮਣ ਦੀ ਰਾਹੀਂ ਦਿੱਤਾ ਹੋਇਆ ਇਹ ਪਿੰਨਾ ਕਦ ਤਕ ਟਿਕਿਆ ਰਹਿ ਸਕਦਾ ਹੈ? ਹਾਂ) ਪਰਮਾਤਮਾ ਦੀ ਮੇਹਰ ਦਾ ਪਿੰਨਾ ਕਦੇ ਮੁੱਕਦਾ ਹੀ ਨਹੀਂ ॥4॥2॥32॥
(4) ਹਰਿਸਰਿ: ਇਸ ਦਾ ਅਰਥ ਹੈ: ਹਰਿਸਰ ਵਿਚ। (ੳ) ਹਿੰਦੂ-ਧਰਮ ਦੇ ਗੰਗਾ ਦੇ ਕੰਢੇ ਵਾਲੇ ਤੀਰਥ ਦਾ ਆਮ ਪ੍ਰਸਿੱਧ ਨਾਮ 'ਹਰਿਦੁਆਰ' ਹੈ, ਕਦੇ ਕਿਸੇ ਹਿੰਦੂ ਸੱਜਣ ਦੇ ਮੂੰਹੋਂ ਭੀ ਇਸ ਦਾ ਨਾਮ 'ਹਰਿਸਰ' ਸੁਣਨ ਵਿਚ ਨਹੀਂ ਆਇਆ। ਕੋਸ਼ ਵਿਚ ਭੀ ਨਾਮ 'ਹਰਿਦੁਆਰ' ਹੈ, 'ਹਰਿਸਰ' ਨਹੀਂ। (ਅ) ਲਫ਼ਜ਼ 'ਹਰਿਦੁਆਰ' ਗੁਰਬਾਣੀ ਵਿੱਚ ਕਈ ਥਾਈਂ ਆਇਆ ਹੈ, ਪਰ ਉਸ ਦਾ ਇਸ਼ਾਰਾ ਇਸ ਹਿੰਦੂ-ਤੀਰਥ ਵਲ ਕਿਤੇ ਨਹੀਂ ਹੈ, ਉਸ ਦਾ ਅਰਥ ਹੈ 'ਅਕਾਲ-ਪੁਰਖ ਦਾ ਦਰ' ਜਿਵੇਂ (1) ਸਤਿਬਚਨ ਵਰਤਹਿ 'ਹਰਿਦੁਆਰੇ' ॥ (ਪੰਨਾ 869)। (2) ਨਾਨਕ ਭਗਤ ਸੋਹਹਿ 'ਹਰਿਦੁਆਰ'॥ (ਪੰਨਾ 893)। (3) ਜਿਨ ਪੂਰਾ ਸਤਿਗੁਰੁ ਸੇਵਿਆ ਸੇ ਅਸਥਿਰੁ 'ਹਰਿਦੁਆਰਿ' ॥ (ਪੰਨਾ 808)।
(ੲ) ਹੁਣ ਆਓ, ਵੇਖੀਏ, ਸ਼ਬਦ 'ਹਰਿਸਰ' ਗੁਰਬਾਣੀ ਵਿਚ ਕਿਸ ਅਰਥ ਵਿਚ ਮਿਲਦਾ ਹੈ: (1) ਹਉਮੈ ਮੈਲੁ ਸਭ ਉਤਰੀ ਮੇਰੀ ਜਿੰਦੁੜੀਏ ਹਰਿ ਅੰਮ੍ਰਿਤ 'ਹਰਿਸਰਿ' ਨਾਤੇ ਰਾਮ ॥ (ਪੰਨਾ 539)। (2) ਜਿਨਿ ਹਰਿ ਰਸੁ ਚਾਖਿਆ ਸਬਦਿ ਸੁਭਾਖਿਆ 'ਹਰਿਸਰਿ' ਰਹੀ ਭਰਪੂਰੇ ॥ (ਪੰਨਾ 568)। (3) ਤੁਮ 'ਹਰਿ ਸਰਵਰ' ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥ (ਪੰਨਾ 668)। ਹਰਿ+ਸਰ ਦੇ ਅਰਥ ਹਨ ਹਰੀ ਦਾ ਸਰੋਵਰ ਭਾਵ ਉਹ ਸਤਸੰਗਤ ਜਿੱਥੇ ਹਰੀ ਦੇ ਨਾਮ ਦੀ ਮਹਿਮਾ ਹੁੰਦੀ ਹੈ।
(ਸ) 'ਹਰਿਸਰ' ਲਫ਼ਜ਼ ਤੋਂ ਛੁੱਟ 'ਅੰਮ੍ਰਿਤਸਰ', 'ਸਤਸਰ' ਆਦਿਕ ਲਫ਼ਜ਼ ਭੀ ਇਸੇ ਹੀ ਭਾਵ ਵਿਚ ਵਰਤੇ ਗਏ ਹਨ; ਜਿਵੇਂ: (1) ਸਚਾ ਤੀਰਥੁ ਜਿਤੁ 'ਸਤ ਸਰਿ' ਨਾਵਣੁ ਗੁਰਮੁਖਿ ਆਪਿ ਬੁਝਾਏ ॥ (ਪੰਨਾ 753)। (2) ਗੁਰਿ 'ਅੰਮ੍ਰਿਤ ਸਰਿ' ਨਵਲਾਇਆ ਸਭਿ ਲਾਥੇ ਕਿਲਬਿਖ ਪੰਙੁ ॥ (ਪੰਨਾ 732)। (3) ਤਿਨ ਮਿਲਿਆ ਮਲੁ ਸਭ ਜਾਏ 'ਸਚੈ ਸਰਿ' ਨ੍ਹਾਏ ਸਚੈ ਸਹਜਿ ਸੁਭਾਏ ॥ (ਪੰਨਾ 585)।
(5) ਪਾਵਏ: 'ਰਾਮਕਲੀ ਸਦੁ' ਵਿਚ ਇਸੇ ਲਫ਼ਜ਼ ਵਰਗੇ ਹੇਠ-ਲਿਖੇ ਹੋਰ ਲਫ਼ਜ਼ ਆਏ ਹਨ: ਸਮਾਵਏ-ਪਉੜੀ 1। ਭਾਵਏ-ਪਉੜੀ 3 ਅਤੇ 5। ਮੇਲਾਵਏ-ਪਉੜੀ 3। ਭਾਵਏ-ਪਉੜੀ 4। ਪੈਨਾਵਏ-ਪਉੜੀ 4। ਇਹ ਉਪਰਲੇ ਸਾਰੇ ਸ਼ਬਦ 'ਵਰਤਮਾਨ ਕਾਲ' 'ਅੱਨ-ਪੁਰਖ, ਇਕ-ਵਚਨ' ਵਿਚ ਹਨ। 'ਪਾਵਹੇ', 'ਧਿਆਵਹੇ' ਬਹੁ-ਵਚਨ ਹਨ। ਆਓ, ਹੁਣ ਇਹਨਾਂ ਦੇ ਅਰਥ ਨੂੰ ਮੁੜ ਵਿਚਾਰੀਏ: (1) ਗੁਰਸਬਦਿ ਸਮਾਵਏ-'ਗੁਰੂ ਦੇ ਸ਼ਬਦ ਦੀ ਰਾਹੀਂ ਸਮਾਂਦਾ ਹੈ'। (ਪ੍ਰ:) ਕੌਣ? (ਉ:) ਗੁਰੂ ਅਮਰਦਾਸ। (2) ਜਿਸੁ ਹਰਿ ਪ੍ਰਭ ਭਾਣਾ ਭਾਵਏ-ਜਿਸ ਨੂੰ ਹਰੀ ਪ੍ਰਭੂ ਦਾ ਭਾਣਾ ਭਾਉਂਦਾ ਹੈ। (3) ਹਰਿ ਆਪਿ ਗਲਿ ਮੇਲਾਵਏ-ਅਕਾਲ ਪੁਰਖ ਆਪ ਗਲੇ ਮਿਲਾ ਲੈਂਦਾ ਹੈ। (4) ਜਿਸੁ ਮਿਤ ਕੀ ਪੈਜ ਭਾਵਏ-ਜਿਸ ਮਨੁੱਖ ਨੂੰ ਆਪਣੇ ਮਿਤ੍ਰ ਦੀ ਵਡਿਆਈ (ਹੁੰਦੀ) ਭਾਉਂਦੀ ਹੈ। (5) ਹਰਿ, ਸਤਿਗੁਰੂ ਪੈਨਾਵਏ-ਅਕਾਲ ਪੁਰਖ ਗੁਰੂ ਨੂੰ ਮਾਣ ਦੇ ਰਿਹਾ ਹੈ। (6) ਹਰਿ ਰੰਗੁ ਗੁਰ ਭਾਵਏ-ਅਕਾਲ ਪੁਰਖ ਦਾ ਪਿਆਰ ਗੁਰੂ ਨੂੰ ਭਾਉਂਦਾ ਹੈ।
ਕ੍ਰਿਆ ਦੇ ਰੂਪ ਵਾਸਤੇ ਹੋਰ ਪ੍ਰਮਾਣ: (ੳ) ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ 'ਪਾਵਏ' ॥ . . ਸਦਾ ਸਿਫਤਿ ਸਾਲਾਹ ਤੇਰੀ ਨਾਮੁ ਮਨਿ 'ਵਸਾਵਏ' ॥3॥ . . ਪਾਵਏ-ਪਾਉਂਦਾ ਹੈ। ਵਸਾਵਏ-ਵਸਾਉਂਦਾ ਹੈ। (ਅ) ਗੁਰ ਪਰਸਾਦੀ ਮਨੁ ਭਇਆ ਨਿਰਮਲੁ, ਜਿਨਾ ਭਾਣਾ 'ਭਾਵਏ' ॥ . . ਕਹੈ ਨਾਨਕੁ ਜਿਸ ਦੇਹਿ ਪਿਆਰੇ, ਸੋਈ ਜਨੁ 'ਪਾਵਏ' ॥8॥ . . ਭਾਵਏ-ਭਾਉਂਦਾ ਹੈ। ਪਾਵਏ-ਪਾਉਂਦਾ ਹੈ। (ੲ) ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ ਅਹਾਰੁ 'ਪਹੁਚਾਵਏ' ॥ . . ਓਸ ਨੋ ਕਿਹੁ ਪੋਹਿ ਨ ਸਕੀ ਜਿਸ ਨਉ ਆਪਣੀ ਲਿਵ 'ਲਾਵਏ' ॥28॥. . ਪਹੁਚਾਵਏ-ਪੁਚਾਉਂਦਾ ਹੈ। ਲਾਵਏ-ਲਾਉਂਦਾ ਹੈ (ਰਾਮਕਲੀ ਮ: 3 ਅਨੰਦੁ)।
ਇਸੇ ਤਰ੍ਹਾˆ: (7) ਹਰਿ ਸਰਿ 'ਪਾਵਏ',-(ਗੁਰੂ ਅਮਰਦਾਸ) ਹਰੀ ਦੇ ਸਰੋਵਰ ਵਿਚ, ਭਾਵ, ਸਤਸੰਗਤ ਵਿੱਚ 'ਪਾਉਂਦਾ' ਹੈ। (ਪ੍ਰ:) ਕੀਹ? (ਉ:) ਪਿੰਡੁ ਪਤਲਿ ਕਿਰਿਆ ਦੀਵਾ ਫੁਲ-ਇਹ ਸਭ ਕੁਝ। ❀ ਨੋਟ: ਇਥੇ ਪਾਠਕ ਸੱਜਣਾਂ ਦੇ ਚੇਤੇ ਵਾਸਤੇ ਇਹ ਸੂਚਨਾ ਜ਼ਰੂਰੀ ਹੈ ਕਿ 'ਹਰਿਦੁਆਰ' ਵਿੱਚ ਫੁੱਲ ਪਾਣ ਵਾਲੇ ਸੱਜਣ ਪਿੰਡੁ ਪਤਲਿ ਦੀਵਾ ਹਰਿਦੁਆਰ ਨਹੀਂ ਲੈ ਜਾਂਦੇ, 'ਕੇਵਲ ਫੁੱਲ' ਲੈ ਕੇ ਜਾਂਦੇ ਹਨ। ਇਕ ਹੋਰ ਗੱਲ ਵਲ ਭੀ ਧਿਆਨ ਦੇਣ ਦੀ ਲੋੜ ਹੈ। 'ਕਿਰਿਆ' ਕਿਸੇ ਚੀਜ਼ ਦਾ ਨਾਮ ਨਹੀਂ, ਜੋ 'ਹਰਿਦੁਆਰ' ਵਿਚ ਪਾਈ ਜਾ ਸਕੇ। ਪਰ ਸਤਿਗੁਰੂ ਅਮਰਦਾਸ ਇਨ੍ਹਾਂ ਸਭਨਾਂ ਨੂੰ 'ਸਤਸੰਗਤਿ' ਵਿਚ ਪਾਉਂਦਾ ਹੈ, ਭਾਵ, ਇਨ੍ਹਾਂ ਸਭਨਾਂ ਨੂੰ ਸਤਸੰਗ ਤੋਂ ਸਦਕੇ ਕਰਦਾ ਹੈ, ਇਨ੍ਹਾਂ ਸਭਨਾਂ ਨਾਲੋਂ ਸਤਸੰਗ ਕਰਨ ਨੂੰ ਸ੍ਰੇਸ਼ਟ ਸਮਝਦਾ ਹੈ। ❀ ਨੋਟ: ਸ਼ਬਦ 'ਪੰਡਿਤ' ਸੰਬੰਧੀ ਇੱਕ ਗੱਲ ਹੋਰ ਭੀ ਚੇਤੇ ਰੱਖਣ ਵਾਲੀ ਹੈ। ਹਿੰਦੂ-ਮਤ ਅਨੁਸਾਰ ਹਰੇਕ ਹਿੰਦੂ ਨੂੰ 'ਪੰਡਿਤ' ਦੀ ਲੋੜ ਸਾਰੀ ਜ਼ਿੰਦਗੀ ਵਿਚ ਦੋ ਵਾਰੀ ਪੈਂਦੀ ਹੈ-ਵਿਆਹ ਵੇਲੇ, ਅਤੇ ਮਰਨ ਪਿੱਛੋਂ 'ਕਿਰਿਆ' ਆਦਿਕ ਵੇਲੇ। ਕਈ ਅਮੀਰ ਲੋਕ ਬਾਲਕ ਜੰਮਣ ਤੇ ਭੀ 'ਪੰਡਿਤ' ਪਾਸੋਂ ਜਨਮ-ਪੱਤ੍ਰੀ ਆਦਿਕ ਬਣਵਾਂਦੇ ਹਨ, ਪਰ ਇਸ ਤੋਂ ਬਿਨਾ ਭੀ ਕੰਮ ਸਰ ਸਕਦਾ ਹੈ, ਵਿਆਹ ਅਤੇ ਮਰਨਾ 'ਪੰਡਿਤ' ਤੋਂ ਬਿਨਾ ਨਹੀਂ ਹੋ ਸਕਦਾ। ਹਿੰਦੂ-ਮਤ ਦੇ ਮੁਬਾਬਲੇ ’ਤੇ ਸਤਿਗੁਰੂ ਜੀ ਨੇ ਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 'ਆਪਣੇ ਅਕਾਲ ਪੁਰਖ ਦੇ ਪੰਡਿਤਾਂ' (ਭਾਵ, ਵਿਦਵਾਨ 'ਗੁਰਮੁਖ' ਸਤਸੰਗੀਆਂ) ਦਾ ਵਿਚੋਲਾਪਨ ਦੱਸਿਆ ਹੈ। ਮਰਨ ਵੇਲੇ ਦਾ ਜ਼ਿਕਰ ਤਾਂ ਇਸ ਸੱਦ ਵਿਚ ਆ ਗਿਆ ਹੈ। 'ਆਤਮਕ ਵਿਆਹ' ਦਾ ਜ਼ਿਕਰ ਭੀ ਇਸੇ ਤਰ੍ਹਾਂ ਇਉਂ ਮਿਲਦਾ ਹੈ: ਆਇਆ ਲਗਨੁ ਗਣਾਇ ਹਿਰਦੈ ਧਨ ਓਮਾਹੀਆ ਬਲਿਰਾਮ ਜੀਉ ॥ 'ਪੰਡਿਤ ਪਾਧੇ' ਆਣਿ ਪਤੀ ਬਹਿ ਵਾਚਾਈਆ ਬਲਿਰਾਮ ਜੀਉ ॥ ਪਤੀ ਵਾਚਾਈ ਮਨਿ ਵਜੀ ਵਧਾਈ ਜਬ ਸਾਜਨ ਸੁਣੇ ਘਰਿ ਆਏ ॥ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ ॥ ਵਰੁ ਪਾਇਆ ਪੁਰਖੁ ਅਗੰਮੁ ਅਗੋਚਰੁ ਸਦ ਨਵਤਨੁ ਬਾਲ ਸਖਾਈ ॥ ਨਾਨਕ ਕਿਰਪਾ ਕਰਿ ਕੈ ਮੇਲੇ ਵਿਛੁੜਿ ਕਦੇ ਨ ਜਾਈ ॥4॥1॥ (ਸੂਹੀ ਮ: 4 ਛੰਤ ਘਰੁ 1)। ਇਥੇ ਪ੍ਰਤੱਖ ਤੌਰ ’ਤੇ 'ਪੰਡਿਤ' ਤੋਂ ਭਾਵ 'ਗੁਰਮੁਖਿ-ਜਨ' ਹੈ। ਬੱਸ! ਸਾਰੀ ਬਾਣੀ ਵਿਚ ਕੇਵਲ ਇਹਨੀਂ ਦੋਹੀਂ ਥਾਈਂ 'ਰੱਬੀ ਪੰਡਿਤਾਂ' ਦਾ ਜ਼ਿਕਰ ਆਇਆ ਹੈ।
ਉਪ੍ਰੋਕਤ ਅਰਥਾਂ ਨੂੰ ਧਿਆਨ ਵਿੱਚ ਰੱਖ ਕੇ ਸਦੁ ਦੀ ਪੰਜਵੀਂ ਪਉੜੀ ਦੇ ਅਰਥ ਇਉਂ ਬਣਦੇ ਹਨ:- ਜੋਤੀ ਜੋਤਿ ਸਮਾਣ ਵੇਲੇ ਗੁਰੂ ਅਮਰਦਾਸ ਜੀ ਨੇ ਆਖਿਆ-(ਹੇ ਭਾਈ!) 'ਮੇਰੇ ਪਿੱਛੋਂ ਨਿਰੋਲ ਕੀਰਤਨ ਕਰਿਓ, ਕੇਸੋ ਗੋਪਾਲ (ਅਕਾਲ ਪੁਰਖ) ਦੇ ਪੰਡਿਤਾਂ ਨੂੰ ਸੱਦ ਘੱਲਿਓ, ਜੋ (ਆ ਕੇ) ਅਕਾਲ ਪੁਰਖ ਦੀ ਕਥਾ ਵਾਰਤਾ ਪੜ੍ਹਨ; ਮੇਰੇ ਲਈ ਇਹੀ ਪੁਰਾਣ ਦੀ ਕਥਾ ਹੋਵੇਗੀ। (ਚੇਤਾ ਰੱਖਿਓ, ਮੇਰੇ ਪਿੱਛੋਂ) ਅਕਾਲ ਪੁਰਖ ਦੀ ਕਥਾ (ਹੀ) ਪੜ੍ਹਨੀ ਚਾਹੀਦੀ ਹੈ, ਅਕਾਲ ਪੁਰਖ ਦਾ ਨਾਮ ਹੀ ਸੁਣਨਾ ਚਾਹੀਦਾ ਹੈ, ਬੇਬਾਣ ਭੀ ਗੁਰੂ ਨੂੰ (ਕੇਵਲ) ਅਕਾਲ ਪੁਰਖ ਦਾ ਪਿਆਰ ਹੀ ਚੰਗਾ ਲੱਗਦਾ ਹੈ। ਗੁਰੂ (ਤਾਂ) ਪਿੰਡ ਪਤਲਿ, ਕਿਰਿਆ, ਦੀਵਾ ਅਤੇ ਫੁੱਲ-ਇਹਨਾਂ ਸਭਨਾਂ ਨੂੰ ਸਤਸੰਗ ਤੋਂ ਸਦਕੇ ਕਰਦਾ ਹੈ।' ਅਕਾਲ ਪੁਰਖ ਨੂੰ ਪਿਆਰੇ ਲੱਗੇ ਹੋਏ ਗੁਰੂ ਨੇ (ਉਸ ਵੇਲੇ) ਇਉਂ ਆਖਿਆ। ਸਤਿਗੁਰੂ ਨੂੰ ਸੁਜਾਣ ਅਕਾਲ ਪੁਰਖ ਮਿਲ ਪਿਆ। ਗੁਰੂ ਅਮਰਦਾਸ ਜੀ ਨੇ ਸੋਢੀ (ਗੁਰੂ) ਰਾਮਦਾਸ ਜੀ ਨੂੰ (ਗੁਰਿਆਈ ਦਾ) ਤਿਲਕ (ਅਤੇ) ਗੁਰੂ ਦਾ ਸ਼ਬਦ-ਰੂਪ ਸੱਚੀ ਰਾਹਦਾਰੀ ਬਖ਼ਸ਼ੀ ॥5॥
‘ਸਤਿਗੁਰੁ ਪੁਰਖੁ ਜਿ ਬੋਲਿਆ; ਗੁਰਸਿਖਾ ਮੰਨਿ ਲਈ ਰਜਾਇ ਜੀਉ ॥ ਮੋਹਰੀ ਪੁਤੁ ਸਨਮੁਖੁ ਹੋਇਆ; ਰਾਮਦਾਸੈ ਪੈਰੀ ਪਾਇ ਜੀਉ ॥ ਸਭ ਪਵੈ ਪੈਰੀ ਸਤਿਗੁਰੂ ਕੇਰੀ; ਜਿਥੈ ਗੁਰੂ ਆਪੁ ਰਖਿਆ ॥ ਕੋਈ ਕਰਿ ਬਖੀਲੀ ਨਿਵੈ ਨਾਹੀ; ਫਿਰਿ ਸਤਿਗੁਰੂ ਆਣਿ ਨਿਵਾਇਆ ॥ ਹਰਿ ਗੁਰਹਿ ਭਾਣਾ ਦੀਈ ਵਡਿਆਈ ਧੁਰਿ ਲਿਖਿਆ ਲੇਖੁ ਰਜਾਇ ਜੀਉ ॥ ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ ॥6॥1॥’
ਅਰਥ: ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ (ਕਿ ਸਾਰੇ ਗੁਰੂ ਰਾਮਦਾਸ ਜੀ ਦੇ ਚਰਨੀਂ ਲੱਗਣ, ਤਾਂ) ਗੁਰਸਿੱਖਾਂ ਨੇ (ਗੁਰੂ ਅਮਰਦਾਸ ਜੀ ਦਾ) ਹੁਕਮ ਮੰਨ ਲਿਆ। (ਸਭ ਤੋਂ ਪਹਿਲਾਂ) (ਗੁਰੂ ਅਮਰਦਾਸ ਜੀ ਦੇ) ਪੁੱਤ੍ਰ (ਬਾਬਾ) ਮੋਹਰੀ ਜੀ ਗੁਰੂ ਰਾਮਦਾਸ ਜੀ ਦੇ ਪੈਰਾਂ ’ਤੇ ਪੈ ਕੇ (ਪਿਤਾ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਆ ਖਲੋਤੇ। ਗੁਰੂ ਰਾਮਦਾਸ ਜੀ ਵਿਚ ਗੁਰੂ (ਅਮਰਦਾਸ ਜੀ) ਨੇ ਆਪਣੀ ਆਤਮਾ ਟਿਕਾ ਦਿੱਤੀ, (ਇਸ ਵਾਸਤੇ) ਸਾਰੀ ਲੋਕਾਈ ਗੁਰੂ (ਰਾਮਦਾਸ ਜੀ) ਦੀ ਪੈਰੀਂ ਆ ਪਈ। ਜੇ ਕੋਈ ਨਿੰਦਾ ਕਰ ਕੇ (ਪਹਿਲਾਂ) ਨਹੀਂ ਸੀ ਭੀ ਨਿˆਵਿਆ, ਉਸ ਨੂੰ ਭੀ ਗੁਰੂ ਅਮਰਦਾਸ ਜੀ ਨੇ ਲਿਆ ਕੇ ਆ ਪੈਰੀਂ ਪਾਇਆ। ਸੁੰਦਰ ਆਖਦਾ ਹੈ-ਹੇ ਸੰਤਹੁ! ਸੁਣੋ, ਅਕਾਲ ਪੁਰਖ ਅਤੇ ਗੁਰੂ ਅਮਰਦਾਸ ਜੀ ਨੂੰ (ਇਹੀ) ਚੰਗਾ ਲੱਗਾ, (ਉਹਨਾਂ ਗੁਰੂ ਰਾਮਦਾਸ ਜੀ ਨੂੰ) ਵਡਿਆਈ ਬਖ਼ਸ਼ੀ; ਧੁਰੋਂ ਅਕਾਲ ਪੁਰਖ ਦਾ ਇਹੀ ਹੁਕਮ ਲਿਖਿਆ ਆਇਆ ਸੀ; (ਇਸ ਵਾਸਤੇ) ਸਾਰਾ ਜਗਤ (ਗੁਰੂ ਰਾਮਦਾਸ ਜੀ ਦੀ) ਪੈਰੀਂ ਪਿਆ ॥6॥1॥
ਸਦੁ ਬਾਣੀ ਦੀ ਵੀਚਾਰ ਤੋਂ ਦੋ ਗੱਲਾਂ ਪ੍ਰਤੱਖ ਰੂਪ ਵਿੱਚ ਸਾਹਮਣੇ ਆਈਆਂ ਹਨ ਕਿ ਗੁਰੂ ਅਮਰ ਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਚੱਲੀ ਆ ਰਹੀ ਰਵਾਇਤ ਅਨੁਸਾਰ ਆਪਣੇ ਜਿਉਂਦੇ ਜੀ ਆਪਣੇ ਹੱਥੀਂ ਗੁਰਿਆਈ ਅਗਲੇ ਗੁਰੂ ਗੁਰੂ ਰਾਮਦਾਸ ਜੀ ਨੂੰ ਸੌਂਪੀ। ਇਹ ਰਵਾਇਤ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਚਲਦੀ ਰਹੀ। ਇਸ ਤੋਂ ਸਪਸ਼ਟ ਹੈ ਕਿ ਸਿੱਖ ਧਰਮ ਵਿੱਚ ਅਗਲਾ ਗੁਰੂ ਕੌਣ ਹੋਵੇਗਾ ਇਸ ਦਾ ਫੈਸਲਾ ਗੁਰੂ ਸਾਹਿਬ ਜੀ ਯੋਗਤਾ ਦੇ ਅਧਾਰ ’ਤੇ ਖ਼ੁਦ ਕਰਕੇ ਜਾਂਦੇ ਰਹੇ ਹਨ ਨਾ ਕਿ ਇਸ ਦਾ ਫੈਸਲਾ ਸਿੱਖਾਂ ਨੇ ਵੋਟਾਂ ਪਾ ਕੇ ਕਰਨਾ ਹੈ। ਦੂਸਰਾ ਪੱਖ ਹੈ ਕਿ ਗੁਰੂ ਅਮਰਦਾਸ ਜੀ ਸਿੱਖਾਂ ਨੂੰ ਮ੍ਰਿਤਕ ਪ੍ਰਾਣੀ ਪਿੱਛੋਂ ਰੋਣ, ਉਸ ਦੀ ਗਤੀ ਲਈ ਕੀਤੀ ਜਾ ਰਹੀ ਫੋਕਟ ਕਿਰਿਆ ਆਦਿਕ ਤੋਂ ਸਖਤੀ ਨਾਲ ਰੋਕ ਗਏ ਸਨ। ਪਰ ਦੁੱਖ ਦੀ ਗੱਲ ਇਹ ਹੈ ਕਿ ਬਾਣੀ ਦੇ ਅਰਥ ਭਾਵਾਂ ਅਤੇ ਗੁਰਮਤਿ ਫਲਸਫੇ ਨੂੰ ਬਿਨਾਂ ਸਮਝਿਆਂ ਅਨੇਕਾਂ ਪਾਠ ਕਰਨ ਵਾਲੇ ਬਹੁ ਗਿਣਤੀ ਸਿੱਖ ਅਜੇ ਹਿੰਦੂ ਧਰਮ ਦੇ ਫੋਕਟ ਕਰਮ ਕਾਂਡਾਂ ਵਿੱਚ ਨਹੀਂ ਨਿਕਲ ਸਕੇ। ਬੇਸ਼ੱਕ ਮ੍ਰਿਤਕ ਪ੍ਰਾਣੀ ਪਿੱਛੋਂ ਪਾਠ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਕੀਤਾ ਜਾਂਦਾ ਹੈ ਪਰ ਸਾਰੇ ਕਰਮ ਕਾਂਡ ਉਹੀ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਕਰਨ ਦੀ ਪ੍ਰੇਰਣਾ ਗਰੁੜ ਪੁਰਾਣ ਵਿੱਚੋਂ ਮਿਲਦੀ ਹੈ। ਆਓ ਜਦੋਂ ਅਸੀਂ 2 ਅਸੂ (16 ਸਤੰਬਰ) ਨੂੰ 4 ਗੁਰਪੁਰਬ ਇਕੱਠੇ ਮਨਾ ਰਹੇ ਹਾਂ ਉਸ ਸਮੇਂ ਉਨ੍ਹਾਂ ਦੀ ਬਾਣੀ ਅਤੇ ਸਿੱਖਿਆ ਨੂੰ ਵੀ ਮਨ ਵਿੱਚ ਵਸਾ ਕੇ ਫੋਕਟ ਕਰਮ ਕਾਂਡਾਂ ਵਿੱਚੋਂ ਨਿਕਲ ਕੇ ਗੁਰਮਤਿ ਨੂੰ ਅਪਣਾਈਏ।
ਸੰਤ ਸਮਾਜ-ਸਿਆਸੀ ਜਮਾਤ ਦਾ ਗੱਠਜੋੜ ਜਿੱਥੇ ਗੁਰਮਤਿ ਵਿੱਚ ਮਨਮਤਿ ਦੀ ਰਲਾਵਟ ਕਰਕੇ ਸਿੱਖੀ ਦਾ ਨੁਕਸਾਨ ਕਰ ਰਿਹਾ ਹੈ ਉਥੇ ਮੱਸਿਆ, ਸੰਗ੍ਰਾਂਦਾਂ, ਪੂਰਨਮਾਸੀਆਂ ਮਨਾਉਣ ਦੇ ਚੱਕਰ ਵਿੱਚ ਇਤਿਹਾਸਕ ਘਟਨਾਵਾਂ ਦੀਆਂ ਤਰੀਖਾਂ ਵਿੱਚ ਅਸਥਿਰਤਾ ਲਿਆ ਕੇ ਇਤਿਹਾਸ ਨੂੰ ਵਿਗਾੜ ਰਿਹਾ ਹੈ। ਪਹਿਲਾਂ ਗੁਰਪੁਰਬ ਚੰਦਰਮਾਂ ਦੀਆਂ ਤਿਥਾਂ ਅਨੁਸਾਰ ਸੁਦੀਆਂ ਵਦੀਆਂ ਦੇ ਹਿਸਾਬ ਮਨਾਏ ਜਾਂਦੇ ਸਨ। ਪਰ ਸਿੱਖਾਂ ਦੀ ਚਿਰੋਕਣੀ ਮੰਗ ਪੂਰੀ ਕਰਨ ਲਈ ਸ: ਪਾਲ ਸਿੰਘ ਪੁਰੇਵਾਲ ਨੇ ਗੁਰਬਾਣੀ ਵਿੱਚ ਦਰਜ ਮਹੀਨਿਆਂ ਦੀਆਂ ਰੁੱਤਾਂ ਅਤੇ ਵਿਸ਼ਵਭਰ ਵਿੱਚ ਪ੍ਰਚਲਤ ਸਾਂਝੇ ਕੈਲੰਡਰ (ਈਸਵੀ ਸੰਨ) ਨਾਲ ਮਿਲਾ ਕਿ ਗੁਰੂ ਰਾਮਦਾਸ ਜੀ ਦੀ ਗੁਰਿਆਈ, ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਸਮਾਉਣ, ਗੁਰੂ ਅਰਜੁਨ ਸਾਹਿਬ ਜੀ ਦੀ ਗੁਰਿਆਈ ਅਤੇ ਗੁਰੂ ਰਾਮਦਾਸ ਜੀ ਦਾ ਜੋਤੀਜੋਤ ਗੁਰਪਰਬ ਦਾ ਦਿਹਾੜਾ 2 ਅੱਸੂ ਹਮੇਸ਼ਾਂ ਲਈ 16 ਸਤੰਬਰ ਨੂੰ ਨਿਸਚਤ ਕਰ ਦਿੱਤਾ। ਜੂਲੀਅਨ ਕੈਲੰਡਰ ਵਿੱਚ 1782 ਵਿੱਚ ਕੀਤੀ 10 ਦਿਨਾਂ ਦੀ ਅਡਜਸਮੈਂਟ ਅਤੇ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਈਸਵੀ ਸੰਨ ਦੀ ਲੰਬਾਈ 1964 ਤੋਂ ਪਹਿਲਾਂ ਤਕਰੀਬਨ 24 ਮਿੰਟ ਅਤੇ 1964 ਵਿੱਚ ਹਿੰਦੂ ਵਿਦਵਾਨਾਂ ਵੱਲੋਂ ਕੀਤੀ ਸੋਧ ਉਪ੍ਰੰਤ ਤਕਰੀਬਨ 20 ਮਿੰਟ ਵੱਡਾ ਹੋਣ ਕਰਕੇ 4 ਕੁ ਦਿਨਾਂ ਦਾ ਹੋਰ ਫਰਕ ਪੈਣ ਕਰਕੇ 1574-81 ਵਿੱਚ ਆਉਣ ਵਾਲਾ 1 ਸਤੰਬਰ ਹੁਣ ਤਕਰੀਬਨ 16 ਸਤੰਬਰ ਹੀ ਬਣਦਾ ਹੈ। 2010 ਵਿੱਚ ਸੰਤ ਸਮਾਜ ਅਤੇ ਸ਼੍ਰੋਮਣੀ ਕਮੇਟੀ ਨੇ ਆਰਐੱਸਐੱਸ ਦੀ ਖੁਸ਼ੀ ਹਾਸਲ ਕਰਨ ਲਈ ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੇ ਆਰੰਭ ਦੀਆਂ ਮਿਤੀਆਂ ਤਾਂ ਬਿਕ੍ਰਮੀ ਕੈਲੰਡਰ ਦੀਆਂ ਸੰਗ੍ਰਾਂਦਾਂ ਨਾਲ ਮਿਲਾ ਦਿੱਤੀਆਂ ਪਰ ਕੁਝ ਗੁਰਪੁਰਬ ਪੁਰਾਣੀ ਮਰਿਆਦਾ ਅਨੁਸਾਰ ਸੁਦੀਆਂ ਵਦੀਆਂ ਦੇ ਹਿਸਾਬ ਨਿਸਚਤ ਕਰ ਦਿੱਤੀਆਂ ਅਤੇ ਕੁਝ ਦੀਆਂ ਤਰੀਖਾਂ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਅੰਗਰੇਜੀ ਮਹੀਨਿਆਂ ਦੀ ਰੱਖ ਕੇ ਕੈਲੰਡਰ ਨੂੰ ਇੱਕ ਤਰ੍ਹਾਂ ਮਿਲਗੋਭਾ ਬਣਾ ਦਿੱਤਾ। ਇਸ ਹਿਸਾਬ ਨਾਲ ਉਨ੍ਹਾਂ ਨੇ ਇਨ੍ਹਾਂ ਚਾਰੇ ਗੁਰਪੁਰਬਾਂ ਦੀ ਤਰੀਖ 16 ਸਤੰਬਰ ਨਿਸਚਤ ਕਰ ਲਈ। ਪਰ ਵਿਗਾੜੇ ਗਏ ਕੈਲੰਡਰ ਵਿੱਚ ਇਹ 16 ਸਤੰਬਰ 2011 ਵਿੱਚ 31 ਭਾਦੋਂ; 2012 ਵਿੱਚ 1 ਅੱਸੂ, 2013 ਵਿੱਚ 1 ਅੱਸੂ ਨੂੰ ਆਇਆ ਸੀ ਅਤੇ ਹੁਣ 2014 ਵਿੱਚ ਵੀ 1 ਅੱਸੂ ਨੂੰ ਆ ਰਿਹਾ ਹੈ। ਸੰਤ ਸਮਾਜ ਅਤੇ ਸ਼੍ਰੋਮਣੀ ਕਮੇਟੀ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਕਿ ਉਨ੍ਹਾਂ ਨੇ ਇਹ 16 ਸਤੰਬਰ ਦੀ ਤਰੀਖ ਕਿਹੜੇ ਇਤਿਹਾਸਕ ਹਵਾਲੇ ਤੋਂ ਲਈ ਹੈ ਅਤੇ ਨਾਨਕਸ਼ਾਹੀ ਕੈਲੰਡਰ; ਜਿਸ ਵਿੱਚ 16 ਸਤੰਬਰ ਹਮੇਸ਼ਾਂ ਹੀ ਇਤਿਹਾਸਕ ਦਿਨ 2 ਅੱਸੂ ਨੂੰ ਹੀ ਆਉਂਦੀ ਸੀ ਉਹ ਕਿਉਂ ਮਨਜੂਰ ਨਹੀਂ ਹੈ? ਇਹ ਸਵਾਲ ਸਾਰੇ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਅਤੇ ਸੰਤ ਸਮਾਜ ਤੋਂ ਪੁੱਛਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਇਤਿਹਾਸ ਨੂੰ ਸਾਂਭ ਸਕੀਏ।
ਕਿਰਪਾਲ ਸਿੰਘ ਬਠਿੰਡਾ
ਮੋਬ: 9855480797